WHO ਦੀ ਚੇਤਾਵਨੀ- ਤਿਆਰ ਰਹੋ, ਹੋ ਸਕਦਾ ਹੈ ਕੋਰੋਨਾ ਕਦੇ ਖ਼ਤਮ ਨਾ ਹੋਵੇ!
WHO ਨੇ ਸਪੱਸ਼ਟ ਕਿਹਾ ਹੈ ਕਿ ਹੋ ਸਕਦਾ ਹੈ ਕਿ ਕੋਵਿਡ-19...
ਨਵੀਂ ਦਿੱਲੀ: ਦੁਨੀਆ ਨੂੰ ਕੁੱਝ ਹੀ ਮਹੀਨਿਆਂ ਵਿਚ ਕੋਰੋਨਾ ਵੈਕਸੀਨ ਉਪਲੱਬਧ ਕਰਵਾਉਣ ਦੇ ਐਲਾਨ ਤੋਂ ਬਾਅਦ ਹੁਣ ਵਰਲਡ ਹੈਲਥ ਆਰਗੇਨਾਈਜੇਸ਼ਨ (WHO) ਨੇ ਦੁਨੀਆਭਰ ਦੇ ਦੇਸ਼ਾਂ ਲਈ ਚੇਤਾਵਨੀ ਜਾਰੀ ਕੀਤੀ ਹੈ ਕਿ ਉਹਨਾਂ ਨੂੰ ਅਜਿਹੀਆਂ ਸਥਿਤੀਆਂ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ ਜਿਹਨਾਂ ਵਿਚ ਇਹ ਵਾਇਰਸ ਕਦੇ ਖਤਮ ਨਹੀਂ ਹੋਵੇਗਾ।
WHO ਨੇ ਸਪੱਸ਼ਟ ਕਿਹਾ ਹੈ ਕਿ ਹੋ ਸਕਦਾ ਹੈ ਕਿ ਕੋਵਿਡ-19 (Covid-19) ਕਦੇ ਖ਼ਤਮ ਨਹੀਂ ਹੋਵੇਗਾ ਅਤੇ ਦੁਨੀਆ ਨੂੰ ਇਸ ਦੇ ਨਾਲ ਹੀ ਜੀਊਣ ਦੀ ਆਦਤ ਪਾਉਣੀ ਪਵੇਗੀ। WHO ਨੇ ਐਮਰਜੈਂਸੀ ਮਾਮਲਿਆਂ ਦੇ ਨਿਦੇਸ਼ਕ ਮਾਈਕਲ ਰਿਆਨ ਨੇ ਜੇਨੇਵਾ ਵਿਚ ਇਕ ਵਰਚੁਅਲ ਪ੍ਰੈਸ ਕਾਨਫਰੰਸ ਵਿਚ ਬੁੱਧਵਾਰ ਨੂੰ ਕਿਹਾ ਕਿ ਕੋਰੋਨਾ ਲੋਕਾਂ ਵਿਚ ਇੰਝ ਤਬਦੀਲ ਹੋ ਸਕਦਾ ਹੈ ਜੋ ਕਿ ਦੂਜੇ ਵਾਇਰਸ ਤੋਂ ਹਟ ਕੇ ਹੋਵੇ ਅਤੇ ਸੰਭਵ ਹੈ ਕਿ ਇਹ ਕਦੇ ਖਤਮ ਵੀ ਨਾ ਹੋਵੇ।
ਉਹਨਾਂ ਨੇ ਐਚਆਈਵੀ (HIV) ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਇਹ ਵਾਇਰਸ ਵੀ ਖ਼ਤਮ ਨਹੀਂ ਹੋਇਆ ਹੈ। ਮਾਈਕਲ ਰਿਆਨ ਮੁਤਾਬਕ ਵੈਕਸੀਨ ਦੇ ਬਿਨਾਂ ਆਮ ਲੋਕਾਂ ਨੂੰ ਇਸ ਬਿਮਾਰੀ ਨੂੰ ਲੈ ਕੇ ਇਮਿਊਨਿਟੀ ਦਾ ਉਪਯੁਕਤ ਪੱਧਰ ਹਾਸਿਲ ਕਰਨ ਵਿਚ ਸਾਲਾਂ ਲਗ ਜਾਂਦੇ ਹਨ।
ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਦੇ ਮੁੱਖੀ ਟੇਡਰਾਸ ਐਡਹਨਾਮ ਗਿਬ੍ਰਇਸਾਸ ਨੇ ਕਿਹਾ ਸੀ ਕਿ ਵੈਕਸੀਨ ਬਣਾਉਣ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ ਅਤੇ ਘਟ ਤੋਂ ਘਟ 100 ਵੈਕਸੀਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਨਾਂ ਵਿਚ 7 ਤੋਂ 8 ਅਜਿਹੀਆਂ ਹਨ ਜੋ ਕਿ ਮੰਜ਼ਿਲ ਦੇ ਕਾਫੀ ਨੇੜੇ ਹਨ। ਦਸ ਦਈਏ ਕਿ ਸਿਰਫ WHO ਹੀ ਨਹੀਂ ਦੁਨੀਆਭਰ ਦੇ ਐਕਸਪਰਟ ਖ਼ਦਸ਼ਾ ਜਤਾ ਰਹੇ ਹਨ ਕਿ ਅਜਿਹੀ ਕੋਈ ਵੈਕਸੀਨ ਕਦੇ ਤਿਆਰ ਨਹੀਂ ਹੋ ਸਕੇਗੀ।
ਦੁਨੀਆਭਰ ਦੇ ਦੇਸ਼ਾਂ ਨੇ ਲਾਕਡਾਊਨ ਵਿਚ ਢਿੱਲ ਦੇਣਾ ਸ਼ੁਰੂ ਕਰ ਦਿੱਤਾ ਹੈ ਜਿਸ ਤੋਂ ਬਾਅਦ ਟੇਡਰਾਸ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਵਾਇਰਸ ਦੀ ਰਫ਼ਤਾਰ ਕਾਫ਼ੀ ਵਧ ਸਕਦੀ ਹੈ। ਟੇਡਰਾਸ ਨੇ ਕਿਹਾ ਕਿ ਕਈ ਦੇਸ਼ ਮੌਜੂਦਾ ਲਾਕਡਾਊਨ ਸਥਿਤੀ ਤੋਂ ਬਾਹਰ ਨਿਕਲਣ ਲਈ ਵੱਖ-ਵੱਖ ਤਰੀਕੇ ਅਪਣਾ ਰਹੇ ਹਨ। ਪਰ ਵਿਸ਼ਵ ਸਿਹਤ ਸੰਗਠਨ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਅਲਰਟ ਰਹਿਣ ਦੀ ਸਲਾਹ ਦੇ ਰਿਹਾ ਹੈ।
ਹਰ ਦੇਸ਼ ਨੂੰ ਹੁਣ ਵੀ ਸਭ ਤੋਂ ਵੱਡੇ ਅਲਰਟ ਤੇ ਰਹਿਣ ਦੀ ਜ਼ਰੂਰਤ ਹੈ। ਰਿਆਨ ਨੇ ਕਿਹਾ ਕਿ ਹੁਣ ਮਨੁੱਖੀ ਜੀਵਨ ਆਮ ਹੋਣ ਵਿਚ ਕਾਫੀ ਲੰਬਾ ਸਮਾਂ ਲਗੇਗਾ। ਉਹਨਾਂ ਅੱਗੇ ਕਿਹਾ ਕਿ ਇਹ ਕੋਈ ਨਹੀਂ ਦਸ ਸਕਦਾ ਇਹ ਵਾਇਰਸ ਕਦੋਂ ਖਤਮ ਹੋਵੇਗਾ। ਇਸ ਨੂੰ ਲੈ ਕੇ ਕੋਈ ਠੋਸ ਸਬੂਤ ਜਾਂ ਬਿਆਨ ਜਾਰੀ ਨਹੀਂ ਕੀਤਾ ਜਾ ਸਕਦਾ।
ਉਹਨਾਂ ਕਿਹਾ ਕਿ ਜੇ ਕੋਵਿਡ-19 ਦੀ ਵੈਕਸੀਨ ਤਿਆਰ ਹੋ ਵੀ ਜਾਂਦੀ ਹੈ ਤਾਂ ਉਸ ਨੂੰ ਦੁਨੀਆਭਰ ਵਿਚ ਟੈਸਟ ਕਰਨਾ ਪਵੇਗਾ ਅਤੇ ਕੋਰੋਨਾ ਵਾਇਰਸ ਤੇ ਕੰਟਰੋਲ ਕਰਨ ਲਈ ਬਹੁਤ ਵੱਡੇ ਯਤਨਾਂ ਦੀ ਜ਼ਰੂਰਤ ਆਉਣ ਵਾਲੇ ਦਿਨਾਂ ਵਿਚ ਵੀ ਪਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।