ਭਾਰਤ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਕਣਕ ਦੀ ਬਰਾਮਦ 'ਤੇ ਲਗਾਈ ਪਾਬੰਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਸਰਕਾਰ ਦੀ ਇਜਾਜ਼ਤ 'ਤੇ ਕੁਝ ਸ਼ਰਤਾਂ ਨਾਲ ਨਿਰਯਾਤ ਜਾਰੀ ਰਹੇਗਾ

India restricts export of wheat

 

ਨਵੀਂ ਦਿੱਲੀ: ਭਾਰਤ ਨੇ ਤੁਰੰਤ ਪ੍ਰਭਾਵ ਨਾਲ ਕਣਕ ਦੀ ਬਰਾਮਦ 'ਤੇ ਪਾਬੰਦੀ ਲਗਾ ਦਿੱਤੀ ਹੈ। ਅਧਿਕਾਰਤ ਨੋਟੀਫਿਕੇਸ਼ਨ ਮੁਤਾਬਕ ਭਾਰਤ ਨੇ ਇਹ ਫੈਸਲਾ ਵਧਦੀਆਂ ਘਰੇਲੂ ਕੀਮਤਾਂ ਨੂੰ ਕੰਟਰੋਲ ਕਰਨ ਲਈ ਲਿਆ ਹੈ। ਡੀਜੀਐਫਟੀ ਨੇ ਕਿਹਾ, “ਕਣਕ ਦੀ ਨਿਰਯਾਤ ਨੀਤੀ ’ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾਈ ਗਈ ਹੈ…”। ਇਹ ਵੀ ਸਪੱਸ਼ਟ ਕੀਤਾ ਗਿਆ ਕਿ ਭਾਰਤ ਸਰਕਾਰ ਵੱਲੋਂ ਦੂਜੇ ਦੇਸ਼ਾਂ ਨੂੰ ਉਹਨਾਂ ਦੀਆਂ ਖੁਰਾਕ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਤੇ ਉਹਨਾਂ ਦੀਆਂ ਸਰਕਾਰਾਂ ਦੀ ਬੇਨਤੀ ਦੇ ਅਧਾਰ 'ਤੇ ਕਣਕ ਦੀ ਬਰਾਮਦ ਦੀ ਆਗਿਆ ਦਿੱਤੀ ਜਾਵੇਗੀ।

wheat

ਹਾਲਾਂਕਿ ਇਹ ਆਦੇਸ਼ ਪਹਿਲਾਂ ਤੋਂ ਹੋਏ ਇਕਰਾਰਨਾਮੇ ਵਾਲੇ ਨਿਰਯਾਤ 'ਤੇ ਲਾਗੂ ਨਹੀਂ ਹੋਵੇਗਾ। ਇਸ ਤੋਂ ਇਲਾਵਾ ਭਾਰਤ ਸਰਕਾਰ ਦੀ ਇਜਾਜ਼ਤ 'ਤੇ ਕੁਝ ਸ਼ਰਤਾਂ ਨਾਲ ਨਿਰਯਾਤ ਜਾਰੀ ਰਹੇਗਾ। ਇਕ ਹੋਰ ਨੋਟੀਫਿਕੇਸ਼ਨ ਵਿਚ ਡੀਜੀਐਫਟੀ ਨੇ ਪਿਆਜ਼ ਦੇ ਬੀਜਾਂ ਲਈ ਨਿਰਯਾਤ ਦੀਆਂ ਸ਼ਰਤਾਂ ਨੂੰ ਸੌਖਾ ਕਰਨ ਦਾ ਐਲਾਨ ਕੀਤਾ। ਦੇਸ਼ ਭਰ 'ਚ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਪਿਛਲੇ ਲੰਬੇ ਸਮੇਂ ਤੋਂ ਤੇਜ਼ੀ ਨਾਲ ਵਧ ਰਹੀਆਂ ਹਨ। ਜਿਸ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵੀ ਵੱਧ ਰਹੀਆਂ ਹਨ। ਖਾਣ ਵਾਲੇ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ ਉੱਥੇ ਹੀ ਕਣਕ ਦੇ ਆਟੇ ਦੀ ਕੀਮਤ ਵੀ ਵਧ ਗਈ ਹੈ।

Wheat

ਜਾਣਕਾਰੀ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਆਟੇ ਦੀਆਂ ਕੀਮਤਾਂ ਵਿਚ ਕਰੀਬ 13 ਫੀਸਦੀ ਦਾ ਵਾਧਾ ਹੋਇਆ ਹੈ। ਹੁਣ ਪ੍ਰਚੂਨ ਬਾਜ਼ਾਰ ਵਿਚ ਆਟੇ ਦੀ ਵੱਧ ਤੋਂ ਵੱਧ ਕੀਮਤ 59 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਸੋਮਵਾਰ ਨੂੰ ਪ੍ਰਚੂਨ ਬਾਜ਼ਾਰਾਂ 'ਚ ਕਣਕ ਦੇ ਆਟੇ ਦੀ ਔਸਤ ਕੀਮਤ 32.91 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਲਗਭਗ 13 ਫੀਸਦੀ ਜ਼ਿਆਦਾ ਹੈ। ਸਰਕਾਰੀ ਅੰਕੜਿਆਂ ਵਿਚ ਇਹ ਗੱਲ ਕਹੀ ਗਈ ਹੈ। ਦੱਸ ਦੇਈਏ ਕਿ ਭਾਰਤ ਦੁਨੀਆ ਵਿਚ ਕਣਕ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ। ਸਰਕਾਰ ਨੇ ਕਿਹਾ ਹੈ ਕਿ ਕਣਕ ਦੀ ਬਰਾਮਦ ਦੀ ਮਨਜ਼ੂਰੀ ਪਹਿਲਾਂ ਹੀ ਜਾਰੀ ਕੀਤੇ ਗਏ ਲੈਟਰ ਆਫ ਕਰੈਡਿਟ ਦੇ ਤਹਿਤ ਦਿੱਤੀ ਜਾਵੇਗੀ।