ਜੰਮੂ-ਕਸ਼ਮੀਰ : ਲਾਪਤਾ ਜਵਾਨ ਵਿਰੁਧ ਐਫ.ਆਈ.ਆਰ. ਦਰਜ, ਆਪਰੇਸ਼ਨ ਸੰਧੂਰ ਬਾਰੇ ਜਾਰੀ ਕੀਤਾ ਸੀ ਵਿਵਾਦਿ ਵੀਡੀਉ
ਕਈ ਮਹੀਨੇ ਮਗਰੋਂ ਵੀਡੀਉ ਜਾਰੀ ਕਰ ਕੇ ਪਹਿਲਗਾਮ ਹਮਲੇ ਨੂੰ ਦਸਿਆ ‘ਆਪਣਿਆਂ ਵਲੋਂ’ ਕੀਤਾ ਕੰਮ
ਸ੍ਰੀਨਗਰ : ਸੋਸ਼ਲ ਮੀਡੀਆ ’ਤੇ ਇਕ ਵੀਡੀਉ ਸਾਹਮਣੇ ਆਉਣ ਤੋਂ ਬਾਅਦ ਇਕ ਲਾਪਤਾ ਜਵਾਨ ਵਿਰੁਧ ਬੁਧਵਾਰ ਨੂੰ ਐਫ.ਆਈ.ਆਰ ਦਰਜ ਕੀਤੀ ਗਈ। ਵੀਡੀਉ ’ਚ ਉਸ ਨੇ ਦਾਅਵਾ ਕੀਤਾ ਸੀ ਕਿ ਪਹਿਲਗਾਮ ਅਤਿਵਾਦੀ ਹਮਲਾ ‘ਅਪਣਿਆਂ ਵਲੋਂ ਕੀਤਾ’ ਕੰਮ ਸੀ।
ਪੁਲਿਸ ਮੁਤਾਬਕ ਜਵਾਨ ਦਲਹੇਰ ਮੁਸ਼ਤਾਕ ਸੋਫੀ 29 ਕੌਮੀ ਰਾਈਫਲਜ਼ ਦਾ ਸਿਪਾਹੀ ਹੈ ਅਤੇ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਇਲਾਕੇ ਦਾ ਰਹਿਣ ਵਾਲਾ ਹੈ। ਪੁਲਿਸ ਅਧਿਕਾਰੀ ਨੇ ਕਿਹਾ, ‘‘ਗੁੰਮਸ਼ੁਦਗੀ ਦੀ ਰੀਪੋਰਟ ... 11 ਮਾਰਚ ਨੂੰ ਦਰਜ ਕੀਤੀ ਗਈ ਸੀ। ਸੋਸ਼ਲ ਮੀਡੀਆ ’ਤੇ ਉਸ ਦਾ ਵੀਡੀਉ ਸਾਹਮਣੇ ਆਉਣ ਤੋਂ ਬਾਅਦ ਇਸ ਨੂੰ ਐਫ.ਆਈ.ਆਰ. ’ਚ ਬਦਲ ਦਿਤਾ ਗਿਆ ਹੈ।’’
ਵੀਡੀਉ ’ਚ ਸੋਫੀ ਨੇ ਦਾਅਵਾ ਕੀਤਾ ਹੈ ਕਿ ਉਹ ਹਰ ਚੀਜ਼ ਤੋਂ ਜਾਣੂ ਹੈ ਕਿ ਕਿਵੇਂ ਫਰਜ਼ੀ ਮੁਕਾਬਲੇ ਕੀਤੇ ਜਾ ਰਹੇ ਹਨ। ਉਸ ਨੇ ਕਿਹਾ, ‘‘ਪਹਿਲਗਾਮ ਹਮਲੇ ’ਚ ਭਾਰਤ ਸਰਕਾਰ, ਰਾਅ, ਆਈ.ਬੀ. ਅਤੇ ਫੌਜ ਸ਼ਾਮਲ ਸਨ। ਮੈਂ ਚੁੱਪ ਰਹਿਣਾ ਚਾਹੁੰਦਾ ਸੀ, ਪਰ ਮੇਰੀ ਜ਼ਮੀਰ ਮੈਨੂੰ ਹੁਣ ਚੁੱਪ ਰਹਿਣ ਦੀ ਇਜਾਜ਼ਤ ਨਹੀਂ ਦਿੰਦੀ।’’ ਸਿਪਾਹੀ ਨੇ ਇਹ ਵੀ ਜ਼ਿਕਰ ਕੀਤਾ ਕਿ ਉਸ ਦੇ ਮਾਪਿਆਂ ਨੇ ਉਸ ਨੂੰ ਹਥਿਆਰਬੰਦ ਬਲਾਂ ’ਚ ਸ਼ਾਮਲ ਕਰਵਾ ਕੇ ਗਲਤੀ ਕੀਤੀ ਸੀ।
ਪੁਲਿਸ ਅਧਿਕਾਰੀ ਨੇ ਦਸਿਆ ਕਿ ਸੋਫੀ ਦੇ ਪਿਤਾ ਅਤੇ ਚਾਚੇ ਵਲੋਂ ਤਸਦੀਕ ਕੀਤੇ ਗਏ ਵੀਡੀਉ ਤੋਂ ਬਾਅਦ ਗਾਂਦਰਬਲ ਥਾਣੇ ’ਚ ਧਾਰਾ 197 (ਡੀ), 152 ਬੀ.ਐਨ.ਐਸ. ਤਹਿਤ ਐਫ.ਆਈ.ਆਰ. ਨੰਬਰ 75/2025 ਦਰਜ ਕੀਤੀ ਗਈ।
ਪੁਲਿਸ ਅਧਿਕਾਰੀ ਨੇ ਦਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਸਿਪਾਹੀ ਆਨਲਾਈਨ ਜੂਆ ਖੇਡਣ ’ਚ ਸ਼ਾਮਲ ਸੀ ਅਤੇ ਉਸ ’ਤੇ 10 ਲੱਖ ਰੁਪਏ ਤੋਂ ਵੱਧ ਦਾ ਕਰਜ਼ਾ ਸੀ। ਅਧਿਕਾਰੀ ਨੇ ਦਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ।