ਸਖ਼ਤ ਮਿਹਨਤ ਨਾਲ ਜੁਲਾਹਿਆਂ ਦੇ ਬੱਚੇ ਬਣੇ ਇੰਜੀਨੀਅਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਿਹਨਤ ਕਿਵੇਂ ਰੰਗ ਲਿਆਉਂਦੀ ਹੈ, ਜੇ ਇਹ ਵੇਖਣਾ ਹੋਵੇ ਤਾਂ ਦੇਸ਼ ਦੇ ਨੌਜਵਾਨਾਂ ਨੂੰ ਬਿਹਾਰ ਦੇ ਛੋਟੇ ਜਿਹੇ ਪਿੰਡ ਪਟਵਾ ਟੋਲੀ

Students of zuleyha

ਗਯਾ, : ਮਿਹਨਤ ਕਿਵੇਂ ਰੰਗ ਲਿਆਉਂਦੀ ਹੈ, ਜੇ ਇਹ ਵੇਖਣਾ ਹੋਵੇ ਤਾਂ ਦੇਸ਼ ਦੇ ਨੌਜਵਾਨਾਂ ਨੂੰ ਬਿਹਾਰ ਦੇ ਛੋਟੇ ਜਿਹੇ ਪਿੰਡ ਪਟਵਾ ਟੋਲੀ ਦਾ ਗੇੜਾ ਮਾਰਨਾ ਚਾਹੀਦਾ ਹੈ ਜਿਥੋਂ ਦੇ ਨੌਜਵਾਨਾਂ ਨੇ ਗ਼ਰੀਬੀ ਨਾਲ ਲੜਦਿਆਂ ਅਪਣੇ ਆਪ ਨੂੰ ਇੰਜੀਨੀਅਰ ਬਣਾਇਆ ਤੇ ਸੌਖੇ ਪਰਵਾਰਾਂ ਦੇ ਨੌਜਵਾਨਾਂ ਲਈ ਮਿਸਾਲ ਪੈਦਾ ਕੀਤੀ ਕਿ ਮਿਹਨਤ ਦੇ ਦਮ 'ਤੇ ਕੁੱਝ ਵੀ ਕੀਤਾ ਜਾ ਸਕਦਾ ਹੈ।

ਪਿਛਲੇ ਦਿਨੀਂ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲਜੀ (ਆਈਆਈਟੀ), ਕਾਨਪੁਰ ਨੇ ਜੁਆਇੰਟ ਐਂਟਰੈਂਸ ਟੈਸਟ (ਜੇਈਈ) ਪ੍ਰੀਖਿਆ 2018 ਦੇ ਨਤੀਜਿਆਂ ਦਾ ਐਲਾਨ ਕੀਤਾ ਜਿਸ ਸਦਕਾ ਬਿਹਾਰ  ਦਾ ਇਹ ਛੋਟਾ ਜਿਹਾ ਪਿੰਡ ਸੁਰਖੀਆਂ ਵਿਚ ਆ ਗਿਆ। ਕਿਸੇ ਵੇਲੇ ਇਸ ਪਿੰਡ ਦੇ ਨੌਜਵਾਨਾਂ ਨੂੰ ਬਿਹਾਰ ਸਿਵਲ ਸੇਵਾਵਾਂ ਨਾਲ ਜ਼ਿਆਦਾ ਹੇਜ ਸੀ ਪਰ ਫਿਰ ਕੁੱਝ ਕੁ ਨੇ ਉਸ ਸੋਚ ਨੂੰ ਬਦਲਦਿਆਂ ਆਈਆਈਟੀ ਵਲ ਹੱਥ ਵਧਾਉਣਾ ਸ਼ੁਰੂ ਕੀਤਾ ਤੇ ਅਪਣੀ ਮਿਹਨਤ ਦੇ ਦਮ 'ਤੇ ਗ਼ਰੀਬੀ ਨਾਲ ਲੜਦਿਆਂ ਉਹ ਮੁਕਾਮ ਹਾਸਲ ਕਰ ਲਿਆ ਜਿਸ ਨੂੰ ਸੁਖੀ ਪਰਵਾਰਾਂ ਦੇ ਧੀਆਂ-ਪੁੱਤਰ ਵੀ ਹਾਸਲ ਨਹੀਂ ਕਰ ਸਕਦੇ।

ਦਰਅਸਲ ਇਸ ਪਿੰਡ ਦਾ ਪਿਛੋਕੜ ਮਾਉਵਾਦੀ ਅੰਦੋਲਨ ਨਾਲ ਜੁੜਿਆ ਹੋਣ ਕਰ ਕੇ ਪਟਵਾ ਟੋਲੀ ਗ਼ਰੀਬੀ ਦੀ ਮਾਰ ਹੇਠਾਂ ਆਇਆ ਹੋਇਆ ਸੀ।  ਗਯਾ ਜ਼ਿਲ੍ਹੇ ਵਿਚ ਵਸੇ ਇਸ ਪਿੰਡ ਦੇ ਲੋਕਾਂ ਦਾ ਮੂਲ ਧੰਦਾ ਰੰਗੀਨ ਕੱਪੜੇ ਬੁਣਨਾ ਹੈ ਅਤੇ ਹੁਣ ਨਵੀਂ ਪੀੜ੍ਹੀ ਨੇ ਇੰਜੀਨੀਅਰਾਂ ਦੀ ਜਮਾਤ ਵਿਚ ਪੈਰ ਰੱਖ ਕੇ ਨਵਾਂ ਇਤਿਹਾਸ ਸਿਰਜ ਦਿਤਾ ਹੈ। ਮੰਦੀ ਤੋਂ ਬਾਅਦ 1990 ਦੇ ਦਹਾਕੇ ਵਿਚ ਜਦੋਂ ਖੱਡੀ ਖੇਤਰ ਵਿਚ ਮੰਦੀ ਛਾ ਗਈ ਤਾਂ ਪਟਵਾ ਦੇ ਬਾਜ਼ਾਰ 'ਤੇ ਵੀ ਇਸ ਦਾ ਕਾਫ਼ੀ ਮਾੜਾ ਅਸਰ ਪਿਆ ਅਤੇ ਇਥੋਂ ਦੇ ਬੁਣਕਰਾਂ ਨੂੰ ਹੋਰ ਕੰਮ ਲੱਭਣ ਲਈ ਮਜਬੂਰ ਹੋਣਾ ਪਿਆ।

ਉਨ੍ਹਾਂ ਨੇ ਅਪਣੇ ਪੁਰਖਿਆਂ ਦਾ ਧੰਦਾ ਛੱਡ ਕੇ ਨੇ ਰਿਕਸ਼ਾ ਖਿੱਚਣ, ਸਬਜ਼ੀ ਵੇਚਣ ਦਾ ਕੰਮ ਅਤੇ ਮਜ਼ਦੂਰੀ ਵਰਗੇ ਕੰਮ ਕਰਨੇ ਸ਼ੁਰੂ ਕਰ ਦਿਤੇ। ਇਹ ਮਾੜਾ ਦੌਰ ਉਨ੍ਹਾਂ ਦੇ ਬੱਚਿਆਂ ਨੇ ਵੀ ਵੇਖਿਆ ਜਦੋਂ ਉਨ੍ਹਾਂ ਦੇ ਮਾਪੇ ਪਸੀਨੇ ਨਾਲ ਲੱਥਪਥ ਹੋ ਕੇ ਘਰ ਆਉਂਦੇ ਤੇ ਰਾਤ ਭਰ ਅਗਲੇ ਦਿਨ ਦੀ ਰੋਜ਼ੀ ਲਈ ਸੋਚਦੇ ਰਹਿੰਦੇ। ਇਸ ਹਾਲਾਤ ਨੂੰ ਵੇਖਦਿਆਂ ਉਨ੍ਹਾਂ ਦੇ ਬੱਚਿਆਂ ਵਿਚ ਕੁੱਝ ਬਣਨ ਦੀ ਲਾਲਸਾ ਪੈਦਾ ਹੋਈ ਤੇ ਇਸੇ ਲਾਲਸਾ ਨੇ ਉਨ੍ਹਾਂ ਨੂੰ ਇੰਜਨੀਅਰਿੰਗ ਖੇਤਰ ਵਿਚ ਕਿਸਮਤ ਅਜਮਾਉਣ ਦਾ ਮੌਕਾ ਦਿਤਾ ਜਿਥੋਂ ਉਨ੍ਹਾਂ ਖ਼ੂਬ ਸਫ਼ਲਤਾ ਵੀ ਮਿਲੀ। 

ਇਸ ਪਿੰਡ ਦੀ ਇੰਜੀਨੀਅਰਿੰਗ ਵਿਰਾਸਤ ਉਸ ਵੇਲੇ ਸ਼ੁਰੂ ਹੋਈ ਜਦੋਂ 1991 ਵਿਚ ਜਤਿੰਦਰ ਪ੍ਰਸਾਦ ਨੇ ਆਈਆਈ ਟੀ ਦੀ ਨਾਮੀ ਪ੍ਰੀਖਿਆ ਪਾਸ ਕੀਤੀ। ਉਸ ਦੀ ਇਸ ਸਫ਼ਲਤਾ ਨੇ ਹੋਰ ਬੱਚਿਆਂ ਨੂੰ ਪ੍ਰਭਾਵਿਤ ਕੀਤਾ। ਜਤਿੰਦਰ ਦੀ ਸਫ਼ਲਤਾ ਤੋਂ ਬਾਅਦ ਪਿੰਡ ਦੇ 1500 ਪਰਵਾਰਾਂ ਨੇ ਫ਼ੈਸਲਾ ਕੀਤਾ ਕਿ ਉਨ੍ਹਾਂ ਦੇ ਬੱਚੇ ਹੁਣ ਵੀ ਆਈਆਈਟੀ ਪਾਸ ਕਰ ਕੇ ਇੰਜਨੀਅਰ ਹੀ ਬਣਨਗੇ। 

ਭਾਵੇਂ ਵਿਦਿਆਰਥੀਆਂ ਨੇ ਇੰਜੀਨੀਅਰ ਬਣਨ ਦਾ ਟੀਚਾ ਮਿੱਥ ਲਿਆ ਸੀ ਪਰ ਹਿੰਦੀ ਬਹੁਤਾਤ ਵਾਲੇ ਖੇਤਰ ਹੋਣ ਕਾਰਨ ਉਨ੍ਹਾਂ ਦੇ ਰਾਹ ਦਾ ਰੋੜਾ ਅੰਗਰੇਜ਼ੀ ਬਣਨ ਲੱਗੀ। ਆਖ਼ਰ ਪਿੰਡ ਵਾਲਿਆਂ ਨੇ ਹੰਭਲਾ ਮਾਰਿਆ ਤੇ ਇਸ ਦਾ ਵੀ ਹੱਲ ਕੱਢ ਲਿਆ ਗਿਆ ਤੇ ਨਤੀਜਾ ਇਹ ਹੋਇਆ ਕਿ ਸਾਲ 1998 ਵਿਚ ਤਿੰਨ ਨੇ ਅਤੇ 1999 ਵਿਚ 7 ਵਿਦਿਆਰਥੀਆਂ ਨੇ ਆਈਆਈਟੀ ਦਾ ਟੈਸਟ ਪਾਸ ਕੀਤਾ।  ਪਿਛਲੇ 15 ਸਾਲਾਂ ਦੇ ਰਿਕਾਰਡ ਤੋਂ ਪਤਾ ਚਲਦਾ ਹੈ ਕਿ ਪਟਵਾ ਟੋਲੀ ਦੇ 200 ਤੋਂ ਜ਼ਿਆਦਾ ਵਿਦਿਆਰਥੀ ਜਾਂ ਤਾਂ ਇੰਜੀਨੀਅਰ ਬਣ ਗਏ ਹਨ ਤੇ ਜਾਂ ਫਿਰ ਇੰਜੀਨੀਰਿੰਗ  ਦੀ ਪੜ੍ਹਾਈ ਕਰ ਰਹੇ ਹਨ।

ਹੁਣ ਇਹ ਪਿੰਡ ਪੂਰੀ ਤਰ੍ਹਾਂ ਇੰਜਨੀਅਰਾਂ ਦਾ ਪਿੰਡ ਬਣ ਗਿਆ ਹੈ। 2016 ਵਿਚ 11 ਸਫਲ ਆਈਆਈਟੀ ਉਮੀਦਵਾਰ ਸਨ ਅਤੇ 2015 ਵਿਚ 12 ਸਨ।   ਇਸ ਸਾਲ ਵੀ ਪੰਜ ਵਿਦਿਆਰਥੀ ਹਨ ਜਿਨ੍ਹਾਂ ਨੇ ਆਈਆਈਟੀ ਟੈਸਟ ਪਾਸ ਕੀਤਾ ਹੈ।