ਇਲਾਜ ਲਈ ਨਹੀਂ ਸਨ ਪੈਸੇ ; 7 ਮਹੀਨੇ ਦੀ ਬੱਚੀ ਨੂੰ ਮਾਂ ਨੇ ਕੁੱਟ-ਕੁੱਟ ਕੇ ਮਾਰਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੱਚੀ ਦੀ ਮੌਤ ਤੋਂ ਬਾਅਦ ਕਈ ਘੰਟੇ ਤਕ ਆਪਣੀ ਛਾਤੀ ਨਾਲ ਲਗਾ ਕੇ ਬੈਠੀ ਰਹੀ ਮਾਂ

7 month old girl child killed by her mother

ਖੰਡਵਾ : ਕੀ ਕੋਈ ਮਾਂ ਇੰਨੀ ਜ਼ਾਲਮ ਹੋ ਸਕਦੀ ਹੈ ਕਿ ਆਪਣੀ ਹੀ ਬੱਚੀ ਨੂੰ ਇੰਝ ਮਾਰੇ ਕਿ ਉਸ ਦੀ ਮੌਤ ਹੋ ਜਾਵੇ? ਮੱਧ ਪ੍ਰਦੇਸ਼ ਦੇ ਖੰਡਵਾ 'ਚ ਅਜਿਹਾ ਹੀ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਮਾਂ ਨੇ ਆਪਣੀ 7 ਮਹੀਨੇ ਦੀ ਬੱਚੀ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਇਹੀ ਨਹੀਂ, ਬੱਚੀ ਨੂੰ ਮਾਰਨ ਤੋਂ ਬਾਅਦ ਕਈ ਘੰਟੇ ਤਕ ਇਹ ਔਰਤ ਉਸ ਬੱਚੀ ਨੂੰ ਆਪਣੀ ਛਾਤੀ ਨਾਲ ਲਗਾ ਕੇ ਬੈਠੀ ਰਹੀ।

ਘਟਨਾ ਮੱਧ ਪ੍ਰਦੇਸ਼ ਦੇ ਖੰਡਵਾ ਇਲਾਕੇ ਦੇ ਪਿੰਡ ਅਹਿਮਪੁਰ ਖੈਗਾਓਂ ਦੀ ਹੈ। ਔਰਤ ਦਾ ਨਾਂ ਮਾਯਾ ਡਾਂਗੋਰੇ ਹੈ। ਮਜ਼ਦੂਰੀ ਕਰ ਕੇ ਆਪਣਾ ਗੁਜ਼ਾਰਾ ਚਲਾ ਰਹੇ ਪਰਿਵਾਰ ਦੇ ਘਰ 'ਚ 6 ਸਾਲ ਪਹਿਲਾਂ ਇਕ ਲੜਕੀ ਹੋਈ ਸੀ। ਕਿਸੇ ਤਰ੍ਹਾਂ ਪਰਵਾਰ ਦਾ ਰੋਟੀ-ਟੁੱਕ ਦਾ ਪ੍ਰਬੰਧ ਹੋ ਰਿਹਾ ਸੀ। ਇਸ ਦੌਰਾਨ 7 ਮਹੀਨੇ ਪਹਿਲਾਂ ਮਾਯਾ ਨੂੰ ਦੂਜੀ ਬੇਟੀ ਹੋਈ ਸੀ। ਬੱਚੀ ਲਗਾਤਾਰ ਬੀਮਾਰ ਚੱਲ ਰਹੀ ਸੀ। ਕਈ ਵਾਰ ਡਾਕਟਰਾਂ ਨੂੰ ਵਿਖਾਉਣ ਤੋਂ ਬਾਅਦ ਵੀ ਬੱਚੀ ਠੀਕ ਨਹੀਂ ਹੋ ਰਹੀ ਸੀ।

ਔਰਤ ਕੋਲ ਬੱਚੀ ਦੇ ਇਲਾਜ ਲਈ ਪੈਸੇ ਨਹੀਂ ਸਨ। ਦੋਸ਼ ਹੈ ਕਿ ਔਰਤ ਨੇ ਗਰ਼ੀਬੀ ਅਤੇ ਆਰਥਕ ਤੰਗੀ ਤੋਂ ਪ੍ਰੇਸ਼ਾਨ ਹੋਣ ਕਾਰਨ 7 ਮਹੀਨੇ ਦੀ ਬੱਚੀ ਨੂੰ ਇੰਨੀ ਤੇਜ਼ੀ ਨਾਲ ਮਾਰਿਆ ਕਿ ਉਸ ਦੀ ਮੌਤ ਹੋ ਗਈ। ਬੱਚੀ ਨੂੰ ਮਾਰਨ ਤੋਂ ਬਾਅਦ ਮਾਯਾ ਉਸ ਨੂੰ ਆਪਣੀ ਛਾਤੀ ਨਾਲ ਲਗਾ ਕੇ ਚੁੱਪਚਾਪ ਬੈਠੀ ਰਹੀ। ਦੱਸਿਆ ਜਾ ਰਿਹਾ ਹੈ ਕਿ ਲੜਕਾ ਪੈਦਾ ਹੋਣ ਦੀ ਉਮੀਦ 'ਚ ਜਦੋਂ ਉਨ੍ਹਾਂ ਦੇ ਦੂਜੀ ਲੜਕੀ ਪੈਦਾ ਹੋਈ ਤਾਂ ਮਾਯਾ ਅਤੇ ਉਸ ਦੇ ਪਤੀ ਵਿਚਕਾਰ ਝਗੜਾ ਹੁੰਦਾ ਰਹਿੰਦਾ ਸੀ।

ਕੁਝ ਦਿਨ ਪਹਿਲਾਂ ਵੀ ਮਾਯਾ ਦੇ ਪਤੀ ਨੇ ਉਸ ਦੀ ਮਾਰਕੁੱਟ ਕੀਤੀ ਸੀ ਅਤੇ ਬਾਅਦ 'ਚ ਉਹ ਘਰ ਛੱਡ ਕੇ ਚਲਿਆ ਗਿਆ ਸੀ। ਪਤੀ ਦੇ ਜਾਣ ਤੋਂ ਬਾਅਦ ਮਾਯਾ ਖ਼ੁਦ ਮਜ਼ਦੂਰੀ ਕਰ ਕੇ ਆਪਣਾ ਘਰ ਚਲਾ ਰਹੀ ਸੀ। ਬੀਤੇ ਦਿਨ ਬੱਚੀ ਬਹੁਤ ਜ਼ਿਆਦਾ ਰੋ ਰਹੀ ਸੀ। ਉਦੋਂ ਮਾਯਾ ਨੇ ਉਸ ਨੂੰ ਮਾਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।