ਕਸ਼ਮੀਰ ਭੂਚਾਲ : ਜੰਮੂ ਖੇਤਰ 'ਚ ਭੂਚਾਲ ਦੇ ਚਾਰ ਝਟਕੇ ਕੀਤੇ ਗਏ ਮਹਿਸੂਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਲਗਾਤਾਰ ਆ ਰਹੇ ਭੂਚਾਲ ਕਾਰਨ ਨਾਗਰਿਕਾਂ ਵਿਚ ਦਹਿਸ਼ਤ ਫੈਲ ਗਈ

photo

 

ਜੰਮੂ : ਜੰਮੂ ਵਿਚ ਮੰਗਲਵਾਰ ਦੇਰ ਰਾਤ ਅਤੇ ਬੁੱਧਵਾਰ ਸਵੇਰੇ ਭੂਚਾਲ ਦੇ ਕੁੱਲ ਚਾਰ ਝਟਕੇ ਮਹਿਸੂਸ ਕੀਤੇ ਗਏ। ਲਗਾਤਾਰ ਆ ਰਹੇ ਭੂਚਾਲ ਕਾਰਨ ਨਾਗਰਿਕਾਂ ਵਿਚ ਦਹਿਸ਼ਤ ਫੈਲ ਗਈ। ਅਧਿਕਾਰੀਆਂ ਨੇ ਦਸਿਆ ਕਿ ਭੂਚਾਲ ਕਾਰਨ ਜਾਨ-ਮਾਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨ.ਸੀ.ਐਸ.) ਦੇ ਅਨੁਸਾਰ, ਬੁੱਧਵਾਰ ਸਵੇਰੇ 8.29 ਵਜੇ ਕਿਸ਼ਤਵਾੜ ਵਿਚ ਪੰਜ ਕਿਲੋਮੀਟਰ ਦੀ ਡੂੰਘਾਈ ਵਾਲਾ 3.3 ਤੀਬਰਤਾ ਦਾ ਭੂਚਾਲ ਆਇਆ।

ਐਨ.ਸੀ.ਐਸ. ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਇਸ ਤੋਂ ਪਹਿਲਾਂ ਸਵੇਰੇ 7.56 ਵਜੇ ਡੋਡਾ ਵਿਚ 3.5 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਇਸ ਭੂਚਾਲ ਦਾ ਕੇਂਦਰ ਧਰਤੀ ਤੋਂ ਦਸ ਕਿਲੋਮੀਟਰ ਦੀ ਡੂੰਘਾਈ 'ਤੇ ਸੀ।

ਮੰਗਲਵਾਰ ਦੇਰ ਰਾਤ ਵੀ ਇਸ ਖੇਤਰ ਵਿਚ ਭੂਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ।

ਜਾਣਕਾਰੀ ਮੁਤਾਬਕ ਮੰਗਲਵਾਰ ਦੇਰ ਰਾਤ 2.20 ਵਜੇ ਡੋਡਾ ਜ਼ਿਲ੍ਹੇ 'ਚ 4.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦਾ ਕੇਂਦਰ ਧਰਤੀ ਤੋਂ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ।

ਇਸ ਦੇ ਨਾਲ ਹੀ ਰਿਆਸੀ ਜ਼ਿਲ੍ਹੇ 'ਚ ਕਟੜਾ ਤੋਂ 74 ਕਿਲੋਮੀਟਰ ਪੂਰਬ 'ਚ ਸਵੇਰੇ 2.43 ਵਜੇ ਇਕ ਹੋਰ ਭੂਚਾਲ ਆਇਆ, ਜਿਸ ਦੀ ਤੀਬਰਤਾ 2.8 ਮਾਪੀ ਗਈ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਚਾਰ ਭੂਚਾਲਾਂ ਤੋਂ ਪਹਿਲਾਂ ਮੰਗਲਵਾਰ ਨੂੰ ਡੋਡਾ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ, ਜਿਨ੍ਹਾਂ ਦੀ ਤੀਬਰਤਾ 5.4 ਸੀ।

ਮੰਗਲਵਾਰ ਨੂੰ ਆਏ ਭੂਚਾਲ ਨੇ ਪਹਾੜੀ ਜ਼ਿਲ੍ਹਿਆਂ ਡੋਡਾ ਅਤੇ ਕਿਸ਼ਤਵਾੜ ਵਿਚ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ। ਇਸ ਵਿਚ ਦੋ ਵਿਦਿਆਰਥੀਆਂ ਸਮੇਤ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਪ੍ਰਸ਼ਾਸਨ ਨੇ ਇਹਤਿਆਤ ਵਜੋਂ ਸਕੂਲ ਬੰਦ ਕਰ ਦਿਤੇ ਸਨ।