HRD ਮੰਤਰਾਲੇ ਨੇ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਦੀ ਸਿੱਖਿਆ ਲਈ ਜਾਰੀ ਕੀਤੇ ਨਿਰਦੇਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਅਪਣੇ ਸੂਬਿਆਂ ਨੂੰ ਪਰਤੇ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਦੀ ਸਿੱਖਿਆ ਲਈ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।

Students

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਅਪਣੇ-ਅਪਣੇ ਸੂਬਿਆਂ ਨੂੰ ਪਰਤੇ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਦੀ ਸਿੱਖਿਆ ਲਈ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਇਸ ਦੌਰਾਨ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਅਪਣੇ ਸੂਬਿਆਂ ਨੂੰ ਪਰਤੇ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਦੀ ਸਿੱਖਿਆ ਲਈ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਇਸ ਦੇ ਲਈ ਮੰਤਰਾਲੇ ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਸਥਾਨਕ ਖੇਤਰ ਛੱਡਣ ਵਾਲੇ ਬੱਚਿਆਂ ਦਾ ਡਾਟਾ ਤਿਆਰ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸੂਬਿਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜੋ ਬੱਚੇ ਮਹਾਂਮਾਰੀ ਕਾਰਨ ਦੂਜੇ ਸਥਾਨਾਂ ‘ਤੇ ਚਲੇ ਗਏ ਹਨ, ਉਹਨਾਂ ਦੇ ਨਾਮ ਸਕੂਲਾਂ ਵਿਚੋਂ ਨਾ ਕੱਟੇ ਜਾਣ।

ਉੱਥੇ ਹੀ ਉਹਨਾਂ ਦੀ ਸਿੱਖਿਆ ਯਕੀਨੀ ਬਣਾਉਣ ਲਈ ਮੰਤਰਾਲੇ ਨੇ ਕਿਹਾ ਹੈ ਕਿ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਸਕੂਲਾਂ ਨੂੰ ਇਹ ਕਹਿ ਸਕਦੇ ਹਨ ਕਿ ਅਪਣੇ ਪਿੰਡ ਪਰਤੇ ਬੱਚਿਆਂ ਨੂੰ ਬਿਨਾਂ ਕੋਈ ਦਸਤਾਵੇਜ਼ ਮੰਗੇ ਦਾਖਲਾ ਦਿੱਤਾ ਜਾਵੇ। 

ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਅਪਣੇ ਦਿਸ਼ਾ-ਨਿਰਦੇਸ਼ ਵਿਚ ਕਿਹਾ ਕਿ ਅਜਿਹਾ ਡਾਟਾ ਹਰੇਕ ਸਕੂਲ ਵੱਲ਼ੋਂ ਤਿਆਰ ਕੀਤਾ ਜਾ ਸਕਦਾ ਹੈ, ਜਿਸ ਵਿਚ ਪ੍ਰਵਾਸੀ ਅਤੇ ਗੈਰ ਪ੍ਰਵਾਸੀ ਬੱਚਿਆਂ ਦੀ ਜਾਣਕਾਰੀ ਹੋਵੇ ਅਤੇ ਇਸ ਵਿਚ ਉਹਨਾਂ ਦੇ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਦੇ ਮਾਪਿਆਂ ਨਾਲ ਨਿੱਜੀ ਤੌਰ ‘ਤੇ ਸੰਪਰਕ ਕਰਕੇ ਅਤੇ ਫੋਨ ਦੇ ਜ਼ਰੀਏ ਜਾਣਕਾਰੀ ਇਕੱਠੀ ਕੀਤੀ ਜਾ ਸਕਦੀ ਹੈ।

ਉਹਨਾਂ ਸੂਬਿਆਂ ਨੂੰ ਕਿਹਾ ਕਿ ਇਸ ਚੀਜ਼ ਦਾ ਖਾਸ ਖਿਆਲ ਰੱਖਿਆ ਜਾਵੇ ਕਿ ਪ੍ਰਵਾਸੀ ਵਿਦਿਆਰਥੀਆਂ ਦੇ ਨਾਮ ਸਕੂਲ ਵਿਚੋਂ ਨਾ ਕੱਟੇ ਜਾਣ ਕਿਉਂਕਿ ਕਿਸੇ ਵੀ ਸਮੇਂ ਉਹਨਾਂ ਦੇ ਵਾਪਸ ਆਉਣ ਦੀ ਸੰਭਾਵਨਾ ਹੈ। ਇਹਨਾਂ ਬੱਚਿਆਂ ਦੀ ਗਿਣਤੀ ਸਬੰਧੀ ਡਾਇਰੈਕਟੋਰੇਟ ਜਨਰਲ ਆਫ਼ ਐਜੂਕੇਸ਼ਨ ਨੂੰ ਵੀ ਸੂਚਿਤ ਕੀਤਾ ਜਾ ਸਕਦਾ ਹੈ, ਤਾਂ ਜੋ ਉਹਨਾਂ ਨੂੰ ਮਿਡ-ਡੇ-ਮੀਲ, ਕਿਤਾਬਾਂ ਅਤੇ ਵਰਦੀਆਂ ਨਾਲ ਜੁੜੀ ਕੀਮਤ ਲਈ ਮੁਆਵਜ਼ਾ ਦਿੱਤਾ ਜਾ ਸਕੇ।