ਹਿਮਾਚਲ 'ਚ ਢਿੱਗਾਂ ਡਿੱਗਣ ਕਾਰਨ ਫਸੇ ਲੋਕਾਂ ਨੇ ਅਪਣੀਆਂ ਗੱਡੀਆਂ ਤੋਂ ਬਗ਼ੈਰ ਜਾਣ ਤੋਂ ਇਨਕਾਰ ਕੀਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਫਸੇ ਸੈਲਾਨੀਆਂ ਨੂੰ ਲੱਭਣ ਲਈ ਦੂਰ-ਦੁਰਾਡੇ ਦੇ ਇਲਾਕਿਆਂ ’ਚ ਜਾ ਰਹੀ ਪੁਲਿਸ

representational Image

ਸ਼ਿਮਲਾ: ਹਿਮਾਚਲ ਪ੍ਰਦੇਸ਼ ’ਚ 60,000 ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਤੋਂ ਬਾਅਦ ਪੁਲਿਸ ਹੋਰਾਂ ਦਾ ਪਤਾ ਲਗਾਉਣ ਲਈ ਦੂਰ-ਦੁਰਾਡੇ ਇਲਾਕਿਆਂ ’ਚ ਪਹੁੰਚ ਕੇ ਤਲਾਸ਼ੀ ਮੁਹਿੰਮ ਚਲਾ ਰਹੀ ਹੈ।ਸੂਬੇ ਦੇ ਕਈ ਹਿੱਸੇ ਭਾਰੀ ਮੀਂਹ ਕਾਰਨ ਹੜ੍ਹਾਂ ਅਤੇ ਜ਼ਮੀਨ ਖਿਸਕਣ ਨਾਲ ਪ੍ਰਭਾਵਤ ਹਨ। ਸੜਕਾਂ ਜਾਮ ਹੋ ਗਈਆਂ ਹਨ ਅਤੇ ਜਾਇਦਾਦ ਦਾ ਕਾਫੀ ਨੁਕਸਾਨ ਹੋਇਆ ਹੈ।

ਪੁਲਿਸ ਦੇ ਕਾਰਜਕਾਰੀ ਡਾਇਰੈਕਟਰ ਜਨਰਲ ਸਤਵੰਤ ਅਟਵਾਲ ਨੇ ਦਸਿਆ, ‘‘ਬਚਾਅ ਕਾਰਜ ਜਾਰੀ ਹਨ ਅਤੇ ਪੁਲਿਸ ਟੀਮਾਂ ਫਸੇ ਲੋਕਾਂ ਦੀ ਭਾਲ ਲਈ ਦੂਰ-ਦੁਰਾਡੇ ਦੇ ਇਲਾਕਿਆਂ ’ਚ ਜਾ ਰਹੀਆਂ ਹਨ ਜਿੱਥੇ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਸੜਕਾਂ ਬੰਦ ਹੋ ਗਈਆਂ ਹਨ।’’ ਉਨ੍ਹਾਂ ਕਿਹਾ ਕਿ ਕਸੌਲ ਅਤੇ ਮਨੀਕਰਨ ’ਚ ਫਸੇ ਲੋਕਾਂ ਨੇ ਅਪਣੀਆਂ ਗੱਡੀਆਂ ਤੋਂ ਬਿਨਾਂ ਜਾਣ ਤੋਂ ਇਨਕਾਰ ਕਰ ਦਿਤਾ ਹੈ ਅਤੇ ਸਥਿਤੀ ਆਮ ਹੋਣ ਤਕ ਕੁਝ ਹੋਰ ਸਮਾਂ ਰੁਕਣ ਦਾ ਫੈਸਲਾ ਕੀਤਾ ਹੈ।

ਸੈਲਾਨੀਆਂ ਦਾ ਕਹਿਣਾ ਹੈ ਕਿ ਉਹ ਅਪਣੀਆਂ ਗੱਡੀਆਂ ਨਾਲ ਹੀ ਵਾਪਸ ਜਾਣਗੇ, ਇਸੇ ਲਈ ਉਹ ਸੜਕਾਂ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ। ਕੁਝ ਲੋਕਾਂ ਨੇ ਕਿਹਾ ਕਿ ਹਾਲਾਤ ਠੀਕ ਹੋਣ ਅਤੇ ਜਾਮ ਸ਼ਾਂਤ ਹੋਣ ’ਤੇ ਉਹ ਵਾਪਸ ਪਰਤਣਗੇ। ਕਸੌਲ-ਭੁੰਤਰ ਰੋਡ ’ਤੇ ਡੰਖਰਾ ਨੇੜੇ ਢਿੱਗਾਂ ਡਿੱਗਣ ਕਾਰਨ ਗੱਡੀਆਂ ਲੰਘਣ ਤੋਂ ਅਸਮਰਥ ਹਨ। ਅਜਿਹੇ ’ਚ ਸੈਲਾਨੀਆਂ ਨੂੰ ਦੂਜੇ ਪਾਸੇ ਪਹੁੰਚਣ ਲਈ ਪੈਦਲ ਸਫਰ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ: ਇਜ਼ਰਾਈਲੀ ਡਾਕਟਰਾਂ ਦੀ ਵੱਡੀ ਸਫ਼ਲਤਾ,ਹਾਦਸੇ 'ਚ ਲਗਭਗ ਵੱਖ ਹੋਇਆ ਬੱਚੇ ਦਾ ਸਿਰ ਮੁੜ ਜੋੜਿਆ

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵੀਰਵਾਰ ਨੂੰ ਕਿਹਾ ਸੀ ਕਿ ਪੁਲਿਸ ਸੈਲਾਨੀਆਂ ਨੂੰ ਰਸੀਦ ਦੇਵੇਗੀ। ਸੜਕਾਂ ਖੁੱਲ੍ਹਣ ’ਤੇ ਸੈਲਾਨੀ ਅਪਣੀਆਂ ਗੱਡੀਆਂ ਲੈ ਜਾ ਸਕਦੇ ਹਨ। ਸੈਲਾਨੀਆਂ ਦੇ ਰਿਸ਼ਤੇਦਾਰ ਅਪਣੇ ਚਹੇਤਿਆਂ ਦਾ ਹਾਲ-ਚਾਲ ਜਾਣਨ ਲਈ ਪੁਲਿਸ ਨਾਲ ਸੰਪਰਕ ਕਰ ਰਹੇ ਹਨ। ਅਜਿਹੇ ’ਚ ਪੁਲਸ ਪਰਿਵਾਰਕ ਮੈਂਬਰਾਂ ਤੋਂ ਸੈਲਾਨੀਆਂ ਦੇ ਹੋਟਲ, ਗੱਡੀ ਦਾ ਨੰਬਰ, ਫੋਟੋ, ਫੋਨ ਨੰਬਰ ਅਤੇ ਆਖਰੀ ਠਿਕਾਣਿਆਂ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ।

ਸੂਬਾ ਸਰਕਾਰ ਅਨੁਸਾਰ, 60,000 ਤੋਂ ਵੱਧ ਸੈਲਾਨੀਆਂ ਨੂੰ ਬਾਹਰ ਕਢਿਆ ਗਿਆ ਹੈ ਅਤੇ ਇਸ ਸਮੇਂ ਸੂਬੇ ’ਚ 790 ਸੜਕਾਂ ਬੰਦ ਹਨ। ਇਸ ਦੇ ਨਾਲ ਹੀ ਸਟੇਟ ਡਿਜ਼ਾਸਟਰ ਆਪ੍ਰੇਸ਼ਨ ਸੈਂਟਰ ਅਨੁਸਾਰ ਬਿਜਲੀ ਦੇ 1468 ਟਰਾਂਸਫਾਰਮਰ ਅਤੇ 963 ਜਲ ਪ੍ਰਾਜੈਕਟ ਪ੍ਰਭਾਵਤ ਹਨ। ਸੂਬੇ ’ਚ ਮਾਨਸੂਨ 24 ਨੂੰ ਸ਼ੁਰੂ ਹੋ ਗਿਆ ਹੈ। ਉਦੋਂ ਤੋਂ ਲੈ ਕੇ ਹੁਣ ਤਕ 13 ਜੁਲਾਈ ਤਕ ਮੀਂਹ ਨਾਲ ਸਬੰਧਤ ਘਟਨਾਵਾਂ ਅਤੇ ਸੜਕ ਹਾਦਸਿਆਂ ’ਚ ਕਰੀਬ 91 ਲੋਕ ਅਪਣੀ ਜਾਨ ਗੁਆ ਚੁੱਕੇ ਹਨ। ਇਸ ਦੇ ਨਾਲ ਹੀ ਕੁੱਲੂ ਅਤੇ ਮੰਡੀ ਜ਼ਿਲ੍ਹਿਆਂ ’ਚ ਆਏ ਹੜ੍ਹਾਂ ’ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਵੀ ਬਰਾਮਦ ਕੀਤੀਆਂ ਜਾ ਰਹੀਆਂ ਹਨ।

ਸੂਬਾ ਸਰਕਾਰ ਨੂੰ ਸਥਾਨਕ ਮੌਸਮ ਵਿਭਾਗ ਵਲੋਂ 18 ਜੁਲਾਈ ਤਕ ਕੁਝ ਥਾਵਾਂ ’ਤੇ ਜ਼ਿਆਦਾ ਮੀਂਹ ਪੈਣ ਦੀ ‘ਪੀਲੀ ਚੇਤਾਵਨੀ’ ਦਿਤੀ ਗਈ ਹੈ। ਸੂਬੇ ਦੇ ਕਈ ਇਲਾਕਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ। ਕਾਂਗੜਾ ’ਚ 64 ਮਿਲੀਮੀਟਰ, ਪਾਲਮਪੁਰ ’ਚ 33, ਬਰਥਿਨ ’ਚ 28.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।