ਭੀਮ ਸੈਨਾ ਦੇ ਮੁਖੀ ਨੇ ਜੇਲ੍ਹ ਤੋਂ ਰਿਹਾਅ ਹੁੰਦਿਆਂ ਹੀ ਬੋਲਿਆ ਭਾਜਪਾ 'ਤੇ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਸੁਰੱਖਿਆ ਕਾਨੂੰਨ ਯਾਨੀ ਐਨਐਸਏ ਤਹਿਤ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਜੇਲ੍ਹ ਵਿਚ ਬੰਦ ਭੀਮ ਸੈਨਾ ਦੇ ਮੁਖੀ ਚੰਦਰਸ਼ੇਖਰ ਉਰਫ਼ ਰਾਵਣ ਨੂੰ ਸਮੇਂ ਤੋਂ...

Bhim Army Chief Chandrashekhar Ravan

ਨਵੀਂ ਦਿੱਲੀ : ਰਾਸ਼ਟਰੀ ਸੁਰੱਖਿਆ ਕਾਨੂੰਨ ਯਾਨੀ ਐਨਐਸਏ ਤਹਿਤ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਜੇਲ੍ਹ ਵਿਚ ਬੰਦ ਭੀਮ ਸੈਨਾ ਦੇ ਮੁਖੀ ਚੰਦਰਸ਼ੇਖਰ ਉਰਫ਼ ਰਾਵਣ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰ ਦਿਤਾ ਪਰ ਰਾਵਣ ਨੇ ਜੇਲ੍ਹ ਵਿਚੋਂ ਰਿਹਾਅ ਹੁੰਦਿਆਂ ਹੀ ਯੋਗੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਦਸ ਦਈਏ ਕਿ ਚੰਦਰਸ਼ੇਖਰ ਰਾਵਣ ਨੂੰ ਰਾਤੀਂ ਕਰੀਬ 2:24 ਵਜੇ ਕਰੀਬ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਉਸ ਨੂੰ ਬੀਤੇ ਸਾਲ 2017 ਵਿਚ ਸਹਾਰਨਪੁਰ ਵਿਚ ਹੋਈ ਜਾਤੀ ਹਿੰਸਾ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਉਹ ਲਗਭਗ 16 ਮਹੀਨੇ ਤੋਂ ਜੇਲ੍ਹ ਵਿਚ ਬੰਦ ਸੀ। ਰਾਵਣ ਨੂੰ ਵੀਰਵਾਰ ਰਾਤੀ ਕਰੀਬ 2:24 ਵਜੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਉਸ ਦੀ ਰਿਹਾਈ ਦੌਰਾਨ ਬਹੁਤ ਸਮਰਥਕ ਜੇਲ੍ਹ ਦੇ ਬਾਹਰ ਇੱਕਠੇ ਹੋਏ ਸਨ। ਉਸ ਦੀ ਰਿਹਾਅ ਹੋਣ ਤੋਂ ਪਹਿਲਾਂ ਜੇਲ੍ਹ ਦੇ ਚਾਰੋਂ ਪਾਸੇ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਜੇਲ੍ਹ ਤੋਂ ਰਿਹਾਅ ਹੁੰਦੇ ਹੀ ਚੰਦਰਸ਼ੇਖਰ ਰਾਵਣ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਅਗਲੀਆਂ ਚੋਣਾਂ ਵਿਚ ਭਾਜਪਾ ਨੂੰ ਹਰਾ ਕੇ ਦਮ ਲਵਾਂਗੇ। 

ਸਹਾਰਨਪੁਰ ਦੀ ਜੇਲ੍ਹ ਵਿਚੋਂ ਰਿਹਾਅ ਹੋਣ ਤੋਂ ਬਾਅਦ ਚੰਦਰਸ਼ੇਖਰ 'ਰਾਵਣ' ਨੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਭਾਜਪਾ ਅਨੁਸੂਚਿਤ ਜਾਤੀ ਦੇ ਲੋਕਾਂ 'ਤੇ ਜ਼ੁਲਮ ਕਰ ਰਹੀ ਹੈ। ਉਧਰ ਮੁਖ ਸਕੱਤਰ ਗ੍ਰਹਿ ਅਰਵਿੰਦ ਕੁਮਾਰ ਦਾ ਕਹਿਣਾ ਹੈ ਕਿ ਚੰਦਰਸ਼ੇਖਰ ਨੂੰ ਰਿਹਾਅ ਕਰਨ ਦਾ ਫ਼ੈਸਲਾ ਉਨ੍ਹਾਂ ਦੀ ਮਾਂ ਦੀ ਅਰਜ਼ੀ 'ਤੇ ਲਿਆ ਗਿਆ ਹੈ। ਚੰਦਰਸ਼ੇਖਰ ਦੇ ਜੇਲ੍ਹ ਵਿਚ ਬੰਦ ਰਹਿਣ ਦੀ ਤਰੀਕ 1 ਨਵੰਬਰ 2018 ਤਕ ਸੀ। ਉਸ ਦੇ ਨਾਲ ਦੋ ਹੋਰ ਦੋਸ਼ੀਆਂ ਸੋਨੂੰ ਪੁੱਤਰ ਨਥੀਰਾਮ ਅਤੇ ਸ਼ਿਵਕੁਮਾਰ ਪੁੱਤਰ ਰਾਮਦਾਸ ਵਾਸੀ ਸ਼ੱਬੀਰਪੁਰ ਨੂੰ ਵੀ ਰਿਹਾਅ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।