ਟਾਈਟਲਰ, ਗੁਰਪਤਵੰਤ ਪਨੂੰ ਤੇ ਆਈਐਸਆਈ ਵਿਚਾਲੇ ਸਬੰਧਾਂ ਦੀ ਜਾਂਚ ਹੋਵੇ : ਜੀਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਦੋਸ਼ ਲਗਾਏ ਕਿ ਸਿੱਖ ਫਾਰ ਜਸਟਿਸ, ਕਾਂਗਰਸ ਪਾਰਟੀ ...

Manjit Singh GK

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਦੋਸ਼ ਲਗਾਏ ਕਿ ਸਿੱਖ ਫਾਰ ਜਸਟਿਸ, ਕਾਂਗਰਸ ਪਾਰਟੀ ਅਤੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਵਿਚਕਾਰ ਰਿਸ਼ਤੇ ਹਨ। ਉਨ੍ਹਾਂ ਆਖਿਆ ਕਿ 1984 ਸਿੱਖ ਕਤਲੇਆਮ ਦੇ ਕਥਿਤ ਦੋਸ਼ੀ ਜਗਦੀਸ਼ ਟਾਈਟਲਰ ਵਿਰੁਧ ਗਵਾਹ ਹੋਣ ਦਾ ਦਾਅਵਾ ਕਰਨ ਵਾਲੇ ਜਸਬੀਰ ਸਿੰਘ ਅਤੇ ਉਸ ਦਾ ਪੁੱਤ ਗਗਨਦੀਪ ਸਿੰਘ ਸਿੱਖ ਫਾਰ ਜਸਟਿਸ ਦੇ ਸਰਗਰਮ ਵਰਕਰ ਹਨ।

ਜਸਬੀਰ ਅਪਣੇ ਮੁਲਕ ਤੋਂ ਇਕ ਮਾਮਲੇ ਵਿਚ ਭਗੌੜਾ ਹੈ। ਕਤਲੇਆਮ ਦੀ ਗਵਾਹ ਬੀਬੀ ਦਰਸ਼ਨ ਕੌਰ ਦੀ ਗਵਾਹੀ ਵਿਕਵਾਉਣ ਦਾ ਜਸਬੀਰ 'ਤੇ ਕਥਿਤ ਦੋਸ਼ ਹੈ। ਉਨ੍ਹਾਂ ਦਸਿਆ ਕਿ ਜਦੋਂ ਮੈਂ ਟਾਈਟਲਰ ਵਿਰੁਧ ਖ਼ੁਲਾਸੇ ਕਰਦਾ ਹਾਂ ਤਾਂ ਉਹ ਮੈਨੂੰ ਚੁੱਪ ਕਰਾਉਣ ਲਈ ਕਾਨੂੰਨੀ ਨੋਟਿਸ ਭੇਜਦਾ ਹੈ ਅਤੇ ਦੂਜੇ ਪਾਸੇ ਸਿੱਖ ਫਾਰ ਜਸਟਿਸ ਦਾ ਮੁਖੀ ਗੁਰਪਤਵੰਤ ਸਿੰਘ ਪੰਨੂ ਮੈਨੂੰ ਡਰਾਉਣ ਤੇ ਚੁੱਪ ਕਰਾਉਣ ਲਈ ਕਾਨੂੰਨੀ ਨੁਕਤਿਆਂ ਅਤੇ ਕੁੱਟਮਾਰ ਦਾ ਸਹਾਰਾ ਲੈਂਦਾ ਹੈ।'

ਉਨ੍ਹਾਂ ਆਖਿਆ ਕਿ ਸਿੱਖ ਫਾਰ ਜਸਟਿਸ ਸਿੱਧੇ ਤੌਰ 'ਤੇ ਆਈਐੱਸਆਈ ਤੋਂ ਪੈਸਾ ਲੈਣ ਦੀ ਦੋਸ਼ੀ ਨੇ ਤੇ ਇਹ ਸਿੱਖਾਂ ਦੇ ਕਾਤਲਾਂ ਨੂੰ ਬਚਾਉਣ ਵਾਲਿਆਂ ਦੀ ਪੁਸ਼ਤਪਨਾਹੀ ਕਰ ਰਹੀ ਹੈ। ਇਸ ਕਰਕੇ ਟਾਈਟਲਰ, ਪਨੂੰ ਅਤੇ ਆਈਐੱਸਆਈ ਵਿਚਾਲੇ ਰਿਸ਼ਤਿਆਂ ਦੀ ਜਾਂਚ ਹੋਣੀ ਹਰ ਹਾਲਤ ਵਿਚ ਜ਼ਰੂਰੀ ਹੈ। ਜਸਬੀਰ ਨੇ ਝੂਠਾ ਹਲਫ਼ਨਾਮਾ ਦੇ ਕੇ ਅਮਰੀਕਾ ਦੀ ਨਾਗਰਿਕਤਾ ਹਾਸਲ ਕੀਤੀ ਹੋਈ ਹੈ ਕਿਉਂਕਿ ਉਸ ਨੇ ਹਲਫ਼ਨਾਮੇ ਵਿਚ ਦਾਅਵਾ ਕੀਤਾ ਹੈ ਕਿ ਉਸ ਵਿਰੁੱਧ ਕਿਸੇ ਦੇਸ਼ ਵਿਚ ਕੋਈ ਕੇਸ ਨਹੀਂ ਹੈ, ਜਦਕਿ ਜਸਬੀਰ ਸਿੰਘ ਦਰਸ਼ਨ ਕੌਰ ਦੇ ਮਾਮਲੇ ਵਿਚ ਜੇਲ੍ਹ ਕੱਟਣ ਤੋਂ ਬਾਅਦ ਭਗੌੜਾ ਹੈ।

ਇਸ ਲਈ ਭਾਰਤ ਸਰਕਾਰ ਨੂੰ ਜਸਬੀਰ ਸਿੰਘ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।