ਹਿੰਦੀ ਦਿਵਸ ‘ਤੇ ਅਮਿਤ ਸ਼ਾਹ ਨੇ ਕੀਤੀ ‘ਇਕ ਭਾਸ਼ਾ’ ਦੀ ਵਕਾਲਤ, ਵਿਰੋਧੀਆਂ ਨੇ ਇੰਝ ਕੀਤਾ ਵਿਰੋਧ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਨੂੰ ਇਕੱਠਾ ਕਰਨ ਦਾ ਕੰਮ ਜੇਕਰ ਕੋਈ ਭਾਸ਼ਾ ਕਰ ਸਕਦੀ ਹੈ ਤਾਂ ਉਹ ਹੈ ਹਿੰਦੀ।

Amit Shah

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਨੂੰ ਇਕੱਠਾ ਕਰਨ ਦਾ ਕੰਮ ਜੇਕਰ ਕੋਈ ਭਾਸ਼ਾ ਕਰ ਸਕਦੀ ਹੈ ਤਾਂ ਉਹ ਹੈ ਹਿੰਦੀ। ਹਿੰਦੀ ਦਿਵਸ ਮੌਕੇ ‘ਤੇ ਉਹਨਾਂ ਨੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਭਾਰਤ ਕਈ ਭਾਸ਼ਾਵਾਂ ਦਾ ਦੇਸ਼ ਹੈ ਅਤੇ ਹਰ ਕਿਸੇ ਦਾ ਅਪਣਾ ਮਹੱਤਵ ਹੈ ਪਰ ਪੂਰੇ ਦੇਸ਼ ਵਿਚ ਇਕ ਭਾਸ਼ਾ ਦਾ ਹੋਣਾ ਬੇਹੱਦ ਜਰੂਰੀ ਹੈ, ਜੋ ਦੁਨੀਆ ਵਿਚ ਉਸ ਦੀ ਪਛਾਣ ਬਣੇ।

ਉਹਨਾਂ ਕਿਹਾ ਕਿ ਅੱਜ ਭਾਰਤ ਨੂੰ ਏਕਤਾ ਦੀ ਡੋਰ ਵਿਚ ਬੰਨਣ ਦਾ ਕੰਮ ਜੇਕਰ ਕੋਈ ਭਾਸ਼ਾ ਕਰ ਸਕਦੀ ਹੈ ਤਾਂ ਉਹ ਹਿੰਦੀ ਹੈ। ਉਹਨਾਂ ਨੇ ਮਹਾਤਮਾ ਗਾਂਧੀ ਅਤੇ ਸਰਦਾਰ ਵੱਲਭਭਾਈ ਪਟੇਲ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਰੋਜ਼ ਦੇ ਕੰਮਾਂ ਵਿਚ ਹਿੰਦੀ ਦੀ ਵਰਤੋਂ ਵਧਾਉਣ ‘ਤੇ ਜ਼ੋਰ ਦਿੱਤਾ। ਹਿੰਦੀ ਦੇਸ਼ ਦੀਆਂ 22 ਅਨੁਸੂਚਿਤ ਭਾਸ਼ਾਵਾਂ ਵਿਚੋਂ ਇਕ ਹੈ। ਹਰ ਸਾਲ 14 ਸਤੰਬਰ ਨੂੰ ਹਿੰਦੀ ਦਿਵਸ ਮਨਾਇਆ ਜਾਂਦਾ ਹੈ।

ਸ਼ਾਹ ਨੇ ਕਿਹਾ ਕਿ ਅੱਜ ਹਿੰਦੀ ਦਿਵਸ ਦੇ ਮੌਕੇ ‘ਤੇ ਉਹ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕਰਦੇ ਹਨ ਕਿ ਸਾਰੇ ਅਪਣੀ-ਅਪਣੀ ਮਾਂ ਬੋਲੀ ਦੀ ਵਰਤੋਂ ਨੂੰ ਵਧਾਉਣ ਅਤੇ ਹਿੰਦੀ ਭਾਸ਼ਾ ਦੀ ਵਰਤੋਂ ਕਰ ਕੇ ਸਰਦਾਰ ਪਟੇਲ ਦੇ ਸੁਪਨੇ ਨੂੰ ਪੂਰਾ ਕਰਨ ਵਿਚ ਯੋਗਦਾਨ ਦੇਣ। ਅਮਿਤ ਸ਼ਾਹ ਦੇ ਇਸ ਬਿਆਨ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਅਮਿਤ ਸ਼ਾਹ ਨੂੰ ਅਪਣਾ ਬਿਆਨ ਵਾਪਸ ਲੈਣ ਦੀ ਮੰਗ ਕੀਤੀ। ਤਮਿਲਨਾਡੂ ਤੋਂ ਡੀਐਮਕੇ ਪ੍ਰਧਾਨ ਐਮ ਕੇ ਸਟਾਲਿਨ ਨੇ ਸ਼ਾਹ ਨੂੰ ਬਿਆਨ ਵਾਪਸ ਲੈਣ ਲਈ ਕਿਹਾ।

ਹੈਦਰਾਬਾਦ ਤੋਂ ਸਾਂਸਦ ਅਸਦੁਦੀਨ ਓਵੈਸੀ ਨੇ ਵੀ ਗ੍ਰਹਿ ਮੰਤਰੀ ਦੇ ਇਕ ਦੇਸ਼, ਇਕ ਭਾਸ਼ਾ ਵਿਚਾਰ ਦਾ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਹਿੰਦੀ ਦੇਸ਼ ਦੇ ਹਰ ਭਰਤੀ ਦੀ ਮਾਂ ਬੋਲੀ ਨਹੀਂ ਹੈ ਅਤੇ ਭਾਰਤ ਹਿੰਦੀ, ਹਿੰਦੂ ਅਤੇ ਹਿੰਦੂਤਵ ਤੋਂ ਕਿਤੇ ਜ਼ਿਆਦਾ ਵੱਡਾ ਹੈ। ਇਸ ਦੇ ਨਾਲ ਹੀ ਟੀਐਮਸੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਟਵੀਟ ਕੀਤਾ ਅਤੇ ਦੇਸ਼ ਵਾਸੀਆਂ ਨੂੰ ਹਿੰਦੀ ਦਿਵਸ ਦੀ ਵਧਾਈ ਦਿੱਤੀ। ਉਹਨਾਂ ਲਿਖਿਆ ਕਿ ਸਾਨੂੰ ਸਾਰੀਆਂ ਭਾਸ਼ਾਵਾਂ ਅਤੇ ਹਰ ਸਭਿਆਚਾਰ ਦਾ ਆਦਰ ਕਰਨਾ ਚਾਹੀਦਾ ਹੈ।

 ਹਿੰਦੀ ਦਿਵਸ ਦੇ ਮੌਕੇ ‘ਤੇ ਪੀਐਮ ਮੋਦੀ ਨੇ ਵੀ ਹਿੰਦੀ ਦੀ ਅਹਿਮੀਅਤ ਦੱਸੀ। ਉਹਨਾਂ ਨੇ ਟਵੀਟ ਵਿਚ ਲਿਖਿਆ, ਹਿੰਦੀ ਦਿਵਸ ‘ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ। ਇਸ ਦੇ ਨਾਲ ਹੀ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਇਸ ਮੌਕੇ ‘ਤੇ ਟਵੀਟ ਕਰ ਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।