ਮਾਨਸੂਨ ਸੈਸ਼ਨ: ‘ਪੰਜਾਬ ਜ਼ਰੀਏ ਭਾਰਤ ਵਿਚ ਲਿਆਂਦੇ ਜਾ ਰਹੇ ਡਰੱਗਸ’, ਭਾਜਪਾ ਆਗੂ ਰਵੀ ਕਿਸ਼ਨ ਦਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਗੋਰਖਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਰਵੀ ਕਿਸ਼ਨ ਨੇ ਡਰੱਗਸ ਦਾ ਮੁੱਦਾ ਚੁੱਕਿਆ।

Ravi Kishan

ਨਵੀਂ ਦਿੱਲੀ: ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਗੋਰਖਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਰਵੀ ਕਿਸ਼ਨ ਨੇ ਡਰੱਗਸ ਦਾ ਮੁੱਦਾ ਚੁੱਕਿਆ। ਉਹਨਾਂ ਦਾ ਕਹਿਣਾ ਹੈ ਕਿ ਦੇਸ਼ ਵਿਚ ਗੁਆਂਢੀ ਮੁਲਕਾਂ ਵੱਲੋਂ ਡਰੱਗਸ ਦੀ ਤਸਕਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਦੇਸ਼ ਵਿਚ ਪੰਜਾਬ ਤੇ ਨੇਪਾਲ ਜ਼ਰੀਏ ਡਰੱਗਸ ਲਿਆਂਦੇ ਜਾ ਰਹੇ ਹਨ।

ਉਹਨਾਂ ਨੇ ਕਿਹਾ, ‘ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਲਤ ਦੀ ਸਮੱਸਿਆ ਵਧ ਰਹੀ ਹੈ। ਦੇਸ਼ ਦੇ ਨੌਜਵਾਨਾਂ ਨੂੰ ਨਸ਼ਟ ਕਰਨ ਲਈ ਸਾਜ਼ਿਸ਼ ਰਚੀ ਜਾ ਰਹੀ ਹੈ। ਸਾਡੇ ਗੁਆਂਢੀ ਮੁਲਕ ਇਸ ਵਿਚ ਯੋਗਦਾਨ ਦੇ ਰਹੇ ਹਨ। ਪਾਕਿਸਤਾਨ ਅਤੇ ਚੀਨ ਤੋਂ ਡਰੱਗਸ ਦੀ ਤਸਕਰੀ ਹਰ ਸਾਲ ਕੀਤੀ ਜਾਂਦੀ ਹੈ। ਇਸ ਨੂੰ ਪੰਜਾਬ ਅਤੇ ਨੇਪਾਲ ਜ਼ਰੀਏ ਭਾਰਤ ਵਿਚ ਲਿਆਂਦਾ ਜਾ ਰਿਹਾ ਹੈ’।

ਉਹਨਾਂ ਨੇ ਅੱਗੇ ਕਿਹਾ, ‘ਡਰੱਗ ਦੀ ਲਤ ਫਿਲਮ ਇੰਡਸਟਰੀ ਵਿਚ ਵੀ ਹੈ। ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐਨਸੀਬੀ ਬਹੁਤ ਵਧੀਆ ਕੰਮ ਕਰ ਰਿਹਾ ਹੈ। ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ, ਸਜ਼ਾ ਦੇਣ ਅਤੇ ਗੁਆਂਢੀ ਦੇਸ਼ਾਂ ਦੀ ਸਾਜ਼ਿਸ਼ ਦੇ ਅੰਤ ਲਈ ਮੈਂ ਕੇਂਦਰ ਸਰਕਾਰ ਕੋਲ ਸਖਤ ਕਾਰਵਾਈ ਕਰਨ ਲਈ ਬੇਨਤੀ ਕਰਦਾ ਹਾਂ’।

ਦੱਸ ਦਈਏ ਕਿ ਕੋਰੋਨਾ ਕਾਲ ਦਰਮਿਆਨ ਅੱਜ ਸੰਸਦ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਹੋਈ ਹੈ। ਸੋਮਵਾਰ ਤੋਂ ਸ਼ੁਰੂ ਹੋਇਆ ਇਹ ਸੈਸ਼ਨ 18 ਦਿਨ ਦਾ ਹੋਵੇਗਾ। ਜਿਸ 'ਚ ਕਈ ਅਹਿਮ ਬਿੱਲ 'ਤੇ ਚਰਚਾ ਕੀਤੀ ਜਾਵੇਗੀ। ਸੰਸਦ ਦਾ ਮਾਨਸੂਨ ਸੈਸ਼ਨ ਅਜਿਹੇ ਸਮੇਂ 'ਚ ਆਯੋਜਿਤ ਹੋ ਰਿਹਾ ਹੈ, ਜਦੋਂ ਦੇਸ਼ 'ਚ ਕੋਰੋਨਾ ਵਾਇਰਸ ਦੇ ਕੇਸ ਦਿਨੋਂ-ਦਿਨ ਵੱਧ ਰਹੇ ਹਨ। ਮਹਾਂਮਾਰੀ ਕਾਰਨ ਇਸ ਵਾਰ ਸੈਸ਼ਨ 'ਚ ਕਈ ਬਦਲਾਅ ਕੀਤੇ ਗਏ ਹਨ।