...ਜਦੋਂ ਡਾਕਟਰ ਨੇ ਦੋ ਨੌਜਵਾਨਾਂ ਨੂੰ ਕਿਹਾ - ਪ੍ਰੈਗਨੈਂਸੀ ਟੈਸਟ ਕਰਾਉ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਢਿੱਡ ਦਰਦ ਦੀ ਸ਼ਿਕਾਇਤ 'ਤੇ ਦੋਵੇਂ ਨੌਜਵਾਨ ਗਏ ਸਨ ਹਸਪਤਾਲ

Jharkhand men complain of stomach ache, doctor prescribes pregnancy test

ਰਾਂਚੀ : ਡਾਕਟਰਾਂ ਵਲੋਂ ਆਪ੍ਰੇਸ਼ਨ ਦੌਰਾਨ ਸ਼ਰੀਰ 'ਚ ਕੈਂਚੀ ਜਾਂ ਹੋਰ ਸਮਾਨ ਛੱਡੇ ਜਾਣ ਦੀਆਂ ਖ਼ਬਰਾਂ ਤਾਂ ਤੁਸੀ ਪੜ੍ਹੀਆਂ ਹੋਣਗੀਆਂ ਪਰ ਝਾਰਖੰਡ 'ਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਸੂਬੇ ਦੇ ਚਤਰਾ ਜ਼ਿਲ੍ਹੇ 'ਚ ਇਕ ਡਾਕਟਰ ਨੇ ਦੋ ਨੌਜਵਾਨਾਂ ਨੂੰ ਢਿੱਡ ਦਰਦ ਦੀ ਸ਼ਿਕਾਇਤ 'ਤੇ ਪ੍ਰੈਗਨੈਂਸੀ ਟੈਸਟ ਕਰਵਾਉਣ ਦੀ ਸਲਾਹ ਦੇ ਦਿੱਤੀ ਹੈ। ਇਸ ਦੀ ਸ਼ਿਕਾਇਤ ਜਦੋਂ ਕੀਤੀ ਗਈ ਤਾਂ ਮਹਿਕਮੇ 'ਚ ਤਰਥੱਲੀ ਮੱਚ ਗਈ। ਹੁਣ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ।

ਜਾਣਕਾਰੀ ਮੁਤਾਬਕ ਸਿਮਰਿਆ ਖੇਤਰ ਦੇ ਚੋਰਬੋਰਾ ਪਿੰਡ ਵਾਸੀ ਮਹਾਵੀਰ ਗੰਝੂ ਦਾ 22 ਸਾਲਾ ਪੁੱਤਰ ਗੋਪਾਲ ਗੰਝੂ ਅਤੇ ਸੁਧੁ ਗੰਝੂ ਦਾ 26 ਸਾਲਾ ਪੁੱਤਰ ਕਾਮੇਸ਼ਵਰ ਗੰਝੂ ਦੇ ਢਿੱਡ 'ਚ ਅਚਾਨਕ ਦਰਦ ਹੋਇਆ। ਪਰਵਾਰ ਮੈਂਬਰ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਪੁੱਜੇ। ਉਸ ਸਮੇਂ ਡਿਊਟੀ 'ਤੇ ਡਾਕਟਰ ਮੁਕੇਸ਼ ਕੁਮਾਰ ਮੌਜੂਦ ਸਨ। ਉਨ੍ਹਾਂ ਨੇ ਦੋਹਾਂ ਮਰੀਜ਼ਾਂ ਨੂੰ ਵੇਖਿਆ ਅਤੇ ਹਸਪਤਾਲ ਦੀ ਪਰਚੀ (ਨੰਬਰ 17028 ਤੇ 17032) 'ਤੇ ਕਥਿਤ ਤੌਰ 'ਤੇ ਪ੍ਰੈਗਨੈਂਸੀ ਟੈਸਟ ਦੀ ਸਲਾਹ ਦੇ ਦਿੱਤੀ।

ਇਹੀ ਨਹੀਂ,  ਡਾਕਟਰ ਨੇ ਨੌਜਵਾਨਾਂ ਨੂੰ ਐਚ.ਆਈ.ਵੀ., ਐਚ.ਬੀ.ਏ., ਐਚ.ਸੀ.ਵੀ., ਸੀ.ਬੀ.ਸੀ., ਐਚ.ਐਚ.-2 ਅਤੇ ਏ.ਐਨ.ਸੀ. ਚੈਕਅਪ ਦੀ ਸਲਾਹ ਦਿੱਤੀ। ਨਾਲ ਹੀ ਦੋਹਾਂ ਨੂੰ ਲਗਭਗ ਇਕੋ ਜਿਹੀ ਦਵਾਈਆਂ ਲਿਖ ਦਿੱਤੀਆਂ। ਦੋਵੇਂ ਨੌਜਵਾਨ ਜਾਂਚ ਲਈ ਇਕ ਨਿੱਜੀ ਪੈਥੋਲਾਜੀ ਲੈਬ ਗਏ। ਜਾਂਚ ਕਰਨ ਵਾਲਾ ਡਾਕਟਰ ਹਸਪਤਾਲ ਦੀ ਪਰਚੀ ਵੇਖ ਕੇ ਹੈਰਾਨ ਰਹਿ ਗਿਆ। ਕੁਝ ਟੈਸਟ ਤਾਂ ਉਸ ਨੇ ਕਰ ਦਿੱਤੇ ਪਰ ਪ੍ਰੈਗਨੈਂਸੀ ਦੀ ਜਾਂਚ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਦੋਹਾਂ ਨੌਜਵਾਨਾਂ ਨੇ ਸੀਨੀਅਰ ਡਾਕਟਰ ਅਰੁਣ ਕੁਮਾਰ ਪਾਸਵਾਨ ਨੂੰ ਮਾਮਲੇ ਦੀ ਸ਼ਿਕਾਇਤ ਕੀਤੀ।

ਚਤਰਾ ਜ਼ਿਲ੍ਹੇ ਸਿਵਲ ਸਰਜਨ ਡਾਕਟਰ ਪਾਸਵਾਨ ਨੇ ਦਸਿਆ ਕਿ ਇਸ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਉਧਰ ਡਾਕਟਰ ਮੁਕੇਸ਼ ਕੁਮਾਰ ਨੇ ਸਾਰੇ ਦੋਸ਼ਾਂ ਨੂੰ ਝੂਠਾ ਦਸਿਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ ਅਤੇ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਓਵਰ ਰਾਈਟਿੰਗ ਨਾਲ ਅਜਿਹਾ ਕੀਤਾ ਗਿਆ ਹੈ।