ਪ੍ਰਿੰਸੀਪਲ ਦੇ ਸ਼ਰਧਾਂਜਲੀ ਸਮਾਗਮ 'ਚ ਫਾਰੂਕ ਅਬਦੁੱਲਾ ਨੇ ਸਿੱਖਾਂ ਦੀ ਬਹਾਦਰੀ ਦਾ ਪ੍ਰਗਟਾਵਾ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, 1990 ਵਿਚ ਜਦੋਂ ਲੋਕ ਡਰ ਕੇ ਭੱਜ ਗਏ ਸਨ ਤਾਂ ਸਿਰਫ਼ ਸਿੱਖ ਹੀ ਕਸ਼ਮੀਰ ’ਚ ਡਟੇ ਰਹੇ  

Farooq Abdullah

ਸ਼੍ਰੀਨਗਰ: ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫ਼ਾਰੂਕ ਅਬਦੁੱਲਾ ਨੇ ਕਿਹਾ ਕਿ ਕਸ਼ਮੀਰ ਕਦੇ ਪਾਕਿਸਤਾਨ ਦਾ ਹਿੱਸਾ ਨਹੀਂ ਬਣੇਗਾ ਕਿਉਂਕਿ ਅਸੀਂ ਭਾਰਤ ਦਾ ਹਿੱਸਾ ਹਾਂ ਅਤੇ ਰਹਾਂਗੇ, ‘‘ਭਾਵੇਂ ਮੈਨੂੰ ਗੋਲੀ ਹੀ ਕਿਉਂ ਨਾ ਮਾਰ ਦਿਤੀ ਜਾਵੇ।’’ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਸੁਪਿੰਦਰ ਕੌਰ ਨੂੰ ਸ਼ਰਧਾਂਜਲੀ ਦੇਣ ਲਈ ਇਥੇ ਇਕ ਗੁਰਦਵਾਰੇ ’ਚ ਆਯੋਜਤ ਸੋਗ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਅਬਦੁੱਲਾ ਨੇ ਕਿਹਾ ਕਿ ਕਸ਼ਮੀਰ ਦੇ ਲੋਕਾਂ ਨੂੰ ਹਿੰਮਤੀ ਬਣਨਾ ਪਵੇਗਾ ਅਤੇ ਮਿਲ ਕੇ ਕਾਤਲਾਂ ਨਾਲ ਲੜਨਾ ਹੋਵੇਗਾ। ਸਪਿੰਦਰ ਕੌਰ ਦੀ ਸੱਤ ਅਕਤੂਬਰ ਨੂੰ ਅਤਿਵਾਦੀਆਂ ਨੇ ਗੋਲੀ ਮਾਰ ਕੇ ਹਤਿਆ ਕਰ ਦਿਤੀ ਸੀ।

ਸ਼੍ਰੀਨਗਰ ਤੋਂ ਲੋਕ ਸਭਾ ਮੈਂਬਰ ਅਬਦੁੱਲਾ ਨੇ ਕਿਹਾ, ‘‘ਸਾਨੂੰ ਇਨ੍ਹਾਂ ਜਾਨਵਰਾਂ ਨਾਲ ਲੜਨਾ ਹੋਵੇਗਾ। ਕਸ਼ਮੀਰ ਕਦੇ ਪਾਕਿਸਤਾਨ ਨਹੀਂ ਬਣੇਗਾ, ਯਾਦ ਰਖਣਾ। ਅਸੀਂ ਭਾਰਤ ਦਾ ਹਿੱਸਾ ਹਾਂ ਅਤੇ ਅਸੀਂ ਭਾਰਤ ਦਾ ਹਿੱਸਾ ਰਹਾਂਗੇ, ਭਾਵੇਂ ਜੋ ਵੀ ਹੋ ਜਾਵੇ। ਉਹ ਭਾਵੇਂ ਮੈਨੂੰ ਗੋਲੀ ਮਾਰ ਦੇਣ ਤਾਂ ਵੀ ਇਸ ਨੂੰ ਨਹੀਂ ਬਦਲ ਸਕਦੇ।’’ ਸਿੱਖ ਪ੍ਰਿੰਸੀਪਲ ਸੁਪਿੰਦਰ ਕੌਰ ਦੀ ਹਤਿਆ ਦੇ ਦੁੱਖ ਪ੍ਰਗਟ ਕਰਦੇ ਹੋਏ ਅਬਦੁੱਲਾ ਨੇ ਕਿਹਾ ਕਿ 1990 ਦੇ ਦਹਾਕੇ ’ਚ ਜਦੋਂ ਕਈ ਲੋਕ ਡਰ ਦੇ ਮਾਰੇ ਘਾਟੀ ਛੱਡ ਕੇ ਚਲੇ ਗਏ ਸਨ ਉਦੋਂ ਸਿੱਖ ਭਾਈਚਾਰੇ ਨੇ ਕਸ਼ਮੀਰ ਨੂੰ ਨਹੀ ਛਡਿਆ ਸੀ ਅਤੇ ਹਾਲਾਤ ਦਾ ਡੱਟ ਕੇ ਸਾਹਮਣਾ ਕੀਤਾ ਸੀ।

ਉਨ੍ਹਾਂ ਕਿਹਾ ਕਿ ਸਾਨੂੰ ਅਪਣਾ ਹੌਂਸਲਾ ਉਚਾ ਰਖਣਾ ਪਵੇਗਾ ਅਤੇ ਹਿੰਮਤੀ ਬਣਨਾ ਪਵੇਗਾ। ਉਨ੍ਹਾਂ ਕਿਹਾ ਕਿ ਇਕ ਉਹ ਸਮਾਂ ਸੀ ਜਦੋਂ ਸਾਰੇ ਵਾਦੀ ਨੂੰ ਛੱਡ ਕੇ ਦੌੜ ਰਹੇ ਸਨ ਪਰ ਸਿੱਖਾਂ ਨੇ ਉਸ ਦਹਿਸ਼ਤ ਦਾ ਡਟ ਕੇ ਸਾਹਮਣਾ ਕੀਤਾ ਤੇ ਸਿਰਫ਼ ਸਿੱਖ ਹੀ ਸਨ ਜਿਹੜੇ ਸਾਰਿਆਂ ਦੇ ਜਾਣ ਤੋਂ ਬਾਅਦ ਵੀ ਇਥੇ ਹੀ ਡਟੇ ਰਹੇ।  ਉਨ੍ਹਾਂ ਬੜੇ ਹੀ ਮਾਣ ਨਾਲ ਕਿਹਾ ਕਿ ਸਿੱਖਾਂ ਵਰਗੀ ਬਹਾਦਰ ਕੌਮ ਨੂੰ ਉਹ ਨੂੰ ਵਾਰ-ਵਾਰ ਸਲਾਮ ਕਰਦੇ ਹਨ ਜਿਨ੍ਹਾਂ ਦੇਸ਼ ਦੀ ਰਖਿਆ ਦੇ ਨਾਲ-ਨਾਲ ਦੇਸ਼ ਦੀ ਤਰੱਕੀ ਵਿਚ ਵੀ ਭਰਪੂਰ ਯੋਗਦਾਨ ਪਾਇਆ ਹੈ।

ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਤੇ ਕਸ਼ਮੀਰੀ ਲੋਕਾਂ ਦਾ ਸਾਥ ਦੇਣ ’ਤੇ ਅਸੀਂ ਸਦਾ ਸਿੱਖ ਕੌਮ ਦੇ ਰਿਣੀ ਰਹਾਂਗੇ। ਉਨ੍ਹਾਂ ਪ੍ਰਿੰਸੀਪਲ ਦੇ ਕਤਲ ਦੇ ਦੁਖ ਪ੍ਰਗਟ ਕਰਦਿਆਂ ਕਿਹਾ ਕਿ ਛੋਟੇ-ਛੋਟੇ ਬੱਚਿਆਂ ਨੂੰ ਪੜ੍ਹਾਉਣ ਵਾਲੀ ਇਕ ਪ੍ਰਿੰਸੀਪਲ ਨੂੰ ਮਾਰਨ ਨਾਲ ਇਸਲਾਮ ਦੀ ਖਿਦਮਤ ਨਹੀਂ ਹੁੰਦੀ ਤੇ ਇਸਲਾਮ ਇਸ ਦੀ ਕਦੇ ਵੀ ਇਜਾਜ਼ਤ ਨਹੀਂ ਦਿੰਦਾ ਕਿ ਬੇਗੁਨਾਹ ਬੱਚਿਆਂ ਤੇ ਔਰਤਾਂ ਨੂੰ ਕਤਲ ਕੀਤਾ ਜਾਵੇ।