ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੀ ਵਿਦਿਆਰਥਣ ਵਲੋਂ ਖੁਦਕੁਸ਼ੀ; ਕਾਂਗਰਸ ਅਤੇ ਭਾਜਪਾ ਨੇ ਸੂਬਾ ਸਰਕਾਰ ’ਤੇ ਸਾਧਿਆ ਨਿਸ਼ਾਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਦਸਿਆ ਕਿ ਵਾਰੰਗਲ ਦੀ ਵਸਨੀਕ ਲੜਕੀ ਨੇ ਸ਼ੁਕਰਵਾਰ ਰਾਤ ਨੂੰ ਨਿਜੀ ਕਾਰਨਾਂ ਕਰਕੇ ਖੁਦਕੁਸ਼ੀ ਕਰ ਲਈ

Suicide by student preparing for Group I exam triggers protest in Telangana


ਹੈਦਰਾਬਾਦ: ਇਥੇ ਅਸ਼ੋਕ ਨਗਰ ਵਿਚ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੀ ਇਕ 23 ਸਾਲਾ ਲੜਕੀ ਨੇ ਅਪਣੇ ਹੋਸਟਲ ਦੇ ਕਮਰੇ ਵਿਚ ਕਥਿਤ ਤੌਰ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਨੇ ਇਲਾਕੇ ਵਿਚ ਪ੍ਰਦਰਸ਼ਨ ਕੀਤਾ। ਅਸ਼ੋਕ ਨਗਰ ਵਿਚ ਵੱਡੀ ਗਿਣਤੀ ਵਿਚ ਕੋਚਿੰਗ ਸੈਂਟਰ ਸਥਿਤ ਹਨ। ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵੱਡੀ ਗਿਣਤੀ ਉਮੀਦਵਾਰ ਵੀ ਇਸ ਖੇਤਰ ਵਿਚ ਰਹਿੰਦੇ ਹਨ।

ਪੁਲਿਸ ਨੇ ਦਸਿਆ ਕਿ ਵਾਰੰਗਲ ਦੀ ਵਸਨੀਕ ਲੜਕੀ ਨੇ ਸ਼ੁਕਰਵਾਰ ਰਾਤ ਨੂੰ ਨਿਜੀ ਕਾਰਨਾਂ ਕਰਕੇ ਖੁਦਕੁਸ਼ੀ ਕਰ ਲਈ, ਪਰ ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਉਸ ਨੇ ਇਹ ਕਦਮ ਇਸ ਲਈ ਚੁੱਕਿਆ ਕਿਉਂਕਿ ਉਸ ਨੂੰ ਨੌਕਰੀ ਨਹੀਂ ਮਿਲ ਰਹੀ ਸੀ ਅਤੇ ਹਾਲ ਹੀ ਵਿਚ ਸਟੇਟ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਗਰੁੱਪ 2 ਪ੍ਰੀਖਿਆ ਮੁਲਤਵੀ ਕਰ ਦਿਤੀ ਗਈ ਸੀ।

ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵੱਡੀ ਗਿਣਤੀ ਵਿਚ ਉਮੀਦਵਾਰ ਮੌਕੇ ’ਤੇ ਇਕੱਠੇ ਹੋਏ ਅਤੇ ਸੂਬਾ ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਨੂੰ ਲੜਕੀ ਦੀ ਲਾਸ਼ ਨੂੰ ਹਸਪਤਾਲ ਲਿਜਾਣ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ।

ਮੌਕੇ 'ਤੇ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਕੇ ਲਕਸ਼ਮਣ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਦਾਅਵਾ ਕੀਤਾ ਕਿ ਉਸ ਨੇ ਲੜਕੀ ਦੇ ਸੁਸਾਈਡ ਨੋਟ ਨੂੰ ਜਨਤਕ ਕਰਨ ਦੀ ਮੰਗ ਕੀਤੀ ਸੀ, ਪਰ ਉਸ ਨੂੰ 'ਗ੍ਰਿਫਤਾਰ' ਕਰ ਲਿਆ ਗਿਆ।

ਲਕਸ਼ਮਣ ਨੇ ਕਿਹਾ, ''ਲੜਕੀ ਪਿਛਲੇ ਕਈ ਮਹੀਨਿਆਂ ਤੋਂ ਸਰਕਾਰੀ ਪ੍ਰੀਖਿਆਵਾਂ ਦੀ ਪੂਰੀ ਲਗਨ ਨਾਲ ਤਿਆਰੀ ਕਰ ਰਹੀ ਸੀ। ਪਰ ਬੀ.ਆਰ.ਐਸ. ਸਰਕਾਰ ਵਲੋਂ ਪ੍ਰੀਖਿਆਵਾਂ ਨੂੰ ਵਾਰ-ਵਾਰ ਰੱਦ ਕਰਨ ਅਤੇ ਮੁਲਤਵੀ ਕਰਨ ਕਾਰਨ ਉਸ ਨੇ ਇਹ ਕਦਮ ਚੁੱਕਿਆ।''

ਕਾਂਗਰਸ ਤੇਲੰਗਾਨਾ ਇਕਾਈ ਦੇ ਪ੍ਰਧਾਨ ਏ ਰੇਵੰਤ ਰੈਡੀ ਨੇ ਖੁਦਕੁਸ਼ੀ 'ਤੇ ਦੁੱਖ ਪ੍ਰਗਟ ਕੀਤਾ ਅਤੇ ਦੋਸ਼ ਲਾਇਆ ਕਿ ਬੀ.ਆਰ.ਐਸ. ਸਰਕਾਰ ਭਰਤੀ ਪ੍ਰੀਖਿਆ ਨੂੰ ਸਹੀ ਢੰਗ ਨਾਲ ਕਰਵਾਉਣ ਵਿਚ ਅਸਫਲ ਰਹੀ ਹੈ।

ਸੂਬੇ ਦੀ ਕੇ ਚੰਦਰਸ਼ੇਖਰ ਰਾਓ ਸਰਕਾਰ ਪਹਿਲਾਂ ਤੇਲੰਗਾਨਾ ਰਾਜ ਲੋਕ ਸੇਵਾ ਕਮਿਸ਼ਨ ਦੁਆਰਾ ਕਰਵਾਈਆਂ ਗਈਆਂ ਭਰਤੀ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਲੀਕ ਹੋਣ ਨੂੰ ਲੈ ਕੇ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਭਾਜਪਾ ਦੇ ਹਮਲੇ ਦਾ ਸਾਹਮਣਾ ਕਰ ਚੁੱਕੀ ਹੈ।