ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਨੇ ਉਮਰ ਅਬਦੁੱਲਾ ਨੂੰ 16 ਅਕਤੂਬਰ ਨੂੰ ਸਹੁੰ ਚੁੱਕਣ ਦਾ ਸੱਦਾ ਦਿਤਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸਵੇਰੇ 11:30 ਵਜੇ ਸ਼੍ਰੀਨਗਰ ਦੇ ਐਸ.ਕੇ.ਆਈ.ਸੀ.ਸੀ. ਵਿਖੇ ਹੋਵੇਗਾ ਸਹੁੰ ਚੁਕ ਸਮਾਗਮ

Omar Abdullah

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸੋਮਵਾਰ ਨੂੰ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੂੰ 16 ਅਕਤੂਬਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦਾ ਸੱਦਾ ਦਿਤਾ। ਇਹ ਸੱਦਾ ਕੇਂਦਰ ਵਲੋਂ ਜੰਮੂ-ਕਸ਼ਮੀਰ ’ਚ ਰਾਸ਼ਟਰਪਤੀ ਸ਼ਾਸਨ ਹਟਾਏ ਜਾਣ ਦੇ ਇਕ ਦਿਨ ਬਾਅਦ ਆਇਆ ਹੈ। 

ਅਬਦੁੱਲਾ ਨੂੰ ਲਿਖੀ ਚਿੱਠੀ ’ਚ ਸਿਨਹਾ ਨੇ ਕਿਹਾ, ‘‘ਮੈਨੂੰ ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਦੀ 11 ਅਕਤੂਬਰ 2024 ਨੂੰ ਇਕ ਚਿੱਠੀ ਮਿਲੀ ਹੈ, ਜਿਸ ’ਚ ਦਸਿਆ ਗਿਆ ਹੈ ਕਿ ਤੁਹਾਨੂੰ ਸਰਬਸੰਮਤੀ ਨਾਲ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ।’’

ਉਨ੍ਹਾਂ ਕਿਹਾ, ‘‘ਉਨ੍ਹਾਂ ਨੂੰ ਜੰਮੂ-ਕਸ਼ਮੀਰ ਕਾਂਗਰਸ ਦੇ ਪ੍ਰਧਾਨ ਤਾਰਿਕ ਹਮੀਦ ਕੱਰਾ, ਸੀ.ਪੀ.ਆਈ. (ਐਮ) ਦੇ ਸਕੱਤਰ ਜੀ.ਐਨ. ਮਲਿਕ, ‘ਆਪ’ ਦੇ ਕੌਮੀ ਸਕੱਤਰ ਪੰਕਜ ਕੁਮਾਰ ਗੁਪਤਾ ਅਤੇ ਚੁਣੇ ਗਏ ਆਜ਼ਾਦ ਵਿਧਾਇਕਾਂ ਪਿਆਰੇ ਲਾਲ ਸ਼ਰਮਾ, ਸਤੀਸ਼ ਸ਼ਰਮਾ, ਮੁਹੰਮਦ ਅਕਰਮ, ਰਾਮੇਸ਼ਵਰ ਸਿੰਘ ਅਤੇ ਮੁਜ਼ੱਫਰ ਇਕਬਾਲ ਖਾਨ ਤੋਂ ਵੀ ਨੈਸ਼ਨਲ ਕਾਨਫਰੰਸ ਦੇ ਸਮਰਥਨ ਬਾਰੇ ਚਿੱਠੀ ਮਿਲੀ ਹੈ।’’

ਸਿਨਹਾ ਨੇ ਚਿੱਠੀ ’ਚ ਲਿਖਿਆ, ‘‘ਮੈਨੂੰ ਤੁਹਾਨੂੰ ਜੰਮੂ-ਕਸ਼ਮੀਰ ਸਰਕਾਰ ਬਣਾਉਣ ਅਤੇ ਅਗਵਾਈ ਕਰਨ ਦਾ ਸੱਦਾ ਦਿੰਦੇ ਹੋਏ ਖੁਸ਼ੀ ਹੋ ਰਹੀ ਹੈ। ਜਿਵੇਂ ਕਿ ਫੈਸਲਾ ਕੀਤਾ ਗਿਆ ਹੈ, ਮੈਂ 16 ਅਕਤੂਬਰ, 2024 ਨੂੰ ਸਵੇਰੇ 11:30 ਵਜੇ ਸ਼੍ਰੀਨਗਰ ਦੇ ਐਸ.ਕੇ.ਆਈ.ਸੀ.ਸੀ. ਵਿਖੇ ਤੁਹਾਡੇ ਕੈਬਨਿਟ ਦੇ ਮੈਂਬਰ ਵਜੋਂ ਸ਼ਾਮਲ ਕਰਨ ਲਈ ਤੁਹਾਡੇ ਵਲੋਂ ਸਿਫਾਰਸ਼ ਕੀਤੇ ਗਏ ਲੋਕਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਰਾਵਾਂਗਾ।’’

ਸਿਨਹਾ ਨੇ ਲਿਖਿਆ, ‘‘ਮੈਂ ਇਸ ਮੌਕੇ ’ਤੇ ਜੰਮੂ-ਕਸ਼ਮੀਰ ਦੇ ਲੋਕਾਂ ਦੇ ਸਰਵੋਤਮ ਹਿੱਤ ’ਚ ਤੁਹਾਡੇ ਯਤਨਾਂ ’ਚ ਤੁਹਾਡੇ ਬਹੁਤ ਲਾਭਕਾਰੀ ਕਾਰਜਕਾਲ ਅਤੇ ਸਫਲਤਾ ਦੀ ਕਾਮਨਾ ਕਰਦਾ ਹਾਂ।’’ 

ਉਪ ਰਾਜਪਾਲ ਦੇ ਦੂਤ ਨੇ ਅਬਦੁੱਲਾ ਨੂੰ ਚਿੱਠੀ ਸੌਂਪੀ ਅਤੇ ਉਨ੍ਹਾਂ ਨੂੰ ਸਹੁੰ ਚੁੱਕ ਸਮਾਰੋਹ ਦੀ ਤਰੀਕ ਅਤੇ ਸਮੇਂ ਬਾਰੇ ਜਾਣਕਾਰੀ ਦਿਤੀ। ਅਬਦੁੱਲਾ ਨੇ ‘ਐਕਸ’ ’ਤੇ ਇਕ ਟਵੀਟ ਕਰ ਕੇ ਕਿਹਾ, ‘‘ਉਪ ਰਾਜਪਾਲ ਦੇ ਪ੍ਰਮੁੱਖ ਸਕੱਤਰ ਮਨੋਜ ਸਿਨਹਾ ਜੀ ਦਾ ਸਵਾਗਤ ਕਰਦਿਆਂ ਖੁਸ਼ੀ ਹੋ ਰਹੀ ਹੈ। ਉਨ੍ਹਾਂ ਨੇ ਉਪ ਰਾਜਪਾਲ ਦਫ਼ਤਰ ਤੋਂ ਇਕ ਚਿੱਠੀ ਸੌਂਪੀ ਜਿਸ ’ਚ ਮੈਨੂੰ ਜੰਮੂ-ਕਸ਼ਮੀਰ ’ਚ ਅਗਲੀ ਸਰਕਾਰ ਬਣਾਉਣ ਦਾ ਸੱਦਾ ਦਿਤਾ ਗਿਆ ਸੀ।’’