ਦਿੱਲੀ ਵਿਚ ਹਵਾ ਦੀ ਗੁਣਵੱਤਾ ‘ਗੰਭੀਰ’, AQI 461 ਦਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੌਸਮ ਦੇ ਸੱਭ ਤੋਂ ਮਾੜੇ ਪੱਧਰ ’ਤੇ ਪਹੁੰਚੀ AQI, ਇਤਿਹਾਸ ’ਚ ਦਸੰਬਰ ਮਹੀਨੇ ਦੌਰਾਨ ਦੂਜਾ ਸਭ ਤੋਂ ਮਾੜਾ ਪੱਧਰ

Air quality in Delhi 'severe', AQI recorded at 461

ਨਵੀਂ ਦਿੱਲੀ : ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ, ਕੌਮੀ  ਰਾਜਧਾਨੀ ’ਚ ਐਤਵਾਰ ਨੂੰ ਹਵਾ ਦੀ ਗੁਣਵੱਤਾ ਮੌਸਮ ਦੇ ਸੱਭ ਤੋਂ ਮਾੜੇ ਪੱਧਰ ’ਤੇ ਦਰਜ ਕੀਤੀ ਗਈ। ਦਸੰਬਰ ਮਹੀਨੇ ਦੌਰਾਨ ਇਤਿਹਾਸ ਦਾ ਇਹ ਦੂਜਾ ਸਭ ਤੋਂ ਮਾੜਾ ਪੱਧਰ ਹੈ। ਦਿੱਲੀ ਦਾ ਏ.ਕਿਊ.ਆਈ. ਇਕ ਦਿਨ ਪਹਿਲਾਂ 432 ਤੋਂ ਵੱਧ ਕੇ ਐਤਵਾਰ ਨੂੰ 461 ’ਤੇ ਪਹੁੰਚ ਗਿਆ ਜੋ ‘ਗੰਭੀਰ’ ਮੰਨਿਆ ਜਾਂਦਾ ਹੈ। 

ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀ.ਏ.ਕਿਊ.ਐਮ.) ਨੇ ਸਨਿਚਰਵਾਰ  ਨੂੰ ਅਪਣੀ ਹਵਾ ਪ੍ਰਦੂਸ਼ਣ ਕੰਟਰੋਲ ਯੋਜਨਾ, ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (ਜੀ.ਆਰ.ਏ.ਪੀ.) ਦੇ ਤਹਿਤ ਸਖ਼ਤ ਉਪਾਅ (ਚੌਥੇ ਪੜਾਅ) ਦੀ ਵਰਤੋਂ ਕੀਤੀ, ਜਿਸ ਵਿਚ ਮਾੜੇ ਮੌਸਮ ਦੇ ਹਾਲਾਤ ਵਿਚਕਾਰ ਪ੍ਰਦੂਸ਼ਣ ਦੇ ਪੱਧਰ ਵਿਚ ਤੇਜ਼ੀ ਨਾਲ ਵਾਧਾ ਹੋਣ ਮਗਰੋਂ ਦਿੱਲੀ-ਐਨ.ਸੀ.ਆਰ. ਵਿਚ ਸਾਰੀਆਂ ਉਸਾਰੀ ਅਤੇ ਢਾਹੁਣ ਦੀਆਂ ਗਤੀਵਿਧੀਆਂ ਉਤੇ  ਪਾਬੰਦੀ ਸ਼ਾਮਲ ਹੈ। 

ਜੀ.ਆਰ.ਏ.ਪੀ. ਉਤੇ ਉਪ-ਕਮੇਟੀ ਨੇ ਸਨਿਚਰਵਾਰ  ਨੂੰ ਪੂਰੇ ਐੱਨ.ਸੀ.ਆਰ. ਵਿਚ ਤੁਰਤ  ਪ੍ਰਭਾਵ ਨਾਲ ਜੀ.ਆਰ.ਏ.ਪੀ. ਦੇ ਤੀਜੇ ਪੜਾਅ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਕਿਉਂਕਿ ਹਵਾ ਦੀ ਗੁਣਵੱਤਾ ਲਗਾਤਾਰ ਵਿਗੜਦੀ ਜਾ ਰਹੀ ਹੈ। 

ਮੌਸਮ ਦੇ ਮੋਰਚੇ ਉਤੇ, ਐਤਵਾਰ ਨੂੰ ਦਿੱਲੀ ਦਾ ਘੱਟੋ-ਘੱਟ ਤਾਪਮਾਨ 8.2 ਡਿਗਰੀ ਸੈਲਸੀਅਸ ਰਿਹਾ, ਜੋ ਮੌਸਮ ਦੇ ਔਸਤ ਨਾਲੋਂ 0.4 ਡਿਗਰੀ ਘੱਟ ਹੈ। ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਸ਼ਾਮ 5:30 ਵਜੇ ਨਮੀ 87 ਫੀ ਸਦੀ  ਦਰਜ ਕੀਤੀ ਗਈ। 

ਵਾਤਾਵਰਣ ਪ੍ਰੇਮੀ ਭਾਵਰੀਨ ਖੰਡਰੀ ਨੇ ਵੱਡੇ ਪੱਧਰ ਉਤੇ  ਨਿਰਮਾਣ ਵਲ  ਇਸ਼ਾਰਾ ਕਰਦੇ ਹੋਏ, ਸਰਕਾਰੀ ਸੰਸਥਾਵਾਂ ਵਿਚ ਸਰੋਤਾਂ ਅਤੇ ਸਟਾਫ ਦੀ ਘਾਟ ਨੂੰ ਦੂਰ ਕਰਨ ਦੀ ਜ਼ਰੂਰਤ ਉਤੇ  ਜ਼ੋਰ ਦਿਤਾ।