ਮੀਟਿੰਗ ਤੋਂ ਪਹਿਲਾਂ ਬੋਲੇ ਖੇਤੀਬਾੜੀ ਮੰਤਰੀ, ਸਾਡੀ ਇਹੀ ਕੋਸ਼ਿਸ਼ ਹੈ ਕਿ ਗੱਲਬਾਤ ਰਾਹੀਂ ਰਾਹ ਨਿਕਲ ਆਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਦੇ ਫੈਸਲੇ ਦਾ ਸਨਮਾਨ ਹੋਵੇ- ਨਰਿੰਦਰ ਤੋਮਰ

Narendra Singh Tomar

ਨਵੀਂ ਦਿੱਲੀ: 9ਵੇਂ ਗੇੜ ਦੀ ਮੀਟਿੰਗ ਤੋਂ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਕਿ ਸਰਕਾਰ ਸੁਪਰੀਮ ਕੋਰਟ ਵਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਗਠਿਤ ਕੀਤੀ ਗਈ ਕਮੇਟੀ ਦਾ ਸਵਾਗਤ ਕਰਦੀ ਹੈ। ਸੁਪਰੀਮ ਕੋਰਟ ਵਲੋਂ ਬਣਾਈ ਗਈ ਕਮੇਟੀ ਜਦੋਂ ਸਰਕਾਰ ਨੂੰ ਬੁਲਾਏਗੀ ਤਾਂ ਅਸੀਂ ਆਪਣਾ ਪੱਖ ਕਮੇਟੀ ਦੇ ਸਾਹਮਣੇ ਰੱਖਾਂਗੇ। ਅੱਜ ਦੀ ਗੱਲਬਾਤ ਦੀ ਤਰੀਕ ਤੈਅ ਸੀ, ਇਸ ਲਈ ਕਿਸਾਨਾਂ ਨਾਲ ਸਾਡੀ ਗੱਲਬਾਤ ਜਾਰੀ ਹੈ।

ਤੋਮਰ ਨੇ ਕਿਹਾ ਕਿ ਸਾਡੀ ਲਗਾਤਾਰ ਇਹੀ ਕੋਸ਼ਿਸ਼ ਹੈ ਕਿ ਕਿਸਾਨਾਂ ਦੇ ਨਾਲ ਗੱਲਬਾਤ ਰਾਹੀਂ ਕੋਈ ਰਾਹ ਨਿਕਲ ਆਏ।​ ਦੱਸ ਦਈਏ ਕਿ ਕਿਸਾਨੀ ਸੰਘਰਸ਼ ਅੱਜ 51ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਇਸ ਦੇ ਚਲਦਿਆਂ ਅੱਜ ਕੇਂਦਰੀ ਮੰਤਰੀਆਂ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਹੋਣ ਜਾ ਰਹੀ ਗੱਲਬਾਤ ਕਾਫੀ ਅਹਿਮ ਮੰਨੀ ਜਾ ਰਹੀ ਹੈ।

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੀਰਵਾਰ ਨੂੰ ਕਿਹਾ ਸੀ ਕਿ ਕੇਂਦਰ ਨੂੰ ਉਮੀਦ ਹੈ ਕਿ ਇਹ ਵਿਚਾਰ-ਵਟਾਂਦਰਾ ਸਕਾਰਾਤਮਕ ਰਹੇਗਾ। ਤੋਮਰ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਖੁਲ੍ਹੇ ਮਨ ਨਾਲ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ।

ਉੱਧਰ ਵਿਗਿਆਨ ਭਵਨ ਪਹੁੰਚੇ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਅਸੀਂ ਸੁਪਰੀਮ ਕੋਰਟ ਵਲੋਂ ਬਣਾਈ ਕਮੇਟੀ ਦੇ ਸਾਹਮਣੇ ਪੇਸ਼ ਨਹੀਂ ਹੋਵਾਂਗੇ ਅਤੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾ ਕੀ ਹੀ ਦਮ ਲਵਾਂਗੇ।