ਕਿਸਾਨਾਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਗੱਲਬਾਤ ਜਾਰੀ, ਦੋਵੇਂ ਧਿਰਾਂ ਚ ਰੇੜਕਾ ਬਰਕਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਨੇ ਮੁੜ ਦਿੱਤਾ ਕਾਨੂੰਨਾਂ ‘ਚ ਸੋਧਾਂ  ਦਾ ਪ੍ਰਸਤਾਵ

Farmers Meeting With Government

ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਖੇਤੀ ਕਾਨੂੰਨਾਂ ਦੇ ਲਾਗੂ ਹੋਣ ‘ਤੇ ਅੰਤਰਿਮ ਰੋਕ ਲਗਾਉਣ ਤੋਂ ਬਾਅਦ ਅੱਜ ਕਿਸਾਨ ਜਥੇਬੰਦੀਆਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਅਹਿਮ ਬੈਠਕ ਜਾਰੀ ਹੈ। ਇਸ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਰੇਲ ਮੰਤਰੀ ਪੀਊਸ਼ ਗੋਇਲ ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਮੌਜੂਦ ਹਨ।

9ਵੇਂ ਗੇੜ ਦੀ ਮੀਟੰਗ ਦੌਰਾਨ ਕੇਂਦਰੀ ਮੰਤਰੀਆਂ ਨੇ ਇਕ ਵਾਰ ਫਿਰ ਖੇਤੀ ਕਾਨੂੰਨਾਂ ‘ਚ ਸੋਧ ਦਾ ਪ੍ਰਸਤਾਵ ਦਿੱਤਾ ਹੈ। ਪਰ ਕਿਸਾਨਾਂ ਨੇ ਫਿਰ ਇਸ ਨੂੰ ਠੁਕਰਾ ਦਿੱਤਾ। ਇਸ ਤੋਂ ਇਲਾਵਾ ਮੀਟਿੰਗ ਵਿਚ ਹਰਿਆਣਾ ਵਿਚ 900 ਕਿਸਾਨਾਂ ਖਿਲਾਫ ਦਰਜ ਐਫਆਈਆਰ ਦਾ ਮੁੱਦਿਆ ਚੁੱਕਿਆ ਗਿਆ। ਹਰਿਆਣਾ ਦੇ ਮੁੱਖ ਮੰਤਰੀ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਵਿਰੁੱਧ ਮਾਮਲਾ ਦਰਜ ਹੋਣ ‘ਤੇ ਕਿਸਾਨ ਆਗੂਆਂ ਨੇ ਰੋਸ ਜਤਾਇਆ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਨੂੰ ਡਰਾ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਾਨੂੰ ਕਾਨੂੰਨ ਰੱਦ ਕਰਨ ਤੋਂ ਬਿਨਾਂ ਕੁਝ ਵੀ ਸਵਿਕਾਰ ਨਹੀਂ ਹੈ। ਮੀਟਿੰਗ ਦੌਰਾਨ ਕੇਂਦਰੀ ਮੰਤਰੀਆਂ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦਿੱਤਾ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਕਿ ਸੁਪਰੀਮ ਕੋਰਟ ਖੇਤੀ ਕਾਨੂੰਨਾਂ ‘ਤੇ ਰੋਕ ਲਗਾ ਚੁੱਕੀ ਹੈ। ਹੁਣ ਸਿਰਫ ਕਾਨੂੰਨਾਂ ਵਿਚ ਸੋਧ ‘ਤੇ ਚਰਚਾ ਹੋ ਸਕਦੀ ਹੈ।

9ਵੇਂ ਗੇੜ ਦੀ ਮੀਟਿੰਗ ਤੋਂ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਸੀ ਕਿ ਸਰਕਾਰ ਸੁਪਰੀਮ ਕੋਰਟ ਵਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਗਠਿਤ ਕੀਤੀ ਗਈ ਕਮੇਟੀ ਦਾ ਸਵਾਗਤ ਕਰਦੀ ਹੈ। ਸੁਪਰੀਮ ਕੋਰਟ ਵਲੋਂ ਬਣਾਈ ਗਈ ਕਮੇਟੀ ਜਦੋਂ ਸਰਕਾਰ ਨੂੰ ਬੁਲਾਏਗੀ ਤਾਂ ਅਸੀਂ ਆਪਣਾ ਪੱਖ ਕਮੇਟੀ ਦੇ ਸਾਹਮਣੇ ਰੱਖਾਂਗੇ। ਅੱਜ ਦੀ ਗੱਲਬਾਤ ਦੀ ਤਰੀਕ ਤੈਅ ਸੀ, ਇਸ ਲਈ ਕਿਸਾਨਾਂ ਨਾਲ ਸਾਡੀ ਗੱਲਬਾਤ ਜਾਰੀ ਹੈ। ਤੋਮਰ ਨੇ ਕਿਹਾ ਕਿ ਸਾਡੀ ਲਗਾਤਾਰ ਇਹੀ ਕੋਸ਼ਿਸ਼ ਹੈ ਕਿ ਕਿਸਾਨਾਂ ਦੇ ਨਾਲ ਗੱਲਬਾਤ ਰਾਹੀਂ ਕੋਈ ਰਾਹ ਨਿਕਲ ਆਏ।