ਮਸੂਦ ਨੂੰ ਸੂਚੀਬੱਧ ਕਰਨ ਦੇ ਯਤਨਾਂ ਵਿਚ ਲਾਮਿਸਾਲ ਹਮਾਇਤ ਮਿਲੀ : ਸੁਸ਼ਮਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਲ 2009 ਵਿਚ ਭਾਰਤ ਇਸ ਮੁੱਦੇ 'ਤੇ ਇਕੱਲਾ ਸੀ ਜਦਕਿ ਸਾਲ 2019 ਵਿਚ ਉਸ ਨੂੰ ਦੁਨੀਆਂ ਭਰ ਤੋਂ ਸਮਰਥਨ ਮਿਲਿਆ

Sushma Swaraj

ਨਵੀਂ ਦਿੱਲੀ : ਅਤਿਵਾਦੀ ਮਸੂਦ ਅਜ਼ਹਰ ਨੂੰ ਸੰਸਾਰ ਅਤਿਵਾਦੀ ਐਲਾਨਣ ਦੀਆਂ ਕੋਸ਼ਿਸ਼ਾਂ ਦੇ ਮਾਮਲੇ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਜਿਹੜੇ ਨੇਤਾ ਇਸ ਨੂੰ ਸਰਕਾਰ ਦੀ ਕੂਟਨੀਤਕ ਨਾਕਾਮੀ ਕਹਿ ਰਹੇ ਹਨ, ਉਹ ਖ਼ੁਦ ਵੇਖ ਲੈਣ ਕਿ ਸਾਲ 2009 ਵਿਚ ਭਾਰਤ ਇਸ ਮੁੱਦੇ 'ਤੇ ਇਕੱਲਾ ਸੀ ਜਦਕਿ ਸਾਲ 2019 ਵਿਚ ਉਸ ਨੂੰ ਦੁਨੀਆਂ ਭਰ ਤੋਂ ਸਮਰਥਨ ਮਿਲਿਆ।

ਰਾਹੁਲ ਗਾਂਧੀ ਨੇ ਕਿਹਾ ਸੀ ਕਿ ਮਸੂਦ ਨੂੰ ਸੰਸਾਰ ਅਤਿਵਾਦੀ ਨਾ ਐਲਾਨਿਆ ਜਾਣਾ ਸਰਕਾਰ ਦੀ ਕੂਟਨੀਤਕ ਨਾਕਾਮੀ ਹੈ। ਵਿਦੇਸ਼ ਮੰਤਰੀ ਨੇ ਕਿਹਾ, 'ਮੈਂ ਮਸੂਦ ਨੂੰ ਸੰਯੁਕਤ ਰਾਸ਼ਟਰ ਪਾਬੰਦੀ ਕਮੇਟੀ ਤਹਿਤ ਸੂਚੀਬੱਧ ਕਰਨ ਬਾਰੇ ਤੱਥਾਂ ਤੋਂ ਜਾਣੂੰ ਕਰਾਉਣਾ ਚਾਹੁੰਦੀ ਹਾਂ। ਇਸ ਬਾਰੇ ਮਤਾ ਚਾਰ ਵਾਰ ਅੱਗੇ ਵਧਾਇਆ ਗਿਆ।' ਉਨ੍ਹਾਂ ਕਿਹਾ ਕਿ ਸਾਲ 2009 ਵਿਚ ਭਾਰਤ ਯੂਪੀਏ ਸਰਕਾਰ ਤਹਿਤ ਇਕੱਲਾ ਸੀ ਜਿਸ ਨੇ ਮਤਾ ਪੇਸ਼ ਕੀਤਾ ਜਦਕਿ 2016 ਵਿਚ ਭਾਰਤ ਦੇ ਮਤੇ 'ਤੇ ਅਮਰੀਕਾ, ਫ਼ਰਾਂਸ ਅਤੇ ਬਰਤਾਨੀਆ ਸਹਿਮਤ ਸਨ।

ਸਾਲ 2017 ਵਿਚ ਅਮਰੀਕਾ, ਬਰਤਾਨੀਆ ਅਤੇ ਫ਼ਰਾਂਸ ਨੇ ਇਹ ਮਤਾ ਅੱਗੇ ਵਧਾਇਆ ਸੀ। ਸੁਸ਼ਮਾ ਨੇ ਕਿਹਾ ਕਿ ਸਾਲ 2019 ਵਿਚ ਮਤੇ ਨੂੰ ਅਮਰੀਕਾ, ਫ਼ਰਾਂਸ ਅਤੇ ਬਰਤਾਨੀਆ ਨੇ ਅੱਗੇ ਵਧਾਇਆ ਅਤੇ ਸੰਯੁਕਤ ਰਾਸ਼ਟਰ ਪਰਿਸ਼ਦ ਦੇ 15 ਵਿਚੋਂ 14 ਮੈਂਬਰਾਂ ਨੇ ਇਸ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ, 'ਮੈਂ ਇਹ ਤੱਥ ਇਸ ਲਈ ਸਾਂਝੇ ਕੀਤੇ ਹਨ ਤਾਕਿ ਜਿਹੜੇ ਨੇਤਾ ਇਸ ਮਾਮਲੇ ਵਿਚ ਸਾਡੀ ਕੂਟਨੀਤਕ ਨਾਕਾਮੀ ਦੱਸ ਰਹੇ ਹਨ, ਉਹ ਖ਼ੁਦ ਵੇਖ ਲੈਣ ਕਿ ਸਾਲ 2009 ਵਿਚ ਭਾਰਤ ਇਕੱਲਾ ਸੀ। 2009 ਵਿਚ ਕੇਂਦਰ ਵਿਚ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਸੀ ਜਦਕਿ 2019 ਵਿਚ ਐਨਡੀਏ ਸਰਕਾਰ ਹੈ। (ਏਜੰਸੀ)