ਤੇਲ ਕੀਮਤਾਂ ਨੂੰ ਲੈ ਕੇ ਪ੍ਰਿਅੰਕਾ ਦਾ ਕੇਂਦਰ 'ਤੇ ਨਿਸ਼ਾਨਾ, ਭਾਜਪਾ ਆਗੂਆਂ ਦੀ ਚੁਪੀ 'ਤੇ ਚੁਕੇ ਸਵਾਲ!

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਭਾਜਪਾ ਆਗੂਆਂ ਦੇ ਮੂੰਹ 'ਤੇ ਕਿਹੜੀ ਕੰਪਨੀ ਦੀ ਟੇਪ ਲੱਗੀ ਹੈ?

file photo

ਨਵੀਂ ਦਿੱਲੀ : ਕੋਰੋਨਾਵਾਇਰਸ ਦੇ ਖੌਫ਼ ਅਤੇ ਮੰਦੀ ਦੀਆਂ ਸੰਭਾਵਨਾਵਾਂ ਦਰਮਿਆਨ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਇਸ ਦਾ ਅਸਰ ਸਰਕਾਰਾਂ ਦੇ ਮਾਲੀਏ ਅਤੇ ਸ਼ੇਅਰ ਬਾਜ਼ਾਰਾਂ 'ਤੇ ਵੀ ਪ੍ਰਤੱਖ ਵੇਖਣ ਨੂੰ ਮਿਲ ਰਿਹਾ ਹੈ। ਇਸੇ ਦਰਮਿਆਨ ਕੇਂਦਰ ਦੀ ਭਾਜਪਾ ਸਰਕਾਰ ਨੇ ਪੈਟਰੋਲੀਅਮ ਵਸਤਾਂ ਦੀ ਮਾਰਕੀਟ ਵਿਚ ਆ ਰਹੀ ਮੰਦੀ ਦਾ ਲਾਭ ਲੋਕਾਂ ਨੂੰ ਦੇਣ ਦੀ ਥਾਂ ਖੁਦ ਦੀਆਂ ਤਿਜ਼ੌਰੀਆਂ ਭਰਨੀਆਂ ਸ਼ੁਰੂ ਕਰ ਦਿਤੀਆਂ ਹਨ।

ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਤਿੰਨ ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਐਕਸਾਈਜ਼ ਡਿਊਟੀ ਵਧਾ ਦਿਤੀ ਹੈ। ਇਸ ਦਾ ਭਾਵੇਂ ਉਪਭੋਗਤਾਵਾਂ 'ਤੇ ਫੌਰੀ ਵੇਖਣ ਨੂੰ ਨਹੀਂ ਮਿਲਿਆ, ਪਰ ਆਉਂਦੇ ਦਿਨਾਂ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ ਦਾ ਰੁਝਾਨ ਸ਼ੁਰੂ ਹੋਣ ਬਾਅਦ ਲੋਕਾਂ ਦੀਆਂ ਜੇਬਾਂ 'ਤੇ ਭਾਰੀ ਬੋਝ ਪੈਣ ਦੇ ਅਸਾਰ ਵੀ ਬਣ ਗਏ ਹਨ। ਲੋਕਾਂ ਨੂੰ ਇਸ ਦਾ ਕੌੜਾ ਤਜਰਬਾ ਸਰਕਾਰ ਪਹਿਲਾਂ ਵੀ ਇਕ ਵਾਰ ਕਰਵਾ ਚੁੱਕੀ ਹੈ। ਇਸੇ ਦੌਰਾਨ ਕਾਂਗਰਸ ਸਮੇਤ ਵਿਰੋਧੀ ਧਿਰਾਂ ਨੇ ਸਰਕਾਰ ਦੇ ਇਸ ਕਦਮ ਦੀ ਮੁਖਾਲਫ਼ਤ ਕਰਨੀ ਸ਼ੁਰੂ ਕਰ ਦਿਤੀ ਹੈ।

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਧਾਉਣ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ। ਪ੍ਰਿਅੰਕਾ ਗਾਂਧੀ ਨੇ ਟਵੀਟ ਕੀਤਾ ਹੈ ''ਦੁਨੀਆ ਭਰ 'ਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਚੁੱਕੀਆਂ ਹਨ, ਪਰ ਹਿੰਦੋਸਤਾਨ 'ਚ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵੱਧ ਰਹੀਆਂ ਹਨ। ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦਾ ਫ਼ਾਇਦਾ ਆਮ ਲੋਕਾਂ ਨੂੰ ਕਿਉਂ ਨਹੀਂ ਮਿਲ ਰਿਹਾ? ਦਿੱਲੀ-ਮੁੰਬਈ ਵਿਚ 36 ਰੁਪਏ ਪਟਰੋਲ ਵੇਚਣ ਦਾ ਦਾਅਵਾ ਕਰਨ ਵਾਲੇ ਭਾਜਪਾ ਆਗੂਆਂ ਨੇ ਕਿਸ ਕੰਪਨੀ ਦੀ ਟੇਪ ਮੂੰਹ 'ਤੇ ਲਗਾਈ ਹੋਈ ਹੈ?''

ਕਾਬਲੇਗੌਰ ਹੈ ਕਿ ਕੇਂਦਰ ਸਰਕਾਰ ਨੇ ਪੈਟਰੌਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ 'ਚ ਤਿੰਨ ਰੁਪਏ ਪ੍ਰਤੀ ਲੀਟਰ ਤਕ ਦਾ ਵਾਧਾ ਕੀਤਾ ਗਿਆ ਹੈ, ਜੋ ਸਨਿੱਚਰਵਾਰ ਤੋਂ ਹੀ ਲਾਗੂ ਹੋ ਗਿਆ ਹੈ। ਕੇਂਦਰ ਦੇ ਅਸਿੱਧੇ ਟੈਕਸ ਅਤੇ ਕਸਟਮ ਬੋਰਡ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਪੈਟਰੋਲ ਅਤੇ ਡੀਜ਼ਲ 'ਤੇ ਵਿਸ਼ੇਸ਼ ਸ਼ੁਲਕ ਵਿਚ ਦੋ ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।

ਇਸ ਤੋਂ ਇਲਾਵਾ, ਦੋਵਾਂ ਉਤਪਾਦਾਂ 'ਤੇ ਰੋਡ ਸੈੱਸ ਵਿਚ ਵੀ 1 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ, ਜਿਸ ਨਾਲ ਕੇਂਦਰੀ ਟੈਕਸ ਵਿਚ ਤਿੰਨ ਰੁਪਏ ਪ੍ਰਤੀ ਲੀਟਰ ਵਾਧਾ ਹੋ ਗਿਆ ਹੈ। ਭਾਵੇਂ ਇਸ ਵਾਧੇ ਦਾ ਬੋਝ ਇਕਦਮ ਲੋਕਾਂ ਦੀਆਂ ਜੇਬਾਂ 'ਤੇ ਨਹੀਂ ਪਿਆ ਪਰ ਆਉਂਦੇ ਸਮੇਂ 'ਚ ਇਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਹੀ ਪੈਣਾ ਹੈ। ਜੇਕਰ ਸਰਕਾਰ ਇਹ ਵਾਧਾ ਨਾ ਕਰਦੀ ਤਾਂ ਇਸ ਦਾ ਸਿੱਧਾ ਲਾਭ ਲੋਕਾਂ ਨੂੰ ਮਿਲਣਾ ਸੀ, ਜੋ ਸਰਕਾਰ ਨੇ ਅਪਣੇ ਖਜ਼ਾਨੇ ਵੱਲ ਨੂੰ ਮੋੜ ਲਿਆ ਹੈ।