ਜੰਮੂ-ਕਸ਼ਮੀਰ ਦਾ ਰਾਜ ਦਾ ਦਰਜਾ ਛੇਤੀ ਬਹਾਲ ਹੋਵੇਗਾ : ਸ਼ਾਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਨਸੰਖਿਅਕੀ ਵਿਚ ਤਬਦੀਲੀ ਦਾ ਇਰਾਦਾ ਨਹੀਂ

file photo

ਨਵੀਂ ਦਿੱਲੀ : ਨਵੀਂ ਬਣੀ 'ਜੰਮੂ ਕਸ਼ਮੀਰ ਅਪਣੀ ਪਾਰਟੀ' ਦੇ ਵਫ਼ਦ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਉਨ੍ਹਾਂ ਰਾਜ ਦਾ ਦਰਜਾ ਛੇਤੀ ਬਹਾਲ ਕਰਨ, ਜਨਸੰਖਿਅਕੀ ਵਿਚ ਤਬਦੀਲੀ ਦਾ ਇਰਾਦਾ ਨਾ ਹੋਣ ਅਤੇ ਹਿਰਾਸਤ ਵਿਚ ਰੱਖੇ ਗਏ ਆਗੂਆਂ ਦੀ ਰਿਹਾਈ ਦੇ ਭਰੋਸੇ ਦਿਤੇ। ਗ੍ਰਹਿ ਮੰਤਰੀ ਨੇ ਵਿਸ਼ਵਾਸ ਦਿਵਾਇਆ, 'ਅਗਲੇ ਕੁੱਝ ਮਹੀਨਿਆਂ ਵਿਚ ਜ਼ਮੀਨੀ ਪੱਧਰ 'ਤੇ ਬਦਲਾਅ ਵਿਖਾਏ ਦੇਣਗੇ।'

ਪਾਰਟੀ ਮੁਖੀ ਅਲਤਾਫ਼ ਬੁਖ਼ਾਰੀ ਦੀ ਅਗਵਾਈ ਵਾਲੇ ਵਫ਼ਦ ਅਤੇ ਗ੍ਰਹਿ ਮੰਤਰੀ ਵਿਚਾਲੇ ਲਗਭਗ ਦੋ ਘੰਟਿਆਂ ਤਕ ਬੈਠਕ ਚੱਲੀ। ਸ਼ਾਹ ਨੇ ਵਫ਼ਦ ਨੂੰ ਇਹ ਵੀ ਭਰੋਸਾ ਦਿਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਜੰਮੂ ਕਸ਼ਮੀਰ ਦੇ ਚੌਤਰਫ਼ਾ ਵਿਕਾਸ ਲਈ ਹਰ ਕਦਮ ਚੁੱਕੇਗੀ। ਕੇਂਦਰ ਦੁਆਰਾ ਪਿਛਲੇ ਸਾਲ ਪੰਜ ਅਗੱਸਤ ਨੂੰ ਰਾਜ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਮਗਰੋਂ ਪਹਿਲੀ ਵਾਰ ਰਾਜਸੀ ਵਫ਼ਦ ਨੇ ਸਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਸੀ।

ਵਫ਼ਦ ਨੇ ਸ਼ਾਹ ਕੋਲ 40 ਮੁੱਦੇ ਚੁੱਕੇ ਜਿਨ੍ਹਾਂ ਬਾਰੇ ਗ੍ਰਹਿ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਇਸ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਜਨਸੰਖਿਅਕੀ ਬਦਲਾਅ ਦਾ ਕੋਈ ਇਰਾਦਾ ਨਹੀਂ ਅਤੇ ਇਸ ਤਰ੍ਹਾਂ ਦੀਆਂ ਗੱਲਾਂ ਦਾ ਕੋਈ ਆਧਾਰ ਨਹੀਂ। ਪ੍ਰਧਾਨ ਮੰਤਰੀ ਨੇ ਵੀ ਵਫ਼ਦ ਨੂੰ ਇਸੇ ਤਰ੍ਹਾਂ ਦਾ ਭਰੋਸਾ ਦਿਤਾ ਸੀ। ਬਿਆਨ ਮੁਤਾਬਕ ਸ਼ਾਹ ਨੇ ਕਿਹਾ ਕਿ ਸਰਕਾਰ ਛੇਤੀ ਹੀ ਜੰਮੂ ਕਸ਼ਮੀਰ ਲਈ ਰਾਜ ਦਾ ਦਰਜਾ ਬਹਾਲ ਕਰਨ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਸਮਾਜ ਦੇ ਹਰ ਵਰਗ ਨਾਲ ਮਿਲ ਕੇ ਕੰਮ ਕਰੇਗੀ।

ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਦੇ ਹਿੱਤ ਵਿਚ ਵੀ ਇਹ ਚੰਗੀ ਗੱਲ ਹੈ ਕਿਉਂਕਿ ਇਹ ਖੇਤਰ ਸਰਹੱਦੀ ਇਲਾਕੇ ਵਿਚ ਹੈ। ਗ੍ਰਹਿ ਮੰਤਰੀ ਨੇ ਇਹ ਵੀ ਕਿਹਾ ਕਿ ਪਾਬੰਦੀਆਂ ਦੇ ਫ਼ੈਸਲੇ ਜ਼ਮੀਨੀ ਹਕੀਕਤਾਂ ਦੇ ਆਧਾਰ 'ਤੇ ਕੀਤੇ ਗਏ ਹਨ ਨਾਕਿ ਕਿਸੇ ਦਬਾਅ ਹੇਠ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਰਾਜਸੀ ਕੈਦੀਆਂ ਨੂੰ ਵੀ ਰਿਹਾਅ ਕਰ ਦਿਤਾ ਜਾਵੇਗਾ ਕਿਉਂਕਿ ਸਰਕਾਰ ਦਾ ਉਦੇਸ਼ ਇਹ ਹੈ ਕਿ ਇਕ ਵੀ ਵਿਅਕਤੀ ਦੀ ਮੌਤ ਨਾ ਹੋਵੇ ਚਾਹੇ ਉਹ ਆਮ ਕਸ਼ਮੀਰੀ ਹੈ ਜਾਂ ਸੁਰੱਖਿਆ ਮੁਲਾਜ਼ਮ।