ਸਰਕਾਰ ਦੀ 'ਦਿਆਲਤਾ' : ਪਟਰੌਲ 12 ਪੈਸੇ ਤੇ ਡੀਜ਼ਲ 14 ਪੈਸੇ ਹੋਇਆ ਸਸਤਾ !
ਮੋਦੀ ਸਰਕਾਰ ਨੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਮੀ ਦਾ ਫ਼ਾਇਦਾ ਲੋਕਾਂ ਨੂੰ ਨਾ ਦਿਤਾ
ਨਵੀਂ ਦਿੱਲੀ : ਬੀਤੇ ਕੱਲ੍ਹ ਪਟਰੌਲ ਅਤੇ ਡੀਜ਼ਲ 'ਤੇ 3 ਰੁਪਏ ਪ੍ਰਤੀ ਲਿਟਰ ਐਕਸਾਈਜ਼ ਡਿਊਟੀ ਲਾਉਣ ਵਾਲੀ ਸਰਕਾਰ ਨੇ ਅੱਜ ਲੋਕਾਂ ਲਈ ਵੀ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਕਰ ਦਿਤੀ ਹੈ। ਪਟਰੌਲ ਕੀਮਤਾਂ ਵਿਚ ਐਤਵਾਰ ਨੂੰ 12 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਗਈ ਜਦਕਿ ਡੀਜ਼ਲ ਦੀ ਕੀਮਤ 14 ਪੈਸੇ ਪ੍ਰਤੀ ਲਿਟਰ ਘੱਟ ਗਈ ਹੈ।
ਪਟਰੌਲ ਵੰਡ ਕੰਪਨੀਆਂ ਨੇ ਸੰਸਾਰ ਕੀਮਤਾਂ ਵਿਚ ਕਮੀ ਕਾਰਨ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਈਆਂ ਹਨ। ਜਨਤਕ ਖੇਤਰ ਦੀਆਂ ਪਟਰੌਲੀਅਮ ਕੰਪਨੀਆਂ ਦੇ ਨੋਟੀਫ਼ੀਕੇਸ਼ਨ ਮੁਤਾਬਕ ਦਿੱਲੀ ਵਿਚ ਪਟਰੌਲ ਹੁਣ 69.75 ਰੁਪਏ ਪ੍ਰਤੀ ਲਿਟਰ ਵਿਕੇਗਾ ਅਤੇ ਡੀਜ਼ਲ ਦੀ ਕੀਮਤ 62.44 ਰੁਪਏ ਪ੍ਰਤੀ ਲਿਟਰ ਹੋਵੇਗੀ।
ਉਦਯੋਗ ਸੂਤਰਾਂ ਨੇ ਦਸਿਆ ਕਿ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਹੋਰ ਜ਼ਿਆਦਾ ਹੁੰਦੀ ਜੇ ਸਰਕਾਰ ਨੇ ਸਨਿਚਰਵਾਰ ਨੂੰ ਇਸ 'ਤੇ ਉਤਪਾਦ ਫ਼ੀਸ ਵਿਚ ਤਿੰਨ ਰੁਪਏ ਪ੍ਰਤੀ ਲਿਟਰ ਦਾ ਵਾਧਾ ਨਾ ਕੀਤਾ ਹੁੰਦਾ। ਪਟਰੌਲੀਅਮ ਕੰਪਨੀਆਂ ਦਾ ਕਹਿਣਾ ਹੈ ਕਿ ਉਹ ਪਰਚੂਨ ਕੀਮਤਾਂ ਵਿਚ ਕਟੌਤੀ ਘੱਟ ਰੱਖ ਰਹੀਆਂ ਹਨ ਕਿਉਂਕਿ ਇਨ੍ਹਾਂ 'ਤੇ ਉਤਪਾਦ ਫ਼ੀਸ ਵਧਾਈ ਗਈ ਹੈ।
ਸਰਕਾਰ ਨੇ ਪਟਰੌਲ ਅਤੇ ਡੀਜ਼ਲ ਉਤੇ ਉਤਪਾਦ ਫ਼ੀਸ ਵਿਚ ਤਿੰਨ ਤਿੰਨ ਰੁਪਏ ਪ੍ਰਤੀ ਲਿਟਰ ਦੇ ਵਾਧੇ ਦਾ ਐਲਾਨ ਕੀਤਾ ਹੈ ਜਿਸ ਨਾਲ ਸਰਕਾਰ ਨੂੰ 39000 ਕਰੋੜ ਰੁਪਏ ਦਾ ਵਾਧਾ ਮਾਲੀਆ ਮਿਲੇਗਾ। ਪਟਰੌਲ 'ਤੇ ਵਿਸ਼ੇਸ਼ ਉਤਪਾਦ ਫ਼ੀਸ ਨੂੰ ਦੋ ਰੁਪਏ ਵਧਾ ਕੇ ਅੱਠ ਰੁਪਏ ਪ੍ਰਤੀ ਲਿਟਰ ਕਰ ਦਿਤਾ ਗਿਆ ਹੈ ਜਦਕਿ ਡੀਜ਼ਲ 'ਤੇ ਇਹ ਫ਼ੀਸ ਹੁਣ ਚਾਰ ਰੁਪਏ ਪ੍ਰਤੀ ਲਿਟਰ ਹੋ ਗਈ ਹੈ।
ਪਟਰੌਲ ਤੇ ਡੀਜ਼ਲ ਉਤੇ ਲੱਗਣ ਵਾਲਾ ਸੜਕ ਉਪ ਟੈਕਸ ਵੀ ਇਕ ਇਕ ਰੁਪਏ ਪ੍ਰਤੀ ਲਿਟਰ ਵੱਧ ਕੇ 10 ਰੁਪਏ ਪ੍ਰਤੀ ਲਿਟਰ ਕਰ ਦਿਤਾ ਗਿਆ ਹੈ। ਵਾਧੇ ਮਗਰੋਂ ਪਟਰੌਲ 'ਤੇ ਉਪ ਕਰ ਹਰ ਤਰ੍ਹਾਂ ਦੇ ਟੈਕਸ 22.98 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 'ਤੇ 18.83 ਰੁਪਏ ਪ੍ਰਤੀ ਲਿਟਰ ਹੋ ਗਏ ਹਨ। ਨਰਿੰਦਰ ਮੋਦੀ ਸਰਕਾਰ ਨੇ ਜਦ ਪਹਿਲੀ ਵਾਰ 2014 ਵਿਚ ਸੱਤਾ ਸੰਭਾਲੀ ਸੀ ਤਾਂ ਉਸ ਸਮੇਂ ਪਟਰੌਲ 'ਤੇ ਟੈਕਸ ਦੀ ਦਰ 9.48 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 'ਤੇ 3.56 ਰੁਪਏ ਪ੍ਰਤੀ ਲਿਟਰ ਸੀ।