ਤੇਲ ਕੀਮਤਾਂ ਵਿਚ ਕਮੀ ਦਾ ਫ਼ਾਇਦਾ ਦੇਣ ਲਈ ਕਿਹਾ ਸੀ ਪਰ 'ਸਮਝਦਾਰ' ਨੇ ਟੈਕਸ ਹੀ ਵਧਾ ਦਿਤਾ : ਰਾਹੁਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਤੇਲ ਕੀਮਤਾਂ ਬਾਰੇ ਰਾਹੁਲ ਗਾਂਧੀ ਨੇ ਵੀ ਪ੍ਰਧਾਨ ਮੰਤਰੀ ਨੂੰ ਲਿਆ ਨਿਸ਼ਾਨੇ 'ਤੇ

file photo

ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪਟਰੌਲ ਅਤੇ ਡੀਜ਼ਲ 'ਤੇ ਉਤਪਾਦ ਫ਼ੀਸ ਵਿਚ ਵਾਧੇ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕੱਚੇ ਤੇਲ ਦੀਆਂ ਕੀਮਤਾਂ ਵਿਚ ਆਈ ਕਮੀ ਦਾ ਲਾਭ ਲੋਕਾਂ ਨੂੰ ਦੇਣ ਲਈ ਕਿਹਾ ਪਰ 'ਸਾਡੇ ਸਮਝਦਾਰ' ਨੇ ਇਸ ਦੀ ਬਜਾਏ ਤੇਲ 'ਤੇ ਉਤਪਾਦ ਫ਼ੀਸ ਹੀ ਵਧਾ ਦਿਤੀ।

ਗਾਂਧੀ ਨੇ ਟਵਿਟਰ 'ਤੇ ਕਿਹਾ, 'ਤਿੰਨ ਦਿਨ ਪਹਿਲਾਂ ਹੀ ਮੈਂ ਪ੍ਰਧਾਨ ਮੰਤਰੀ ਦਫ਼ਤਰ ਨੂੰ ਸੰਸਾਰ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਆਈ ਕਮੀ ਦਾ ਲਾਭ ਭਾਰਤੀ ਉਪਭੋਗਤਾਵਾਂ ਨੂੰ ਦੇਣ ਦੀ ਬੇਨਤੀ ਕੀਤੀ ਸੀ।

ਮੈਂ ਪ੍ਰਧਾਨ ਮੰਤਰੀ ਨੂੰ ਪਟਰੌਲ ਅਤੇ ਡੀਜ਼ਲ ਦੀ ਕੀਮਤ ਘਟਾਉਣ ਲਈ ਕਿਹਾ ਸੀ। ਮੇਰੀ ਇਸ ਸਲਾਹ ਵਲ ਧਿਆਨ ਦੇਣ ਦੀ ਬਜਾਏ ਸਾਡੇ ਸਮਝਦਾਰ ਨੇ ਤੇਲ 'ਤੇ ਉਤਪਾਦ ਫ਼ੀਸ ਵਧਾ ਦਿਤੀ।'


ਗਾਂਧੀ ਨੇ ਟਵਿਟਰ 'ਤੇ ਵੀਡੀਉ ਵੀ ਪਾਈ ਜਿਸ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਇਸ ਸਵਾਲ ਦਾ ਜਵਾਬ ਦੇਣ ਤੋਂ ਬਚਦੀ ਦਿਸ ਰਹੀ ਹੈ ਕਿ ਸਰਕਾਰ ਨੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਮੀ ਦਾ ਲਾਭ ਲੋਕਾਂ ਨੂੰ ਕਿਉਂ ਨਹੀਂ ਦਿਤਾ। ਰਾਹੁਲ ਨੇ ਕਲ ਦੋਸ਼ ਲਾਇਆ ਸੀ ਕਿ ਮੋਦੀ ਸਰਕਾਰ ਮੱਧ ਪ੍ਰਦੇਸ਼ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।