ਸ਼ਾਹੀਨ ਬਾਗ ਦਾ 92ਵਾਂ ਦਿਨ- ‘ਕੋਰੋਨਾ ਦੀ ਆੜ ਵਿਚ ਦੰਗਿਆਂ ਦੀ ਸਚਾਈ ਛੁਪਾ ਰਹੀ ਸਰਕਾਰ’

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਾਹੀਨ ਬਾਗ ਵਿਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਧਰਨੇ ‘ਤੇ ਬੈਠੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਕੋਰੋਨਾ ਵਾਇਰਸ ਦੇ ਪਿੱਛੇ ਦੰਗਿਆਂ ਦੀ ਸੱਚਾਈ ਲੁਕੋ ਰਹੀ ਹੈ।

Photo

ਨਵੀਂ ਦਿੱਲੀ: ਸ਼ਾਹੀਨ ਬਾਗ ਵਿਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਧਰਨੇ ‘ਤੇ ਬੈਠੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਕੋਰੋਨਾ ਵਾਇਰਸ ਦੇ ਪਿੱਛੇ ਦੰਗਿਆਂ ਦੀ ਸੱਚਾਈ ਲੁਕੋ ਰਹੀ ਹੈ। ਪੁਲਿਸ ਨੇ ਦੰਗਿਆਂ ਦੇ ਇਲਜ਼ਾਮ ਵਿਚ ਸੈਂਕੜੇ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਕੋਰੋਨਾ ਵਾਇਰਸ ਦਾ ਡਰ ਫੈਲਾ ਕੇ ਪੁਲਿਸ ਗੈਰ-ਕਾਨੂੰਨੀ ਹਿਰਾਸਤ ਨੂੰ ਛੁਪਾ ਰਹੀ ਹੈ।

ਸਰਕਾਰ ਦੱਸੇ ਕਿ ਗ੍ਰਿਫ਼ਤਾਰ ਕੀਤੇ ਗਏ ਲੋਕ ਕਿੱਥੇ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਕੋਰੋਨਾ ਵਾਇਰਸ ਤੋਂ ਬਚਣ ਲਈ ਖੁਦ ਹੀ ਇੰਤਜ਼ਾਮ ਕਰ ਲੈਣਗੇ। ਧਰਨੇ ‘ਤੇ ਮਾਸਕ ਅਤੇ ਸੈਨੀਟਾਇਜ਼ਰ ਦੀ ਵਰਤੋਂ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਗ੍ਰਹਿ ਮੰਤਰੀ ਨੇ ਬਿਆਨ ਦਿੱਤਾ ਹੈ ਕਿ ਐਨਪੀਆਰ ਵਿਚ ਡਾਊਟ ਦਾ ਕੋਈ ਡੀ ਨਹੀਂ ਲੱਗੇਗਾ।

ਪਰ ਸਾਨੂੰ ਯਕੀਨ ਹੈ ਕਿ ਜੇਕਰ ਪ੍ਰਦਰਸ਼ਨ ਦੇ ਦਬਾਅ ਵਿਚ ਇਹ ਹੁਣ ਲਾਗੂ ਨਹੀਂ ਹੁੰਦਾ ਤਾਂ ਬਾਅਦ ਵਿਚ ਸਰਕਾਰ ਇਸ ਨੂੰ ਲਾਗੂ ਕਰ ਦੇਵੇਗੀ, ਇਸ ਲਈ ਅਸੀਂ ਚਾਹੁੰਦੇ ਹਨ ਕਿ ਸਰਕਾਰ ਸੰਸਦ ਵਿਚ ਇਸ ਨੂੰ ਲਾਗੂ ਨਾ ਕਰਨ ਦਾ ਮਤਾ ਪਾਸ ਕਰੇ। ਸ਼ਾਹੀਨ ਬਾਗ ਵਿਚ ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਉੱਤਰ ਪੂਰਬੀ ਦਿੱਲੀ ਵਿਚ ਹੋਏ ਦੰਗਿਆਂ ਦੇ ਮਾਮਲੇ ਵਿਚ ਦਿੱਲੀ ਪੁਲਿਸ ਨਿਰਪੱਖ ਜਾਂਚ ਨਹੀਂ ਕਰ ਰਹੀ ਹੈ।

ਦਿੱਲੀ ਪੁਲਿਸ ‘ਤੇ ਉਹਨਾਂ ਨੂੰ ਯਕੀਨ ਨਹੀਂ ਹੈ। ਪ੍ਰਦਰਸ਼ਨਕਾਰੀਆਂ ਦਾ ਆਰੋਪ ਹੈ ਕਿ ਦੰਗਿਆਂ ਦੀ ਜਾਂਚ ਵਿਚ ਇਕ ਵਿਸ਼ੇਸ਼ ਧਰਮ ਦੇ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੂੰ ਸੀਏਏ, ਐਨਆਰਸੀ ਅਤੇ ਐਨਪੀਆਰ ਦੇ ਵਿਰੋਧ ਵਿਚ ਪ੍ਰਦਰਸ਼ਨ ਕਰਦਿਆਂ 90 ਦਿਨ ਹੋ ਗਏ ਹਨ। ਸ਼ੁੱਕਰਵਾਰ ਨੂੰ ਸ਼ਾਂਤਮਈ ਪ੍ਰਦਰਸ਼ਨ ਚੱਲਿਆ। ਜੁਮੇ ਦੀ ਨਮਾਜ਼ ਤੋਂ ਬਾਅਦ ਉਸ ਸਥਾਨ ‘ਤੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ। ਲੋਕਾਂ ਨੇ ਸੀਏਏ, ਐਨਆਰਸੀ ਅਤੇ ਐਨਪੀਆਰ ਦੇ ਵਿਰੋਧ ਵਿਚ ਨਾਅਰੇ ਲਗਾਏ। ਇਸ ਦੌਰਾਨ ਉਹਨਾਂ ਨੇ ਦੇਸ਼ ਵਿਚ ਅਮਨ ਅਤੇ ਸ਼ਾਂਤੀ ਦੀ ਦੁਆ ਮੰਗੀ।