ਜਸਬੀਰ ਡਿੰਪਾ ਨੇ ਲੋਕ ਸਭਾ 'ਚ ਚੁੱਕਿਆ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦਾ ਮੁੱਦਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਾਸਪੋਰਟ ਰਿਨਿਊ ਕਰਵਾਉਣ ਸਬੰਧੀ ਵਿਦੇਸ਼ੀ ਭਾਰਤੀਆਂ ਨੂੰ ਕਰਨਾ ਪੈਂਦਾ ਹੈ ਮੁਸ਼ਕਲਾਂ ਦਾ ਸਾਹਮਣਾ- ਡਿੰਪਾ

Jasbir Singh Dimpa

ਨਵੀਂ ਦਿੱਲੀ: ਬਜਟ ਇਜਲਾਸ ਦੇ ਦੂਜੇ ਪੜਾਅ ਦੀ ਕਾਰਵਾਈ ਦੌਰਾਨ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦਾ ਮੁੱਦਾ ਚੁੱਕਿਆ। ਜਸਬੀਰ ਡਿੰਪਾ ਨੇ ਸਦਨ ਵਿਚ ਕਿਹਾ ਕਿ ਦੇਸ਼ ਵਿਚੋਂ ਕਈ ਲੋਕ ਕੰਮ ਲਈ ਜਾਂ ਪੜ੍ਹਾਈ ਲਈ ਦੂਜੇ ਦੇਸ਼ਾਂ ਵਿਚ ਜਾਂਦੇ ਹਨ।

ਇਸ ਦੌਰਾਨ ਉਹਨਾਂ ਨੂੰ ਜਦੋਂ ਵੀ ਪਾਸਪੋਰਟ ਰਿਨਿਊ ਕਰਵਾਉਣ ਦੀ ਲੋੜ ਪੈਂਦੀ ਹੈ ਤਾਂ ਉਹ ਭਾਰਤੀ ਅੰਬੈਸੀ ਵਿਚ ਅਪਣਾ ਪਾਸਪੋਸਟ ਰਿਨਿਊ ਕਰਵਾਉਂਦੇ ਹਨ। ਇਸ ਤੋਂ ਬਾਅਦ ਜਦੋਂ ਉਹ ਵਾਪਸ ਭਾਰਤ ਆਉਂਦੇ ਹਨ ਤਾਂ ਉਹਨਾਂ ਨੂੰ ਫਿਰ ਪਾਸਪੋਰਟ ਰਿਨਿਊ ਕਰਵਾਉਣ ਦੀ ਲੋੜ ਹੁੰਦੀ ਹੈ। ਇਸ ਲਈ ਉਹ ਆਰਪੀਓ ਜਾਂਦੇ ਹਨ। ਇਸ ਦੌਰਾਨ ਉਹਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਪਾਸਪੋਰਟ ਰਿਨਿਊ ਕਰਨ ਲਈ ਆਰਪੀਓ ਜਿਸ ਦੇਸ਼ ਵਿਚ ਪਹਿਲਾਂ ਪਾਸਪੋਰਟ ਰਿਨਿਊ ਹੁੰਦਾ ਹੈ, ਉਸ ਅੰਬੈਸੀ ਨੂੰ ਈ-ਮੇਲ ਭੇਜਦਾ ਹੈ।

ਕਾਂਗਰਸ ਸੰਸਦ ਮੈਂਬਰ ਨੇ ਦੱਸਿਆ ਕਿ ਇਸ ਮੇਲ ਦੇ ਜਵਾਬ ਲਈ ਕਈ ਵਾਰ ਲੋਕਾਂ ਨੂੰ 3 ਤੋਂ 5 ਸਾਲ ਤੱਕ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਉਹਨਾਂ ਨੇ ਸਦਨ ਜ਼ਰੀਏ ਵਿਦੇਸ਼ ਮਾਮਲਿਆਂ ਦੇ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਦਾ ਸਮਾਂ ਤੈਅ ਕੀਤਾ ਜਾਣਾ ਚਾਹੀਦਾ ਹੈ। ਜੇਕਰ ਤੈਅ ਸਮੇਂ ਵਿਚ ਜਵਾਬ ਨਹੀਂ ਆਉਂਦਾ ਤਾਂ ਪਾਸਪੋਰਟ ਨੂੰ ਬਿਨਾਂ ਕਿਸੇ ਦੇਰੀ ਤੋਂ ਰਿਨਿਊ ਕੀਤਾ ਜਾਣਾ ਚਾਹੀਦਾ ਹੈ।