ਰਾਏ-ਬਰੇਲੀ ਸੀਟ ਤੋਂ ਸੋਨੀਆ ਗਾਂਧੀ ਨੂੰ ਚੁਣੌਤੀ ਦੇਣਗੇ ਭਾਜਪਾ ਦੇ ਦਿਨੇਸ਼ ਪ੍ਰਤਾਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਰਾਏ-ਬਰੇਲੀ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਿਨੇਸ਼ ਪ੍ਰਤਾਪ ਸਿੰਘ ਟੱਕਰ ਦੇਣਗੇ।

Sonia Gandhi vs Dinesh Partap

ਨਵੀਂ ਦਿੱਲੀ: ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਰਾਏ-ਬਰੇਲੀ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਿਨੇਸ਼ ਪ੍ਰਤਾਪ ਸਿੰਘ ਟੱਕਰ ਦੇਣਗੇ। ਦਿਨੇਸ਼ ਪ੍ਰਤਾਪ ਸਿੰਘ ਨੇ ਅੱਜ ਸੋਮਵਾਰ ਨੂੰ ਰਾਏਬਰੇਲੀ ਸੀਟ ਤੋਂ ਨਾਮਜ਼ਦਗੀ ਪੱਤਰ ਦਰਜ ਕੀਤਾ ਹੈ। ਉਹਨਾਂ ਨਾਲ ਉਤਰ-ਪ੍ਰਦੇਸ਼ ਦੇ ਉਪ-ਮੁੱਖਮੰਤਰੀ ਦਿਨੇਸ਼ ਸ਼ਰਮਾ ਵੀ ਮੌਜੂਦ ਸਨ।

ਐਮਐਲਸੀ ਦਿਨੇਸ਼ ਪ੍ਰਤਾਪ ਸਿੰਘ ਵੱਲੋਂ ਦਰਜ ਨਾਮਜ਼ਦਗੀ ਪੱਤਰ ਦਰਜ ਕਰਨ ਦੌਰਾਨ ਭਾਜਪਾ ਦੇ ਗਿਰੀਸ਼ ਨਾਰਾਇਨ ਪਾਂਡੇ, ਰਾਮਨਰੇਸ਼ ਰਾਵਰ, ਦਿਲੀਪ ਕੁਮਾਰ, ਗੰਗਾ ਪ੍ਰਸਾਦ ਸ਼ਾਮਿਲ ਸਨ। ਕਰੀਬ 11 ਵਜੇ ਭਾਜਪਾ ਕਰਮਚਾਰੀ ਸੁਪਰ ਮਾਰਕਿਟ ਵਿਚ ਸਥਿਤ ਭਾਜਪਾ ਦੇ ਦਫਤਰ ਵਿਚ ਇਕੱਠੇ ਹੋਏ। ਉਸ ਤੋਂ ਬਾਅਦ ਕਰੀਬ ਸਵਾ ਇਕ ਵਜੇ ਭਾਜਪਾ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਿਲ ਕੀਤਾ।

ਨਾਮਜ਼ਦਗੀ ਪੱਤਰ ਦਾਖਿਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲ ਬਾਤ ਦੌਰਾਨ ਉਹਨਾਂ ਕਿਹਾ ਕਿ ਇੱਥੋਂ ਦੀ ਜਨਤਾ ਭਾਜਪਾ ਦਾ ਸਮਰਥਨ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹ ਜਨਤਾ ਅਜਿਹਾ ਨੇਤਾ ਚਾਹੁੰਦੀ ਹੈ ਜੋ ਉਹਨਾਂ ਨਾਲ ਜੁੜਿਆ ਰਹੇ। ਉਹਨਾਂ ਕਿਹਾ ਕਿ ਸੋਨੀਆ ਗਾਂਧੀ ਕਦੇ-ਕਦੇ ਹੀ ਰਾਏਬਰੇਲੀ ਆਉਂਦੀ ਹੈ। ਉਹਨਾਂ ਨੇ ਦੋਸ਼ ਲਗਾਇਆ ਕਿ ਗਾਂਧੀ ਪਰਿਵਾਰ ਆਪਣੇ ਲਾਭ ਲਈ ਚੋਣ ਲੜਦਾ ਹੈ, ਜਦਕਿ ਭਾਜਪਾ ਉਮੀਦਵਾਰ ਜਨਤਾ ਦੀ ਸੇਵਾ ਲਈ ਚੋਣ ਲੜ ਰਹੇ ਹਨ।

ਇਸੇ ਦੌਰਾਨ ਭਾਜਪਾ ਉਮੀਦਵਾਰ ਦਿਨੇਸ਼ ਪ੍ਰਤਾਪ ਨੇ ਦੋਸ਼ ਲਗਾਇਆ ਕਿ ਗਾਂਧੀ ਪਰਿਵਾਰ ਰਾਜਤੰਤਰ ਨੂੰ ਮੰਨਦਾ ਹੈ। ਉਹਨਾਂ ਕਿਹਾ ਕਿ ਸੋਨੀਆ ਗਾਂਧੀ ਦਾ ਹੁਣ ਰਾਏਬਰੇਲੀ ਸਾਂਸਦੀ ਖੇਤਰ ਨਾਲ ਕੋਈ ਲੈਣਾ ਦੇਣਾ ਨਹੀਂ ਰਹਿ ਗਿਆ ਹੈ। ਉਹਨਾਂ ਕਿਹਾ ਕਿ ਇਸ ਵਾਰ ਮੋਦੀ ਦੀ ਲਹਿਰ ਨਹੀਂ ਬਲਕਿ ਮੋਦੀ ਦਾ ਕਹਿਰ ਹੈ, ਉਹਨਾਂ ਇਹ ਵੀ ਕਿਹਾ ਕਿ ਜਨਤਾ ਚੋਣਾਂ ਦੌਰਾਨ ਕਾਂਗਰਸ ਨੂੰ ਜਵਾਬ ਦੇਵੇਗੀ।