ਭਾੜ 'ਚ ਜਾਵੇ ਕਾਨੂੰਨ, ਚੋਣ ਜ਼ਾਬਤਾ ਵੀ ਦੇਖ ਲਵਾਂਗੇ : ਸੰਜੇ ਰਾਊਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਅਤੇ ਨੇਤਾਵਾਂ ਵਲੋਂ ਚੋਣ ਜ਼ਾਬਤੇ ਦੀ ਉਲੰਘਣਾ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ।

Sabjay Raut

ਮੁੰਬਈ: ਲੋਕ ਸਭਾ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਅਤੇ ਨੇਤਾਵਾਂ ਵਲੋਂ ਚੋਣ ਜ਼ਾਬਤੇ ਦੀ ਉਲੰਘਣਾ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਵਿਚ ਜ਼ਿਆਦਾਤਰ ਭਾਜਪਾ ਦੇ ਨੇਤਾ ਸ਼ਾਮਲ ਹਨ, ਪਰ ਹੁਣ ਤਾਜ਼ਾ ਮਾਮਲਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਹੈ, ਜਿੱਥੇ ਸ਼ਿਵ ਸੈਨਾ ਦੇ ਸੰਜੇ ਰਾਊਤ ਨੇ ਚੋਣ ਜ਼ਾਬਤੇ ਨੂੰ ਲੈ ਕੇ ਵਿਵਾਦਤ ਬਿਆਨ ਦੇ ਦਿਤਾ ਹੈ। ਸੰਜੇ ਰਾਊਤ ਨੇ ਚੋਣ ਜ਼ਾਬਤੇ ਨੂੰ ਲੈ ਕੇ ਕਿਹਾ ਹੈ ਕਿ ਉਹਨਾਂ ਲਈ ਚੋਣ ਜ਼ਾਬਤੇ ਦਾ ਕੋਈ ਮਤਲਬ ਨਹੀਂ ਹੈ, ਉਹ ਸਿਰਫ ਆਪਣੇ ਮੰਨ ਦੀ ਕਰਦੇ ਹਨ।

 

ਐਤਵਾਰ ਨੂੰ ਇਕ ਸਭਾ ਦੌਰਾਨ ਸ਼ਿਵਸੈਨਾ ਆਗੂ ਸੰਜੇ ਰਾਊਤ ਨੇ ਚੋਣਾਂ ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਲੈ ਕੇ ਕਿਹਾ ਕਿ ਅਸੀਂ ਅਜਿਹੇ ਹੀ ਲੋਕ ਹਾਂ, ਭਾੜ 'ਚ ਜਾਵੇ ਕਾਨੂੰਨ, ਚੋਣ ਜ਼ਾਬਤਾ ਵੀ ਅਸੀਂ ਦੇਖ ਲਵਾਂਗੇ, ਜੇਕਰ ਮਨ ਦੀ ਗੱਲ ਬਾਹਰ ਨਾ ਕੱਢੀਏ ਤਾਂ ਘੁਟਨ ਜਿਹੀ ਹੁੰਦੀ ਹੈ। ਦੱਸ ਦਈਏ ਕਿ ਸੰਜੇ ਰਾਊਤ ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਮੀਡੀਆ ਦੀਆਂ ਸੁਰਖੀਆਂ ਵਿਚ ਬਣੇ ਰਹਿੰਦੇ ਹਨ।

ਜ਼ਿਕਰਯੋਗ ਹੈ ਕਿ ਕੁਝ ਸਮੇਂ ਤੱਕ ਰਿਸ਼ਤਿਆਂ ਵਿਚ ਤਲਖ ਰਹਿਣ ਤੋਂ ਬਾਅਦ ਭਾਜਪਾ ਅਤੇ ਸ਼ਿਵਸੈਨਾ ਨੇ ਇਕੱਠੇ ਲੋਕ ਸਭਾ ਚੋਣਾਂ ਲੜਨ ਦਾ ਫੈਸਲਾ ਕਰ ਲਿਆ ਹੈ। ਮਹਾਰਾਸ਼ਟਰ ਵਿਚ 48 ਲੋਕ ਸਭਾ ਸੀਟਾਂ ਵਿਚੋਂ ਭਾਜਪਾ 25 ਸੀਟਾਂ ‘ਤੇ ਜਦਕਿ ਸ਼ਿਵਸੈਨਾ 23 ਸੀਟਾਂ ‘ਤੇ ਚੋਣ ਲੜੇਗੀ। ਉਥੇ ਹੀ 288 ਮੈਂਬਰੀ ਰਾਜ ਵਿਧਾਨਸਭਾ ਚੋਣਾਂ ਵਿਚ ਆਪਣੇ ਸਹਿਯੋਗੀ ਦਲਾਂ ਨੂੰ ਉਹਨਾਂ ਦੀ ਹਿੱਸੇਦਾਰੀ ਦਿੰਦੇ ਹੋਏ, ਬਰਾਬਰ-ਬਰਾਬਰ ਗਿਣਤੀ ਵਿਚ ਸੀਟਾਂ ‘ਤੇ ਚੋਣ ਲੜੀ ਜਾਵੇਗੀ।

ਦੱਸ ਦਈਏ ਕਿ 2014 ਦੀਆਂ ਲੋਕ ਸਭਾ ਚੋਣਾਂ ਦੋਵੇਂ ਪਾਰਟੀਆਂ ਨੇ ਮਿਲ ਕੇ ਲੜੀਆਂ ਸਨ। ਕੁੱਲ 48 ਸੀਟਾਂ ਵਿਚੋਂ ਭਾਜਪਾ ਨੇ 23, ਜਦਕਿ ਸ਼ਿਵਸੈਨਾ ਨੇ 18 ਸੀਟਾਂ ‘ਤੇ ਜਿੱਤ ਹਾਸਿਲ ਕੀਤੀ ਸੀ। ਉੱਥੇ ਹੀ 2014 ਦੀਆਂ ਵਿਧਾਨ ਸਭਾ ਚੋਣਾਂ ਦੋਵੇਂ ਪਾਰਟੀਆਂ ਨੇ ਆਪਣੇ ਆਪਣੇ ਬਲ ‘ਤੇ ਲੜੀਆਂ ਸਨ। ਲੋਕ ਸਭਾ ਚੋਣਾਂ ਦੇਸ਼ ਭਰ ਵਿਚ 7 ਪੜਾਵਾਂ ਵਿਚ ਹੋਣਗੀਆਂ, ਜੋ ਕਿ 11 ਅਪ੍ਰੈਲ ਤੋਂ ਸ਼ੁਰੂ ਹੋ ਗਈਆਂ ਹਨ ਅਤੇ 19 ਮਈ ਤੱਕ ਚੱਲਣਗੀਆਂ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ।