ਚੋਣ ਜ਼ਾਬਤੇ ਕਾਰਨ ਰੋਕੇ ਗਏ ਪਿੰਡਾਂ ਦੇ ਵਿਕਾਸ ਦੇ ਕੰਮ
ਇਸ ਸਬੰਧੀ ਸਹਾਇਕ ਚੋਣਕਾਰ ਅਫ਼ਸਰ ਜਗਦੀਪ ਸਿੰਘ ਜੌਹਲ ਨੇ ਕਿਹਾ ਕਿ ਉਹ ਉਕਤ ਮਾਮਲੇ ਦੀ ਜਾਂਚ ਕਰਵਾਉਣਗੇ।
ਫਤਿਹਗੜ੍ਹ ਸਾਹਿਬ: ਆਦਰਸ਼ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਜ਼ਿਲ੍ਹੇ ਦੇ ਪਿੰਡ ਚੁੰਨੀ ਖ਼ੁਰਦ ਵਿਚ ਸਰਪੰਚ ਵਲੋਂ ਇਕ ਗਲ਼ੀ ਨੂੰ ਪੱਕਾ ਕਰਨ ਦੇ ਆਰੰਭ ਕੀਤੇ ਕਾਰਜ ਨੂੰ ਵਿਰੋਧੀ ਪਾਰਟੀਆਂ ਦੇ ਵਰਕਰਾਂ ਦੇ ਰੋਹ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਦੀ ਦਖ਼ਲਅੰਦਾਜ਼ੀ ਕਾਰਨ ਪੁਲੀਸ ਨੇ ਰੋਕ ਦਿੱਤਾ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਸਰਪੰਚ ਵੱਲੋਂ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਪਿੰਡ ਵਿਚ ਇਕ ਗਲ਼ੀ ਨੂੰ ਪੱਕਾ ਕਰਨ ਲਈ ਇੱਟਾਂ ਲਗਾਈਆਂ ਜਾ ਰਹੀਆਂ ਸਨ। ਇਸ ਸਬੰਧੀ ਪਿੰਡ ਦੇ ਕੁਝ ਵਸਨੀਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਇਸ ਦੀ ਭਿਣਕ ਜਦੋਂ ਰਿਟਰਨਿੰਗ ਅਫ਼ਸਰ ਨੂੰ ਪਈ ਤਾਂ ਉੁਨ੍ਹਾਂ ਨੇ ਤੁਰੰਤ ਪੁਲੀਸ ਭੇਜ ਕੇ ਉਕਤ ਕੰਮ ਬੰਦ ਕਰਵਾ ਦਿੱਤਾ।
ਇਸ ਮੌਕੇ ਪਿੰਡ ਵਾਸੀਆਂ ਨੇ ਕਥਿਤ ਦੋਸ਼ ਲਗਾਇਆ ਕਿ ਸਰਪੰਚ ਵੱਲੋਂ ਮੌਜੂਦਾ ਸੱਤਾਧਾਰੀ ਪਾਰਟੀ ਨੂੰ ਕਥਿਤ ਲਾਭ ਪਹੁੰਚਾਉਣ ਲਈ ਚਲਾਕੀ ਭਰੇ ਤਰੀਕੇ ਨਾਲ ਉਕਤ ਗਲ਼ੀ ਨੂੰ ਪੱਕਾ ਕਰਨ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਚੋਣ ਜ਼ਾਬਤਾ ਲੱਗ ਚੁੱਕਾ ਹੈ ਅਤੇ ਕੋਈ ਵੀ ਵਿਅਕਤੀ ਵਿਕਾਸ ਕਾਰਜ ਨਹੀਂ ਕਰਵਾ ਸਕਦਾ। ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਕਾਰਜ ਸਬੰਧੀ ਡੂੰਘਾਈ ਨਾਲ ਜਾਂਚ ਪੜਤਾਲ ਕਰ ਕੇ ਦੋਸ਼ੀ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਪੁੱਛਣ ’ਤੇ ਪਿੰਡ ਦੇ ਸਰਪੰਚ ਮਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਲਗਭਗ 1200 ਫੁੱਟ ਲੰਬੀ ਉਕਤ ਗਲ਼ੀ ਪੱਕੀ ਕਰਨ ਲਈ 11 ਲੱਖ ਰੁਪਏ ਦੀ ਗਰਾਂਟ 22 ਫਰਵਰੀ ਨੂੰ ਮਿਲੀ ਸੀ। ਉਨ੍ਹਾਂ ਵੱਲੋਂ ਬਾਕਾਇਦਾ ਮਤਾ ਪਾ ਕੇ 6 ਮਾਰਚ ਨੂੰ ਕੰਮ ਸ਼ੁਰੂ ਕਰਵਾਇਆ ਗਿਆ ਹੈ। ਮਤੇ ਸਬੰਧੀ ਪੁਸ਼ਟੀ ਕਰਨ ਲਈ ਜਦੋਂ ਬੀਡੀਪੀਓ ਖੇੜਾ ਹਰਕੀਰਤ ਸਿੰਘ ਨਾਲ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਇਸ ਸਬੰਧੀ ਸਹਾਇਕ ਚੋਣਕਾਰ ਅਫ਼ਸਰ ਜਗਦੀਪ ਸਿੰਘ ਜੌਹਲ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਉਹ ਉਕਤ ਮਾਮਲੇ ਦੀ ਜਾਂਚ ਕਰਵਾਉਣਗੇ ਅਤੇ ਜੇ ਚੋਣ ਜ਼ਾਬਤੇ ਦੀ ਉਲੰਘਣਾ ਹੋਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।