ਕੇਂਦਰ ਦੀ ਤਰਜੀਹ ਮਨੀਪੁਰ ’ਚ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਸ਼ਾਂਤੀ ਲਿਆਉਣਾ ਹੈ : ਅਮਿਤ ਸ਼ਾਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਨੀਪੁਰ ’ਚ ਚੋਣ ਪ੍ਰਚਾਰ ਲਈ ਪੁੱਜੇ ਕੇਂਦਰੀ ਗ੍ਰਹਿ ਮੰਤਰੀ

Amit Shah

ਇੰਫ਼ਾਲ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਤਰਜੀਹ ਨਸਲੀ ਸੰਘਰਸ਼ ਗ੍ਰਸਤ ਮਨੀਪੁਰ ’ਚ ਸ਼ਾਂਤੀ ਬਹਾਲ ਕਰਨਾ ਹੈ। ਸ਼ਾਹ ਨੇ ਇੰਫਾਲ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਲੋਕ ਸਭਾ ਚੋਣਾਂ ਮਨੀਪੁਰ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਤਾਕਤਾਂ ਅਤੇ ਇਸ ਨੂੰ ਇਕਜੁੱਟ ਰੱਖਣ ਵਾਲਿਆਂ ਵਿਚਕਾਰ ਹਨ।

ਭਾਜਪਾ ਦੇ ਸੀਨੀਅਰ ਨੇਤਾ ਸ਼ਾਹ ਨੇ ਦਾਅਵਾ ਕੀਤਾ ਕਿ ਉੱਤਰ-ਪੂਰਬੀ ਸੂਬੇ ਦੀ ਵੱਸੋਂ ਨੂੰ ਬਦਲਣ ਲਈ ਘੁਸਪੈਠ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਸ਼ਾਹ ਨੇ ਕਿਹਾ, ‘‘ਮਨੀਪੁਰ ’ਚ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਣਾ ਅਤੇ ਸੂਬੇ ਨੂੰ ਵੰਡੇ ਬਿਨਾਂ ਸ਼ਾਂਤੀ ਸਥਾਪਤ ਕਰਨਾ ਨਰਿੰਦਰ ਮੋਦੀ ਸਰਕਾਰ ਦੀ ਤਰਜੀਹ ਹੈ।’’

ਮਨੀਪੁਰ ’ਚ ਪਿਛਲੇ ਸਾਲ 3 ਮਈ ਨੂੰ ਨਸਲੀ ਝੜਪਾਂ ਸ਼ੁਰੂ ਹੋਣ ਤੋਂ ਬਾਅਦ ਘੱਟੋ-ਘੱਟ 219 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਮੈਤੇਈ ਭਾਈਚਾਰੇ ਦੀ ਅਨੁਸੂਚਿਤ ਜਨਜਾਤੀ (ਐਸ.ਟੀ.) ਦਰਜੇ ਦੀ ਮੰਗ ਦੇ ਵਿਰੋਧ ’ਚ ਪਹਾੜੀ ਜ਼ਿਲ੍ਹਿਆਂ ’ਚ ‘ਕਬਾਇਲੀ ਇਕਜੁੱਟਤਾ ਮਾਰਚ’ ਕਢਿਆ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਉੱਤਰ-ਪੂਰਬ ਅਤੇ ਮਨੀਪੁਰ ਦੀ ਕਿਸਮਤ ਬਦਲੇਗੀ ਤਾਂ ਦੇਸ਼ ਦੀ ਕਿਸਮਤ ਬਦਲ ਜਾਵੇਗੀ। ਸ਼ਾਹ ਨੇ ਲੋਕਾਂ ਨੂੰ ਅੰਦਰੂਨੀ ਮਨੀਪੁਰ ਅਤੇ ਬਾਹਰੀ ਮਨੀਪੁਰ ਲੋਕ ਸਭਾ ਹਲਕਿਆਂ ’ਚ ਭਾਜਪਾ ਉਮੀਦਵਾਰਾਂ ਨੂੰ ਵੋਟ ਦੇਣ ਦੀ ਅਪੀਲ ਕੀਤੀ।