Lockdown 4.0 'ਚ Odd-Even ਦੀ ਤਰ੍ਹਾਂ ਖੁੱਲ੍ਹਣ ਬਜ਼ਾਰ, ਦਿੱਲੀ ਸਰਕਾਰ ਦਾ ਕੇਂਦਰ ਸਰਕਾਰ ਨੂੰ ਸੁਝਾਅ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੌਰਾਨ ਦਿੱਲੀ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਲੌਕਡਾਊਨ 4.0 ਸਬੰਧੀ ਸੁਝਾਅ ਭੇਜੇ ਗਏ ਹਨ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੌਰਾਨ ਦਿੱਲੀ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਲੌਕਡਾਊਨ 4.0 ਸਬੰਧੀ ਸੁਝਾਅ ਭੇਜੇ ਗਏ ਹਨ। ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਸ਼ੁੱਕਰਵਾਰ ਨੂੰ ਕੋਰੋਨਾ ਸੰਕਟ ਨੂੰ ਲੈ ਕੇ ਮੀਡੀਆ ਨਾਲ ਗੱਲਬਾਤ ਕੀਤੀ।

ਉਹਨਾਂ ਨੇ ਇਸ ਦੌਰਾਨ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਲੌਕਡਾਊਨ 4.0 ਲਈ ਸੁਝਾਅ ਭੇਜੇ ਜਾ ਚੁੱਕੇ ਹਨ। ਅਸੀਂ ਚਾਹੁੰਦੇ ਹਾਂ ਕਿ ਬੱਸਾਂ ਅਤੇ ਮੈਟਰੋ ਨੂੰ ਲਿਮਟਡ ਤਰੀਕੇ ਨਾਲ ਖੋਲਿਆ ਜਾਵੇ। ਉਹਨਾਂ ਕਿਹਾ ਕਿ ਅਸੀਂ ਸਰਕਾਰ ਨੂੰ 50 ਫੀਸਦੀ ਤੱਕ ਮਾਲ ਖੋਲ੍ਹਣ ਲਈ ਕਿਹਾ ਹੈ ਅਤੇ ਬਜ਼ਾਰਾਂ ਨੂੰ ਆਡ-ਈਵਨ ਦੇ ਅਧਾਰ 'ਤੇ ਖੋਲ੍ਹਣ ਦਾ ਸੁਝਾਅ ਦਿੱਤਾ ਹੈ।

ਇਸ ਤੋਂ ਇਲਾਵਾ ਜਨਤਕ ਥਾਵਾਂ 'ਤੇ ਮਾਸਕ ਪਹਿਨਣਾ ਜ਼ਰੂਰੀ ਕਰ ਦੇਣਾ ਚਾਹੀਦਾ ਹੈ। ਕੈਂਸਰ ਇੰਸਟੀਚਿਊਟ ਦੇ ਸਟਾਫ ਨੂੰ ਤਨਖ਼ਾਹ ਨਾ ਮਿਲਣ 'ਤੇ ਸਤਿੰਦਰ ਜੈਨ ਨੇ ਕਿਹਾ ਕਿ ਉਸ ਵਿਚ ਸਾਫਟਵੇਅਰ ਦੀ ਗਲਤੀ ਹੋਈ ਹੈ। ਸੈਲਰੀ ਸਾਰਿਆਂ ਨੂੰ ਮਿਲੇਗੀ, ਜੋ ਲੋਕ ਕੰਟਰੈਕਟ ਤੇ ਹਨ, ਉਹਨਾਂ ਨੂੰ ਕੰਟਰੈਕਟਰ ਹੀ ਪੈਸੇ ਦੇਣਗੇ।

ਦਿੱਲੀ ਵਿਚ ਵਧਦੇ ਮਾਮਲਿਆਂ ਨੂੰ ਲੈ ਕੇ ਸਿਹਤ ਮੰਤਰੀ ਨੇ ਕਿਹਾ ਕਿ ਪਹਿਲਾਂ ਅਜਿਹਾ ਕਿਹਾ ਜਾ ਰਿਹਾ ਸੀ ਕਿ ਗਰਮੀ ਵਿਚ ਮਾਮਲੇ ਘੱਟ ਹੋ ਸਕਦੇ ਹਨ ਪਰ ਅਜਿਹਾ ਨਹੀਂ ਹੋ ਰਿਹਾ ਹੈ ਪਰ ਵਧਦੀ ਗਿਣਤੀ ਦੀ ਬਜਾਏ  ਹੁਣ ਗ੍ਰੋਥ 'ਤੇ ਧਿਆਨ ਦੇਣਾ ਚਾਹੀਦਾ ਹੈ, ਜੋ ਹੁਣ 5 ਫੀਸਦੀ ਤੱਕ ਪਹੁੰਚ ਗਈ ਹੈ।

ਉਹਨਾਂ ਕਿਹਾ ਕਿ ਲੌਕਡਾਊਨ ਅਤੇ ਕੋਰੋਨਾ ਦੋਵਾਂ ਵਿਚ ਸੰਤੁਲਨ ਬਣਾ ਕੇ ਰੱਖਣਾ ਜ਼ਰੂਰੀ ਹੈ। ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਅਰਥਵਿਵਸਥਾ 'ਤੇ ਵੀ ਧਿਆਨ ਦੇਣਾ ਹੋਵੇਗਾ।

ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਨਤਾ ਕੋਲੋਂ ਲੌਕਡਾਊਨ ਨੂੰ ਲੈ ਕੇ ਸੁਝਾਅ ਮੰਗੇ ਸੀ। ਦਿੱਲੀ ਸਰਕਾਰ ਨੂੰ 24 ਘੰਟਿਆਂ ਅੰਦਰ ਕਰੀਬ 5 ਲੱਖ ਤੋਂ ਜ਼ਿਆਦਾ ਸੁਝਾਅ ਮਿਲੇ ਸੀ, ਜਿਨ੍ਹਾਂ ਦੇ ਅਧਾਰ 'ਤੇ ਕੇਂਦਰ ਨੂੰ ਪ੍ਰਸਤਾਵ ਭੇਜਿਆ ਗਿਆ ਹੈ।