ਦਿੱਲੀ ਵਿਚ ਪੀਐਮ ਮੋਦੀ ਖ਼ਿਲਾਫ਼ ਲੱਗੇ ਪੋਸਟਰ, ਪੁਲਿਸ ਨੇ 9 ਨੂੰ ਕੀਤਾ ਗ੍ਰਿਫ਼ਤਾਰ
ਪੋਸਟ ’ਤੇ ਲਿਖਿਆ, ‘ਮੋਦੀ ਜੀ ਸਾਡੇ ਬੱਚਿਆਂ ਦੀ ਵੈਕਸੀਨ ਵਿਦੇਸ਼ ਕਿਉਂ ਭੇਜ ਦਿੱਤੀ?’
ਨਵੀਂ ਦਿੱਲੀ: ਕੋਵਿਡ ਟੀਕਾਕਰਨ ਮੁਹਿੰਮ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਆਲੋਚਨਾਤਮਕ ਟਿਪਣੀਆਂ ਵਾਲੇ ਪੋਸਟਰ ਲਗਾਉਣ ਦੇ ਦੋਸ਼ ਵਿਚ ਦਿੱਲੀ ਪੁਲਿਸ ਨੇ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਦਿੱਲੀ ਦੇ ਕਈ ਜ਼ਿਲ੍ਹਿਆਂ ਵਿਚ 10 ਮਾਮਲੇ ਦਰਜ ਕੀਤੇ ਗਏ। ਪੁਲਿਸ ਨੇ ਦੱਸਿਆ ਕਿ ਚਾਰ ਗ੍ਰਿਫ਼ਤਾਰੀਆਂ ਕਲਿਆਣਪੁਰੀ ਤੋਂ ਕੀਤੀਆਂ ਗਈਆਂ।
ਇਹ ਲੋਕ ਆਮ ਆਦਮੀ ਪਾਰਟੀ ਕੌਂਸਲਰ ਧੀਰੇਂਦਰ ਕੁਮਾਰ ਲਈ ਕੰਮ ਕਰ ਰਹੇ ਸੀ। ਹਾਲਾਂਕਿ ਆਪ ਕੌਂਸਲਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਹਨਾ ਨੂੰ ਜਾਣਕਾਰੀ ਮਿਲੀ ਕਿ ਦਿੱਲੀ ਦੇ ਕਈ ਇਲਾਕਿਆਂ ਵਿਚ ਪੋਸਟਰ ਲਾਗਏ ਜਾ ਰਹੇ ਹਨ। ਇਹਨਾਂ ’ਤੇ ਲਿਖਿਆ ਹੈ, ‘ਮੋਦੀ ਜੀ ਸਾਡੇ ਬੱਚਿਆਂ ਦੀ ਵੈਕਸੀਨ ਵਿਦੇਸ਼ ਕਿਉਂ ਭੇਜ ਦਿੱਤੀ?’
ਅਧਿਕਾਰੀ ਨੇ ਦੱਸਿਆ ਕਿ, ‘ਕਾਰਵਾਈ ਕਰਦੇ ਹੋਏ, ਸਾਰੇ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ। ਹੁਣ ਤੱਕ 10 ਐਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ ਤੇ ਸ਼ਿਕਾਇਤ ਦੇ ਅਧਾਰ ’ਤੇ ਹੋਰ ਵੀ ਦਰਜ ਕਰ ਰਹੇ ਹਾਂ’। ਅਧਿਕਾਰੀ ਦਾ ਕਹਿਣਾ ਹੈ ਕਿ ਚਾਰ ਲੋਕਾਂ ਨੂੰ ਪੂਰਬੀ ਜ਼ਿਲ੍ਹੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਉੱਤਰ ਪੂਰਬੀ ਜ਼ਿਲ੍ਹੇ ਵਿਚ ਵੀ ਤਿੰਨ ਮਾਮਲੇ ਦਰਜ ਹੋਏ ਅਤੇ ਦੋ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਉੱਥੇ ਹੀ ਉੱਤਰ ਅਤੇ ਦਵਾਰਿਕਾ ਵਿਚ ਇਕ ਐਫਆਈਆਰ ਤੇ ਇਕ ਗ੍ਰਿਫ਼ਤਾਰੀ ਹੋਈ ਹੈ। ਇਸ ਤੋਂ ਇਲਾਵਾ ਰੋਹਿਣੀ ਵਿਚ ਦੋ ਐਫਆਈਆਰ ਅਤੇ ਦੋ ਗ੍ਰਿਫ਼ਾਤਾਰੀਆਂ, ਮੱਧ ਅਤੇ ਪੱਛਮੀ ਜ਼ਿਲ੍ਹਿਆਂ ਵਿਚ ਇਕ ਇਕ ਐਫਆਈਆਰ ਦਰਜ ਕੀਤੀ ਗਈ।