ਉੱਤਰ-ਪੂਰਬੀ ਰਾਜਾਂ ਵਿਚ ਭਾਰੀ ਮੀਂਹ, ਚਾਰ ਦੀ ਮੌਤ, ਹਜ਼ਾਰਾਂ ਬੇਘਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ-ਪੂਰਬੀ ਰਾਜਾਂ ਵਿਚ ਪਿਛਲੇ 48 ਘੰਟਿਆਂ ਤੋਂ ਪੈ ਰਹੇ ਮੀਂਹ ਕਾਰਨ ਤ੍ਰਿਪੁਰਾ ਅਤੇ ਮਣੀਪੁਰ ਵਿਚ ਚਾਰ ਜਣਿਆ ਦੀ ਮੌਤ.....

Rain Water In the Houses

ਅਗਰਤਲਾ: ਉੱਤਰ-ਪੂਰਬੀ ਰਾਜਾਂ ਵਿਚ ਪਿਛਲੇ 48 ਘੰਟਿਆਂ ਤੋਂ ਪੈ ਰਹੇ ਮੀਂਹ ਕਾਰਨ ਤ੍ਰਿਪੁਰਾ ਅਤੇ ਮਣੀਪੁਰ ਵਿਚ ਚਾਰ ਜਣਿਆ ਦੀ ਮੌਤ ਹੋ ਗਈ। ਮੀਂਹ ਕਾਰਨ ਆਸਾਮ ਵਿਚ ਰੇਲ ਸੇਵਾ ਵਿਚ ਅੜਿੱਕਾ ਪਿਆ ਹੈ ਅਤੇ ਇਲਾਕੇ ਵਿਚ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਤ੍ਰਿਪੁਰਾ ਵਿਚ ਰਾਜ ਸਰਕਾਰ ਦੀਆਂ ਬਚਾਅ ਮੁਹਿੰਮਾਂ ਲਈ ਕੇਂਦਰ ਨੇ ਫ਼ੌਜ ਅਤੇ ਐਨਡੀਆਰਐਫ਼ ਦੀ ਸਹਾਇਤਾ ਮੰਗੀ ਹੈ। 

ਰਾਜ ਪ੍ਰਸ਼ਾਸਨ ਦੇ ਅਧਿਕਾਰੀ ਨੇ ਦਸਿਆ ਕਿ ਕਲ ਹੜ੍ਹ ਪ੍ਰਭਾਵਤ ਇਲਾਕੇ ਉਨਕੋਟੀ ਜ਼ਿਲ੍ਹੇ ਦਾ ਦੌਰਾ ਕਰਨ ਵਾਲੇ ਮੁੱਖ ਮੰਤਰੀ ਬਿਲਬ ਦੇਵ ਨੇ ਅੱਜ ਸਵੇਰੇ ਰਾਜ ਦੀ 'ਗੰਭੀਰ ਹਾਲਤ' ਬਾਰੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਜਾਣੂੰ ਕਰਾਇਆ। ਉਨ੍ਹਾਂ ਕਿਹਾ, 'ਕੇਂਦਰ ਨੇ ਹੜ੍ਹਾਂ ਦੀ ਹਾਲਤ ਨਾਲ ਸਿੱਝਣ ਲਈ ਜ਼ਰੂਰੀ ਮਦਦ ਉਪਲਭਧ ਕਰਾਉਣ ਦਾ ਭਰੋਸਾ ਦਿਤਾ ਹੈ।' ਉਨ੍ਹਾਂ ਦਸਿਆ ਕਿ ਮੁੱਖ ਮੰਤਰੀ ਨੇ ਲੋਕਾਂ ਨਾਲ ਸਥਾਨਕ ਪ੍ਰਸ਼ਾਸਨ ਦੀਆਂ ਬਚਾਅ ਮੁਹਿੰਮਾਂ ਵਿਚ ਸਹਿਯੋਗ ਅਤੇ ਸਹਾਇਤਾ ਕਰਨ ਦੀ ਅਪੀਲ ਵੀ ਕੀਤੀ ਹੈ। 

ਗੁਆਂਢੀ ਮਣੀਪੁਰ ਜ਼ਿਲ੍ਹੇ ਵਿਚ ਰਾਜ ਸਰਕਾਰ ਨੇ ਹੜ੍ਹ ਦੀ ਹਾਲਤ ਨੂੰ ਵੇਖਦਿਆਂ ਅਤੇ ਇਸ ਦੇ ਆਸਪਾਸ ਦੇ ਜ਼ਿਲ੍ਹਿਆਂ ਵਿਚ ਸਾਰੇ ਵਿਦਿਅਕ ਸੰਸਥਾਵਾਂ ਅਤੇ ਸਰਕਾਰੀ ਦਫ਼ਤਰਾਂ ਵਿਚ ਸ਼ੁਕਰਵਾਰ ਤਕ 'ਛੁੱਟੀ' ਦਾ ਐਲਾਨ ਕਰ ਦਿਤਾ ਹੈ। 
ਸੂਚਨਾ ਅਤੇ ਜਨ ਸੰਪਰਕ ਵਿਭਾਗ ਨੇ ਦਸਿਆ ਕਿ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਮੂਸਲਾਧਾਰ ਮੀਂਹ ਕਾਰਨ ਨਦੀ ਦੇ ਕੰਢਿਆਂ ਨੂੰ ਹੋਏ ਨੁਕਸਾਨ ਦੀ ਮੁਰੰਮਤ ਦਾ ਖ਼ੁਦ ਨਿਰੀਖਣ ਕੀਤਾ।