ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਰਕਰਾਂ ਵਲੋਂ ਤਾਜ ਮਹਿਲ ਦੇ ਗੇਟ ਨੂੰ ਤੋੜਨ ਦੀ ਕੋਸ਼ਿਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਸ਼ਵ ਪ੍ਰਸਿੱਧ ਆਗਰਾ ਦੇ ਤਾਜ ਮਹਿਲ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦੇ ਵਰਕਰਾਂ ਨੇ ਤਾਜ ਮਹਿਲ ਦੇ ਪੱਛਮੀ ਗੇਟ ...

VHP MEMBERS DAMAGE TAJ MAHAL GATE

ਵਿਸ਼ਵ ਪ੍ਰਸਿੱਧ ਆਗਰਾ ਦੇ ਤਾਜ ਮਹਿਲ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦੇ ਵਰਕਰਾਂ ਨੇ ਤਾਜ ਮਹਿਲ ਦੇ ਪੱਛਮੀ ਗੇਟ ਨੂੰ ਗਿਰਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਗੇਟ 400 ਸਾਲ ਪੁਰਾਣੇ ਹਿੰਦੂ ਮੰਦਰ ਜਾਣ ਦੇ ਰਸਤੇ ਨੂੰ ਬਲਾਕ ਕਰ ਰਿਹਾ ਹੈ, ਇਸ ਲਈ ਇਸ ਨੂੰ ਤੋੜਿਆ ਜਾਣਾ ਚਾਹੀਦਾ ਹੈ। ਇਹ ਘਟਨਾ ਤਾਜ ਮਹਿਲ ਦੇ ਪੱਛਮੀ ਗੇਟ ਤੋਂ 300 ਮੀਟਰ ਦੀ ਦੂਰੀ (ਬਸਈ ਘਾਟ) ਦੀ ਹੈ। ਰਿਪੋਰਟ ਮੁਤਾਬਕ ਏਐਸਆਈ ਦੇ ਲੋਕ ਗੇਟ ਦੇ ਕੋਲ ਟਰਨਸਟਾਇਲ ਗੇਟ ਅਤੇ ਮੈਟਲ ਡਿਟੈਕਟਰ ਲਈ ਫ੍ਰੇਮ ਤਿਆਰ ਕਰ ਰਹੇ ਸਨ,

ਉਸੇ ਵੇਲੇ ਵੀਐਚਪੀ ਦੇ ਵਰਕਰ ਉਥੇ ਆਏ ਅਤੇ ਉਨ੍ਹਾਂ ਨੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿਤਾ। ਵੀਐਚਪੀ ਦੇ ਮੈਂਬਰਾਂ ਨੇ ਪਹਿਲਾਂ ਗੇਟ ਦੇ ਕੋਲ ਪ੍ਰਦਰਸ਼ਨ ਕੀਤਾ, ਬਾਅਦ ਵਿਚ ਇਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਰਿਪੋਰਟ ਮੁਤਾਬਕ ਵੀਐਚਪੀ ਦੇ ਮੈਂਬਰ ਹਥੌੜੇ ਅਤੇ ਲੋਹੇ ਦੀਆਂ ਰਾਡਾਂ ਨਾਲ ਲੈਸ ਸਨ ਅਤੇ ਉਨ੍ਹਾਂ ਨੇ ਇਸ ਨਾਲ ਗੇਟ ਨੂੰ ਤੋੜਨ ਕੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਨੇ ਟਰਨਸਟਾਇਲ ਗੇਟ ਨੂੰ ਉਥੋਂ ਹਟਾ ਦਿਤਾ ਅਤੇ ਏਐਸਆਈ ਦੇ ਵਿਰੁਧ ਨਾਅਰੇਬਾਜ਼ੀ ਕੀਤੀ। ਪੁਰਾਤਤਵ ਸਰਵੇਖਣ ਵਿਭਾਗ (ਏਐਸਆਈ) ਨੇ ਵੀਐਚਪੀ ਦੇ 25-30 ਮੈਂਬਰਾਂ ਵਿਰੁਧ ਦੰਗੇ ਭੜਕਾਉਣ ਦਾ ਕੇਸ ਦਰਜ ਕੀਤਾ ਹੈ।

ਤਾਜ ਸੁਰੱਖਿਆ ਸਰਕਲ ਅਫ਼ਸਰ ਪ੍ਰਭਾਤ ਕੁਮਾਰ ਨੇ ਕਿਹਾ ਕਿ ਐਤਵਾਰ ਨੂੰ ਵੀਐਚਪੀ ਦੇ 25-30 ਵਰਕਰ ਤਾਜ ਮਹਿਲ ਦੇ ਪੱਛਮੀ ਗੇਟ 'ਤੇ ਪਹੁੰਚੇ ਅਤੇ ਉਥੇ ਨਵੇਂ ਲੱਗੇ ਟਰਨਸਟਾਇਲ ਗੇਟ ਨੂੰ ਤੋੜਨ ਦੀ ਕੋਸ਼ਿਸ਼ ਕਰਨ ਲੱਗੇ। ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿਚ ਹਥੌੜੇ ਅਤੇ ਰਾਡਾਂ ਫੜੀਆਂ ਹੋਈਆਂ ਸਨ। ਉਨ੍ਹਾਂ ਨੇ ਗੇਟ ਨੂੰ ਹਟਾ ਕੇ ਸੁੱਟ ਦਿਤਾ। ਇਸ ਦੌਰਾਨ ਤਾਜ ਸੁਰੱਖਿਆ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਉਨ੍ਹਾਂ ਨੇ ਅਜਿਹਾ ਕਰਨ ਤੋਂ ਰੋਕਿਆ ਗਿਆ। ਪੁਲਿਸ ਨੇ ਵੀਐਚਪੀ ਵਰਕਰਾਂ ਨੇ ਗੱਲਬਾਤ ਕਰ ਕੇ ਉਨ੍ਹਾਂ ਨੂੰ ਸਿਧੇਸ਼ਵਰ ਮਹਾਂਦੇਵ ਮੰਦਰ ਜਾਣ ਦੇ ਦੂਜੇ ਰਸਤੇ ਸਬੰਧੀ ਦੱਸਣ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਨੂੰ ਮੰਨਣ ਲਈ ਤਿਆਰ ਨਹੀਂ ਸਨ।

ਇਸ ਮਾਮਲੇ ਵਿਚ ਰਵੀ ਦੂਬੇ, ਮਦਨ ਵਰਮਾ, ਮੋਹਿਤ ਸ਼ਰਮਾ, ਨਿਰੰਜਨ ਸਿੰਘ ਰਾਠੌਰ, ਗੁੱਲਾ ਸਮੇਤ ਵੀਐਚਪੀ ਦੇ 25 ਅਣਪਛਾਤੇ ਵਰਕਰਾਂ ਵਿਰੁਧ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ ਅਜੇ ਤਕ ਕਿਸੇ ਦੀ ਵੀ ਇਸ ਵਿਚ ਗ੍ਰਿਫ਼ਤਾਰੀ ਨਹੀਂ ਹੋਈ ਹੈ। ਵੀਐਚਪੀ ਦੇ ਪ੍ਰਾਂਤ ਵਿਸ਼ੇਸ਼ ਮੁਖੀ ਰਵੀ ਦੂਬੇ ਨੇ ਕਿਹਾ ਕਿ ਤਾਜ ਮਹਿਲ ਦੀ ਪੱਛਮੀ ਦੀਵਾਰ ਨਾਲ ਲਗਦੇ ਸਿਧੇਸ਼ਵਰ ਮਹਾਦੇਵ ਮੰਦਰ ਨੂੰ ਜਾਣ ਦਾ ਰਸਤਾ ਪ੍ਰਭਾਵਤ ਹੋ ਰਿਹਾ ਹੈ। ਸਿਧੇਸ਼ਵਰ ਮਹਾਦੇਵ ਮੰਦਰ 400 ਸਾਲ ਪੁਰਾਣਾ ਹੈ। ਇਸ ਦੀ ਹੋਂਦ ਤਾਜ ਮਹਿਲ ਤੋਂ ਵੀ ਪੁਰਾਣੀ ਹੈ।