ਭਾਰਤ-ਨੇਪਾਲ ਵਿਚਾਲੇ 'ਰੋਟੀ-ਬੇਟੀ' ਦਾ ਰਿਸ਼ਤਾ ਹੈ, ਜਿਸ ਨੂੰ ਕੋਈ ਵੀ ਤੋੜ ਨਹੀਂ ਸਕਦਾ : ਰਾਜਨਾਥ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਪਸੀ ਮਸਲਿਆਂ ਦਾ ਗੱਲਬਾਤ ਜ਼ਰੀਏ ਕੱਢ ਲਿਆ ਜਾਵੇਗਾ ਹੱਲ

Rajnath Singh

ਨਵੀਂ ਦਿੱਲੀ : ਭਾਰਤ ਤੇ ਨੇਪਾਲ ਵਿਚਾਲੇ ਚੱਲ ਰਹੀ ਖਿੱਚੋਤਾਣ ਇਸ ਸਮੇਂ ਸੁਰਖੀਆਂ ਵਿਚ ਹੈ। ਦੂਜੇ ਪਾਸੇ ਚੀਨੀ ਸਰਹੱਦ 'ਤੇ ਵੀ ਹਾਲਾਤ ਕੋਈ ਬਹੁਤੇ ਚੰਗੇ ਨਹੀਂ। ਇਸ ਖਿੱਚੋਤਾਣ ਪਿਛੇ ਚੀਨੀ ਹੱਥ ਹੋਣ ਦੀਆਂ ਅਫ਼ਵਾਹਾਂ ਵੀ ਉਡਦੀਆਂ ਰਹੀਆਂ ਹਨ। ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਖਿੱਚੋਤਾਣ ਦਰਮਿਆਨ ਦੇਸ਼ ਦੇ ਰੱਖਿਆ ਮੰਤਰੀ ਨੇ ਇਸ ਨੂੰ ਮਾਮੂਲੀ ਗ਼ਲਤਫਹਿਮੀ ਦਸਦਿਆਂ ਮਸਲਿਆਂ ਨੂੰ ਗੱਲਬਾਤ ਜ਼ਰੀਏ ਹੱਲ ਕਰਨ ਦਾ ਭਰੋਸਾ ਪ੍ਰਗਟਾਇਆ ਹੈ। ਉਤਰਾਂਖੰਡ ਵਿਖੇ ਭਾਜਪਾ ਵਰਕਰਾਂ ਦੀ 'ਜਨਸੰਵਾਦ ਰੈਲੀ' ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ-ਨੇਪਾਲ ਦਾ ਰਿਸ਼ਤਾ 'ਰੋਟੀ-ਬੇਟੀ' ਦਾ ਹੈ, ਜਿਸ ਨੂੰ ਦੁਨੀਆਂ ਦੀ ਕੋਈ ਵੀ ਤਾਕਤ ਤੋੜ ਨਹੀਂ ਸਕਦੀ। ਭਾਰਤ ਅਤੇ ਨੇਪਾਲ ਵਿਚਕਾਰ ਜੇਕਰ ਕੋਈ ਗ਼ਲਤਫ਼ਹਿਮੀ ਹੈ ਤਾਂ ਅਸੀਂ ਉਸਨੂੰ ਗੱਲਬਾਤ ਰਾਹੀਂ ਹੱਲ ਕਰ ਲਵਾਂਗੇ।

ਉਨ੍ਹਾਂ ਅੱਗੇ ਕਿਹਾ ਕਿ ਸਾਡੇ ਇੱਥੇ ਗੋਰਖਾ ਰੈਜੀਮੈਂਟ ਨੇ ਸਮੇਂ ਸਮੇਂ 'ਤੇ ਅਪਣੀ ਬਹਾਦਰੀ ਦਾ ਸਬੂਤ ਦਿਤਾ ਹੈ। ਇਸ ਰੈਜੀਮੈਂਟ ਦਾ ਮੁੱਖ ਉਦੇਸ਼ ਹੈ ਕਿ 'ਜੈ ਮਹਾਂਕਾਲੀ ਆਯੋ ਰੀ ਗੋਰਖਾਲੀ'। ਮਹਾਕਾਲੀ ਤਾਂ ਕਲਕੱਤਾ, ਕਾਮਾਖਿਯਾ ਅਤੇ ਵਿਧਾਚਲ ਵਿਚ ਬਿਰਾਜਮਾਨ ਹੈ। ਫਲਸਰੂਪ ਭਾਰਤ ਅਤੇ ਨੇਪਾਲ ਦਾ ਰਿਸ਼ਤਾ ਕਿਵੇਂ ਟੁੱਟ ਸਕਦਾ ਹੈ?

ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਭਾਰਤੀਆਂ ਦੇ ਮੰਨ ਅੰਦਰ ਨੇਪਾਲ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੱਟੜਤਾ ਪੈਦਾ ਹੋ ਹੀ ਨਹੀਂ ਸਕਦੀ। ਸਾਡਾ ਨੇਪਾਲ ਨਾਲ ਬਹੁਤ ਹੀ ਗਹਿਰਾ ਤੇ ਨੇੜਲਾ ਸਬੰਧ ਹੈ। ਅਸੀਂ ਸਾਰੀਆਂ ਸਮੱਸਿਆਵਾਂ ਦਾ ਹੱਲ ਮਿਲ-ਬੈਠ ਕੇ ਕਰਨ ਦੇ ਸਮਰੱਥ ਹਾਂ। ਉਨ੍ਹਾਂ ਅੱਗੇ ਕਿਹਾ ਕਿ ਲਿਪੁਲੇਖ 'ਚ ਸੀਮਾ ਸੜਕ ਸੰਗਠਨ ਵਲੋਂ ਬਣਾਈ ਗਈ ਸੜਕ ਇਕਦਮ ਭਾਰਤੀ ਖੇਤਰ ਅੰਦਰ ਹੈ।

ਉਨ੍ਹਾਂ ਕਿਹਾ ਕਿ ਭਾਰਤ ਅਤੇ ਨੇਪਾਲ ਵਿਚਾਲੇ ਕਰੀਬ 1800 ਕਿਲੋਮੀਟਰ ਲੰਮੀ ਸੀਮਾ ਹੈ ਜੋ ਪੂਰੀ ਤਰ੍ਹਾਂ ਖੁਲ੍ਹੀ ਹੋਈ ਹੈ। ਭਾਰਤ-ਨੇਪਾਲ ਸੀਮਾ ਦੇ ਦੋਵੇਂ ਪਾਸੇ ਕਈ ਪਿੰਡ ਵਸੇ ਹੋਏ ਹਨ। ਕਈ ਪਿੰਡ ਸੀਮਾ ਦੇ ਬਿਲਕੁਲ ਨਾਲ ਹਨ। ਇਨ੍ਹਾਂ 'ਚ ਵਪਾਰ ਸਮੇਤ ਹੋਰ ਗਤੀਵਿਧੀਆਂ ਇਕ-ਦੂਸਰੇ ਦੇ ਸਹਾਰੇ ਹੀ ਹੁੰਦੀਆਂ ਹਨ। ਨੇਪਾਲ ਦੇ ਪਹਾੜੀ ਇਲਾਕਿਆਂ 'ਚ ਵਸੇ ਲੋਕਾਂ ਨੂੰ ਰਾਸ਼ਨ ਅਤੇ ਹੋਰ ਜ਼ਰੂਰਤਾਂ ਲਈ ਭਾਰਤੀ ਬਾਜ਼ਾਰਾਂ ਅਤੇ ਪਿੰਡਾਂ ਦਾ ਸਹਾਰਾ ਲੈਣਾ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਖੁਲ੍ਹੀ ਸਰਹੱਦ ਕਾਰਨ ਆਉਣ-ਜਾਣ 'ਚ ਕੋਈ ਦਿੱਕਤ ਨਹੀਂ ਹੈ। ਨੇਪਾਲ ਦੇ ਕੁੱਝ ਕਿਸਾਨ ਭਾਰਤੀ ਇਲਾਕੇ ਅੰਦਰ ਖੇਤੀ ਕਰਦੇ ਹਨ ਜਦਕਿ ਭਾਰਤ ਦੇ ਕੁੱਝ ਕਿਸਾਨ ਨੇਪਾਲੀ ਇਲਾਕੇ ਅੰਦਰ ਰਹਿ ਕੇ ਵਪਾਰ ਕਰਦੇ ਹਨ। ਇਹ ਸਾਰੇ ਸ਼ਾਮ ਨੂੰ ਅਪਣੇ ਘਰ ਆ ਜਾਂਦੇ ਹਨ। ਇੰਨਾ ਹੀ ਨਹੀਂ, ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਨੇੜਲੇ ਪਿੰਡਾਂ 'ਚ ਲੋਕਾਂ ਦੇ ਇਕ-ਦੂਸਰੇ ਦੇ ਇਲਾਕਿਆਂ ਅੰਦਰ ਵਿਆਹ-ਸਬੰਧ ਵੀ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।