ਐਨਆਈਏ ਸੋਧ ਬਿਲ 'ਤੇ ਚਰਚਾ ਦੌਰਾਨ ਅਮਿਤ ਤੇ ਓਵੈਸੀ ਵਿਚ ਹੋਈ ਤਕਰਾਰਬਾਜ਼ੀ
ਉਹ ਭਾਜਪਾ ਦੇ ਮੈਂਬਰਾ ਨੂੰ ਕਿਉਂ ਟੋਕ ਰਹੇ ਹਨ: ਅਮਿਤ ਸ਼ਾਹ
ਨਵੀਂ ਦਿੱਲੀ: ਲੋਕ ਸਭਾ ਵਿਚ ਸੋਮਵਾਰ ਨੂੰ ਐਨਆਈਏ ਸੋਧ ਬਿੱਲ 'ਤੇ ਚਰਚਾ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਏਆਈਐਮਆਈਐਮ ਆਗੂ ਅਸਦੁਦੀਨ ਓਵੈਸੀ ਦੌਰਾਨ ਤਕਰਾਰਬਾਜ਼ੀ ਦੇਖਣ ਨੂੰ ਮਿਲੀ। ਓਵੈਸੀ ਨੇ ਕਿਹਾ ਕਿ ਉਹ ਗ੍ਰਹਿ ਮੰਤਰੀ ਹਨ ਤਾਂ ਡਰਾਓ ਨਾ ਜਿਸ 'ਤੇ ਸ਼ਾਹ ਨੇ ਕਿਹਾ ਕਿ ਉਹ ਡਰਾ ਨਹੀਂ ਰਹੇ ਹਨ ਪਰ ਜੇ ਡਰ ਜ਼ਹਿਨ ਵਿਚ ਹੈ ਤਾਂ ਕੀ ਕੀਤਾ ਜਾ ਸਕਦਾ ਹੈ।
ਕੌਮੀ ਜਾਂਚ ਏਜੰਸੀ ਬਿੱਲ 2019 'ਤੇ ਚਰਚਾ ਵਿਚ ਭਾਗ ਲੈਂਦੇ ਹੋਏ ਭਾਜਪਾ ਦੇ ਸੱਤਿਆਪਾਲ ਸਿੰਘ ਨੇ ਕਿਹਾ ਕਿ ਹੈਦਰਾਬਾਦ ਦੇ ਪੁਲਿਸ ਮੁੱਖੀ ਨੂੰ ਇਕ ਆਗੂ ਨੇ ਇਕ ਆਰੋਪੀ ਵਿਰੁਧ ਕਾਰਵਾਈ ਕਰਨ ਤੋਂ ਰੋਕਿਆ ਸੀ ਅਤੇ ਕਿਹਾ ਸੀ ਕਿ ਉਹ ਕਾਰਵਾਈ ਅੱਗੇ ਵਧਾਉਂਦੇ ਹਨ ਤਾਂ ਉਹਨਾਂ ਲਈ ਮੁਸ਼ਕਲ ਹੋ ਜਾਵੇਗੀ। ਇਸ 'ਤੇ ਏਆਈਐਮਐਈਐਮ ਦੇ ਅਸਦੁਦੀਨ ਓਵੈਸੀ ਅਪਣੇ ਸਥਾਨ 'ਤੇ ਖੜ੍ਹੇ ਹੋ ਗਏ ਅਤੇ ਕਿਹਾ ਕਿ ਭਾਜਪਾ ਮੈਂਬਰ ਜਿਸ ਨਿਜੀ ਗੱਲਬਾਤ ਦੀ ਚਰਚਾ ਕਰ ਰਹੇ ਹਨ ਅਤੇ ਜਿਸ ਦੀ ਗੱਲ ਕਰ ਰਹੇ ਹਨ ਉਹ ਇੱਥੇ ਮੌਜੂਦ ਨਹੀਂ ਹੈ।
ਕੀ ਭਾਜਪਾ ਮੈਂਬਰ ਇਸ ਦੇ ਸਬੂਤ ਸਦਨ ਵਿਚ ਰੱਖ ਸਕਦੇ ਹਨ। ਸਦਨ ਵਿਚ ਮੌਜੂਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਡੀਐਮਕੇ ਮੈਂਬਰ ਏ ਰਾਜਾ ਬੋਲ ਰਹੇ ਸਨ ਤਾਂ ਓਵੈਸੀ ਨੇ ਕਿਉਂ ਨਹੀਂ ਟੋਕਿਆ। ਉਹ ਭਾਜਪਾ ਦੇ ਮੈਂਬਰਾ ਨੂੰ ਕਿਉਂ ਟੋਕ ਰਹੇ ਹਨ। ਅਲੱਗ-ਅਲੱਗ ਮਾਪਦੰਡ ਨਹੀਂ ਹੋਣਾ ਚਾਹੀਦਾ। ਇਸ 'ਤੇ ਓਵੈਸੀ ਨੇ ਕਿਹਾ ਕਿ ਉਹ ਗ੍ਰਹਿ ਮੰਤਰੀ ਹਨ ਤਾਂ ਉਸ ਨੂੰ ਡਰਾਉਣ ਨਾ। ਉਹ ਡਰਨ ਵਾਲੇ ਨਹੀਂ ਹਨ।