ਦਿੱਲੀ ’ਚ ਹੜ੍ਹ ਲਈ ‘ਆਪ’ ਅਤੇ ਭਾਜਪਾ ਨੇ ਇਕ-ਦੂਜੇ ਨੂੰ ਦੋਸ਼ੀ ਠਹਿਰਾਇਆ
ਭਾਜਪਾ ਦੀ ਸਾਜ਼ਸ਼ ਕਾਰਨ ਦਿੱਲੀ ’ਚ ਹੜ੍ਹ ਆਇਆ : ਆਮ ਆਦਮੀ ਪਾਰਟੀ
ਦਿੱਲੀ 'ਚ ਹੜ੍ਹ ‘ਆਪ’ ਸਰਕਾਰ ਦੀ ‘ਅਸਰਗਰਮੀ ਅਤੇ ਭ੍ਰਿਸ਼ਟਾਚਾਰ’ ਦਾ ਨਤੀਜਾ: ਭਾਜਪਾ
ਨਵੀਂ ਦਿੱਲੀ: ਭਾਰੀ ਮੀਂਹ ਅਤੇ ਯਮੁਨਾ ’ਚ ਉਫ਼ਾਨ ਕਾਰਨ ਦਿੱਲੀ ’ਚ ਆਏ ਹੜ੍ਹ ’ਤੇ ਅੱਜ ਰਾਜਧਾਨੀ ਦੀ ਸਿਆਸਤ ਗਰਮਾ ਗਈ ਅਤੇ ਆਮ ਆਦਮੀ ਪਾਰਟੀ (ਆਪ) ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਇਕ ਦੂਜੇ ਨੂੰ ਹੜ੍ਹ ਲਈ ਜ਼ਿੰਮੇਵਾਰ ਦਸਿਆ।
ਦਿੱਲੀ ਦੇ ਕੈਬਨਿਟ ਮੰਤਰੀ ਸੌਰਭ ਭਾਰਦਵਾਜ ਨੇ ਦੋਸ਼ ਲਾਇਆ ਕਿ ਕੇਂਦਰ ਅਤੇ ਹਰਿਆਣਾ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਜਾਣਬੁਝ ਕੇ ਰਾਸ਼ਟਰੀ ਰਾਜਧਾਨੀ ਵਲ ਪਾਣੀ ਛਡਿਆ, ਜਿਸ ਨਾਲ ਸ਼ਹਿਰ ਵਿਚ ਹੜ੍ਹ ਆ ਗਏ। ਇੱਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਰਦਵਾਜ ਨੇ ਕਿਹਾ ਕਿ ਦਿੱਲੀ ਵਿਚ ਪਿਛਲੇ 3-4 ਦਿਨਾਂ ਵਿਚ ਭਾਰੀ ਮੀਂਹ ਨਹੀਂ ਪਿਆ, ਫਿਰ ਵੀ ਯਮੁਨਾ ’ਚ ਪਾਣੀ ਦਾ ਪੱਧਰ 208.66 ਮੀਟਰ ਤਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ, ‘‘ਹਥੀਨੀਕੁੰਡ ਬੈਰਾਜ ਤੋਂ ਤਿੰਨ ਨਹਿਰਾਂ – ਪਛਮੀ ਨਹਿਰ, ਪੂਰਬੀ ਨਹਿਰ ਅਤੇ ਯਮੁਨਾ ਵਿਚ ਪਾਣੀ ਛਡਿਆ ਜਾਂਦਾ ਹੈ। 9 ਤੋਂ 13 ਜੁਲਾਈ ਦਰਮਿਆਨ ਇਕ ਸਾਜ਼ਸ਼ ਤਹਿਤ ਯਮੁਨਾ ਨਹਿਰ ਤੋਂ ਦਿੱਲੀ ਵਲ ਹੀ ਪਾਣੀ ਛਡਿਆ ਗਿਆ। ਪਛਮੀ ਅਤੇ ਪੂਰਬੀ ਨਹਿਰਾਂ ’ਚ ਕੋਈ ਪਾਣੀ ਨਹੀਂ ਛਡਿਆ ਗਿਆ।’’ ਇਸੇ ਤਰ੍ਹਾਂ ਦੇ ਦੋਸ਼ ਉਨ੍ਹਾਂ ਨੇ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁਕਰਵਾਰ ਨੂੰ ਵੀ ਲਗਾਏ ਸਨ।
ਜਦਕਿ ਅਪਣੀ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਨੇ ਦੋਸ਼ ਲਾਇਆ ਕਿ ਦਿੱਲੀ ’ਚ ਹੜ੍ਹਾਂ ਲਈ ਇੱਥੋਂ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਨਾਕਾਮੀ ਅਤੇ ਭ੍ਰਿਸ਼ਟਾਚਾਰ ਜ਼ਿੰਮੇਵਾਰ ਹੈ। ਪਾਰਟੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਥਿਤੀ ਨਾਲ ਨਜਿੱਠਣ ਵਿਚ ਅਪਣੀ ‘ਅਸਫ਼ਲਤਾ’ ਲਈ ਜਨਤਾ ਤੋਂ ਮੁਆਫੀ ਮੰਗਣ ਲਈ ਕਿਹਾ ਹੈ।
ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਅਤੇ ਪਾਰਟੀ ਦੇ ਸੰਸਦ ਮੈਂਬਰ ਪਰਵੇਸ਼ ਸਾਹਿਬ ਸਿੰਘ ਵਰਮਾ ਨੇ ਦੋਸ਼ ਲਾਇਆ ਕਿ ਦਿੱਲੀ ’ਚ ਹੜ੍ਹਾਂ ਦੀ ਸਥਿਤੀ ਇਸ ਲਈ ਪੈਦਾ ਹੋਈ ਹੈ ਕਿਉਂਕਿ ਕੇਜਰੀਵਾਲ ਸਰਕਾਰ ਨੇ ਪਿਛਲੇ ਅੱਠ ਸਾਲਾਂ ਵਿਚ ਯਮੁਨਾ ਨਦੀ ਨੂੰ ਮਿਟਾਉਣ ਦਾ ਕੰਮ ਨਹੀਂ ਕੀਤਾ।
ਭਾਟੀਆ ਨੇ ਕਿਹਾ, ‘‘‘ਆਪ’ ਅਤੇ ਕੇਜਰੀਵਾਲ ਅਪਣੇ ਭ੍ਰਿਸ਼ਟਾਚਾਰ ਅਤੇ ਅਯੋਗਤਾ ਤੋਂ ਬਚਣ ਲਈ ਬਹਾਨੇ ਬਣਾ ਰਹੇ ਹਨ। ਜਿਸ ਤਰ੍ਹਾਂ ਉਨ੍ਹਾਂ ਕੋਵਿਡ-19 ਅਤੇ ਪ੍ਰਦੂਸ਼ਣ ਦੌਰਾਨ ਕੇਂਦਰ ਅਤੇ ਹੋਰ ਸੂਬਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਹੁਣ ਉਹ ਦਿੱਲੀ ਦੇ ਹੜ੍ਹਾਂ ਲਈ ਹਰਿਆਣਾ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।’’
ਉਨ੍ਹਾਂ ਕਿਹਾ ਕਿ ਕੇਂਦਰ, ਫੌਜ, ਕੌਮੀ ਆਫ਼ਤ ਰੋਕੂ ਬਲ (ਐਨ.ਡੀ.ਆਰ.ਐਫ.), ਦਿੱਲੀ ਦੇ ਲੈਫਟੀਨੈਂਟ ਗਵਰਨਰ ਅਤੇ ਹੋਰ ਏਜੰਸੀਆਂ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਸਖ਼ਤ ਮਿਹਨਤ ਕਰ ਰਹੀਆਂ ਹਨ।
ਵਰਮਾ ਨੇ ਦਾਅਵਾ ਕੀਤਾ ਕਿ ਇਸ ਸਾਲ 23 ਮਈ ਨੂੰ ਹੋਈ ਮੀਟਿੰਗ ’ਚ ਦਿੱਲੀ ਦੀ ‘ਆਪ’ ਸਰਕਾਰ ਨੂੰ ਪਤਾ ਸੀ ਕਿ ਮਾਨਸੂਨ ਦੌਰਾਨ ਯਮੁਨਾ ’ਚ ਕਿੰਨਾ ਪਾਣੀ ਛਡਿਆ ਜਾਵੇਗਾ।
ਭਾਟੀਆ ਨੇ ਪੁਛਿਆ ਕਿ ਨਦੀਆਂ ਦੀ ਸਫ਼ਾਈ ਲਈ ਕੇਂਦਰ ਵਲੋਂ ਦਿਤੇ 6,800 ਕਰੋੜ ਰੁਪਏ ’ਚੋਂ ਕੇਜਰੀਵਾਲ ਸਰਕਾਰ ਨੇ ਯਮੁਨਾ ਨਦੀ ਨੂੰ ਮਿਟਾਉਣ ’ਤੇ ਕਿੰਨਾ ਖਰਚ ਕੀਤਾ।
ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਸਰਕਾਰ ਪਾਣੀ ਦੀ ਨਿਕਾਸੀ ਲਈ ਉਚਿਤ ਪ੍ਰਬੰਧ ਕਰਨ ’ਚ ਨਾਕਾਮ ਰਹੀ ਹੈ ਅਤੇ ਦਿੱਲੀ ਦੀਆਂ ਡਰੇਨਾਂ ਦੀ ਸਮੇਂ ਸਿਰ ਸਫ਼ਾਈ ਨਹੀਂ ਕਰਵਾਈ ਗਈ, ਜਿਸ ਕਾਰਨ ਵੱਡੇ ਪੱਧਰ ’ਤੇ ਪਾਣੀ ਭਰ ਗਿਆ ਹੈ।
ਭਾਟੀਆ ਨੇ ਦੋਸ਼ ਲਾਇਆ, ‘‘2013 ਤੋਂ 2019 ਦਰਮਿਆਨ ਹਥੀਨੀਕੁੰਡ ਬੈਰਾਜ ਤੋਂ ਯਮੁਨਾ ’ਚ ਅੱਠ ਲੱਖ ਕਿਊਸਿਕ ਪਾਣੀ ਛਡਿਆ ਗਿਆ ਸੀ। ਇਸ ਸਾਲ ਸਿਰਫ਼ 3.5 ਲੱਖ ਕਿਊਸਿਕ ਪਾਣੀ ਛਡਿਆ ਗਿਆ ਅਤੇ ਇਸ ਕਾਰਨ ਦਿੱਲੀ ’ਚ ਹੜ੍ਹ ਵੀ ਆ ਗਏ। ਅਜਿਹਾ ਇਸ ਲਈ ਹੋਇਆ ਕਿਉਂਕਿ ਕੇਜਰੀਵਾਲ ਦੀ ਤਰਜੀਹ ਕੰਮ ਕਰਨਾ ਨਹੀਂ ਬਲਕਿ ਬਹਾਨੇ ਬਣਾਉਣਾ ਹੈ।’’
ਵਰਮਾ ਨੇ ਦੋਸ਼ ਲਾਇਆ ਕਿ ਕੇਜਰੀਵਾਲ ਸਰਕਾਰ ਅਤੇ ‘ਆਪ’ ਆਗੂ ਰਾਜਨੀਤੀ ਕਰ ਰਹੇ ਹਨ ਅਤੇ ਅਪਣੀ ਅਸਫਲਤਾ ਲਈ ਕੇਂਦਰ ਅਤੇ ਹਰਿਆਣਾ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।