ਸਸਤੀਆਂ ਦਵਾਈਆਂ ਤਕ ਵਧੇਗੀ ਪਹੁੰਚ, ਜਨ ਔਸ਼ਧੀ ਕੇਂਦਰਾਂ ਦੀ ਗਿਣਤੀ ਹੋਵੇਗੀ 25000

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਜ਼ਾਦੀ ਦਿਹਾੜੇ ਮੌਕੇ ਅਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਕਿਹਾ, ਕੋਵਿਡ ਮਹਾਮਾਰੀ ਦੇ ਸੰਕਟ ਦੌਰਾਨ ਦੁਨੀਆਂ ਨੇ ਭਾਰਤ ਦੀ ਸਮਰਥਾ ਵੇਖੀ

photo

 

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਜਨ ਔਸ਼ਧੀ ਕੇਂਦਰਾਂ ਦੀ ਗਿਣਤੀ 10 ਹਜ਼ਾਰ ਤੋਂ ਵਧਾ ਕੇ 25 ਹਜ਼ਾਰ ਕਰਨ ਦੇ ਟੀਚੇ ਨੂੰ ਲੈ ਕੇ ਕੰਮ ਕਰ ਰਹੀ ਹੈ। ਉਨ੍ਹਾਂ ਨੇ 77ਵੇਂ ਆਜ਼ਾਦੀ ਦਿਹਾੜੇ ’ਤੇ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਇਹ ਵੀ ਕਿਹਾ ਕਿ ਜਨ ਔਸ਼ਧੀ ਕੇਂਦਰ ਨੇ ਲੋਕਾਂ, ਵਿਸ਼ੇਸ਼ ਕਰ ਕੇ ਦਰਮਿਆਨੇ ਵਰਗ ਨੂੰ ਨਵੀਂ ਤਾਕਤ ਦਿਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ‘‘ਜੇ ਕਿਸੇ ਨੂੰ ਸ਼ੂਗਰ ਹੋ ਜਾਂਦੀ ਹੈ ਤਾਂ ਉਸ ਨੂੰ ਲਗਭਗ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਖ਼ਰਚ ਕਰਨਾ ਪੈਂਦਾ ਹੈ। ਜਿਨ੍ਹਾਂ ਦਵਾਈਆਂ ਦੀ ਕੀਮਤ 100 ਰੁਪਏ ਹੈ, ਉਹ ਅਸੀਂ ਜਨ ਔਸ਼ਧੀ ਕੇਂਦਰਾਂ ’ਤੇ 10 ਤੋਂ 15 ਰੁਪਏ ’ਚ ਮੁਹਈਆ ਕਰਵਾ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਹੁਣ ਸਰਕਾਰ ਦੀ ਯੋਜਨਾ ‘ਜਨ ਔਸ਼ਧੀ ਕੇਂਦਰਾਂ’ ਦੀ ਗਿਣਤੀ 10 ਹਜ਼ਾਰ ਤੋਂ ਵਧਾ ਕੇ 25 ਹਜ਼ਾਰ ਕਰਨ ਦੀ ਹੈ। ਸਾਰਿਆਂ ਲਈ ਸਸਤੀਆਂ ਜੈਨਰਿਕ ਦਵਾਈਆਂ ਮੁਹਈਆ ਕਰਵਾਉਣ ਲਈ ‘ਜਨ ਔਸ਼ਧੀ ਕੇਂਦਰ’ ਸਥਾਪਤ ਕੀਤੇ ਗਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆਂ ਸਾਡੇ ‘ਵਨ ਸਨ, ਵਨ ਵਰਲਡ ਅਤੇ ਵਨ ਗ੍ਰੀਨ’ ਦੇ ਦਰਸ਼ਨ ਨਾਲ ਜੁੜ ਰਹੀ ਹੈ। ਸਿਹਤ ਦੇ ਸਮਾਵੇਸ਼ੀ ਵਿਕਾਸ ਲਈ ਸਾਡਾ ਰੁਖ਼ ‘ਵਨ ਅਰਥ? ਵਨ ਹੈਲਥ’ ਦਾ ਹੈ। ਜੀ20 ਲਈ ਵੀ ਅਸੀਂ ‘ਵਨ ਅਰਥ, ਵਨ ਫ਼ੈਮਿਲੀ, ਵਨ ਫ਼ਿਊਚਰ’ ਦੇ ਮੰਤਰ ਨੂੰ ਲੈ ਕੇ ਚਲ ਰਹੇ ਹਾਂ।’’ ਅਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੇ ਸੰਕਟ ਦੌਰਾਨ ਦੁਨੀਆਂ ਨੇ ਭਾਰਤ ਦੀ ਸਮਰਥਾ ਵੇਖੀ। ਉਨ੍ਹਾਂ ਕਿਹਾ, ‘‘ਜਦੋਂ ਹੋਰ ਦੇਸ਼ਾਂ ਦੀ ਸਪਲਾਈ ਲੜੀ ’ਚ ਰੁਕਾਵਟ ਪੈ ਗਈ ਤਾਂ ਅਸੀਂ ਦੁਨੀਆਂ ਦੀ ਤਰੱਕੀ ਯਕੀਨੀ ਕਰਨ ਲਈ ਮਨੁੱਖ-ਕੇਂਦਰਿਤ ਦ੍ਰਿਸ਼ਟੀਕੋਣ ਦੀ ਵਕਾਲਤ ਕੀਤੀ ਸੀ।’’

ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਕ ਵੱਖ ਆਯੁਸ਼ ਵਿਭਾਗ ਦੀ ਸਥਾਪਨਾ ਕੀਤੀ ਅਤੇ ਹੁਣ ਦੁਨੀਆਂ ਆਯੁਸ਼ ਅਤੇ ਯੋਗ ’ਤੇ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ, ‘‘ਦੁਨੀਆਂ ਹੁਣ ਸਾਡੀ ਪ੍ਰਤੀਬੱਧਤਾ ਕਾਰਨ ਸਾਨੂੰ ਵੇਖ ਰਹੀ ਹੈ।’’ ਉਨ੍ਹਾਂ ਕਿਹਾ ਕਿ ਭਾਰਤ ਕੋਵਿਡ ਮਹਾਮਾਰੀ ਤੋਂ ਬਾਅਦ ਦੇ ਸਮੇਂ ’ਚ ‘ਵਿਸ਼ਵ ਮਿੱਤਰ’ ਵਜੋਂ ਉੱਭਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਕੋਵਿਡ ਤੋਂ ਬਾਅਦ, ਭਾਰਤ ਨੇ ’ਇਕ ਪ੍ਰਿਥਵੀ, ਇਕ ਸਿਹਤ ਸੇਵਾ’ ਦ੍ਰਿਸ਼ਟੀਕੋਣ ਦੀ ਵਕਾਲਤ ਕੀਤੀ। ਸਮੱਸਿਆਵਾਂ ਦਾ ਹੱਲ ਸਿਰਫ਼ ਤਾਂ ਹੀ ਕੀਤਾ ਜਾ ਸਕਦਾ ਹੈ ਜਦੋਂ ਮਨੁੱਖਾਂ, ਜਾਨਵਰਾਂ ਅਤੇ ਪੌਦਿਆਂ ਨੂੰ ਬਿਮਾਰੀਆਂ ਬਾਬਤ ਬਰਾਬਰ ਰੂਪ ’ਚ ਵੇਖਿਆ ਜਾਏ।’’