ਅਰਾਮਕੋ 'ਤੇ ਡਰੋਨ ਹਮਲੇ ਪਿੱਛੋਂ ਭਾਰਤ ਵਿਚ ਤੇਲ ਦੀਆਂ ਕੀਮਤਾਂ ਵਿਚ ਹੋ ਸਕਦਾ ਹੈ ਭਾਰੀ ਵਾਧਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੇ ਅਜਿਹਾ ਹੁੰਦਾ ਹੈ ਤਾਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਪਾਰ ਹੋ ਸਕਦੀਆਂ ਹਨ।

Drone attack on saudi aramco impacts india oil prices may be doubled

ਨਵੀਂ ਦਿੱਲੀ: ਆਉਂਦੇ ਦਿਨਾਂ ਵਿਚ ਭਾਰਤ ਸਮੇਤ ਕਈ ਦੇਸ਼ਾਂ ਨੂੰ ਕੱਚੇ ਤੇਲ ਦੀ ਸਮੱਸਿਆ ਨਾਲ ਜੂਝਣਾ ਪੈ ਸਕਦਾ ਹੈ। ਆਇਲ ਪ੍ਰਾਈਸ ਡਾਟ ਕਾਮ ਦੀ ਇਕ ਰਿਪੋਰਟ ਮੁਤਾਬਕ ਇਸ ਹਮਲੇ ਤੋਂ ਬਾਅਦ ਹਰ ਮਹੀਨੇ 150 MM ਬੈਰਲ ਕੱਚੇ ਤੇਲ ਦੀ ਕਮੀ ਹੋ ਸਕਦੀ ਹੈ। ਦੁਨੀਆਂ ਦੀ ਸਭ ਤੋਂ ਵੱਡੀ ਤੇਲ ਉਤਪਾਦਕ ਕੰਪਨੀ ਸਾਊਦੀ ਅਰਾਮਕੋ ਉਤੇ ਹੋਏ ਡਰੋਨ ਹਮਲੇ ਤੋਂ ਬਾਅਦ ਗਲੋਬਲ ਮਾਰਕੀਟ ਵਿਚ ਕੱਚੇ ਤੇਲ ਉਤੇ 5 ਫੀਸਦੀ ਦੀ ਕਮੀ ਹੋਣ ਵਾਲੀ ਹੈ।

ਇਹ ਕਮੀ ਭਾਰਤ ਲਈ ਵੱਡੀ ਸਿਰਦਰਦੀ ਖੜ੍ਹੀ ਕਰਨ ਵਾਲੀ ਹੈ। ਰਿਪੋਰਟ ਵਿਚ ਦਸਿਆ ਗਿਆ ਹੈ ਕਿ ਜੇ ਅਜਿਹਾ ਹੁੰਦਾ ਹੈ ਤਾਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਪਾਰ ਹੋ ਸਕਦੀਆਂ ਹਨ। ਦੱਸ ਦਈਏ ਕਿ ਭਾਰਤ ਲਈ ਸਾਊਦੀ ਅਰਬ ਹੀ ਕੱਚੇ ਤੇਲ ਦਾ ਮੁੱਖ ਸਾਧਨ ਹੈ। ਅਜਿਹੇ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦਾ ਸਭ ਤੋਂ ਵੱਧ ਅਸਰ ਭਾਰਤ ਉਤੇ ਪਵੇਗਾ।

ਕੱਚੇ ਤੇਲ ਦੀਆਂ ਕੀਮਤਾਂ ਵਿਚ ਪ੍ਰਤੀ ਡਾਲਰ ਦੇ ਇਜ਼ਾਫਾ ਨਾਲ ਸਾਲਾਨਾ ਆਧਾਰ ਉਤੇ ਭਾਰਤ ਦੇ ਆਯਾਤ ਬਿੱਲ ਉਤੇ 10,700 ਦਾ ਅਸਰ ਪਵੇਗਾ। ਵਿੱਤੀ ਸਾਲ 2018—19 ਦੌਰਾਨ ਭਾਰਤ ਨੇ ਆਪਣੇ ਕੱਚੇ ਤੇਲ ਦੇ ਆਯਾਤ ਉਤੇ ਤਕਰੀਬਨ 111.9 ਅਰਬ ਡਾਲਰ ਖ਼ਰਚ ਕੀਤਾ ਸੀ। ਸਾਊਦੀ ਅਰਬ ਦੇ ਊਰਜਾ ਮੰਤਰੀ ਨੇ ਦੱਸਿਆ ਕਿ ਅਰਾਮਕੋ ਕੰਪਨੀ ਦੇ ਦੋ ਪਲਾਟਾਂ ਵਿਚ ਉਤਪਾਦਨ ਦਾ ਕੰਮ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਹੈ।

ਯਮਨ ਬਾਗ਼ੀਆਂ ਦੇ ਹਮਲੇ ਦੇ ਬਾਅਦ ਕੰਪਨੀ ਦਾ ਘੱਟੋ-ਘੱਟ ਅੱਧਾ ਉਤਪਾਦਨ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਨਾਲ ਕੁੱਲ ਉਤਪਾਦਨ 50 ਫੀਸਦੀ ਤੱਕ ਪ੍ਰਭਾਵਿਤ ਹੋਵੇਗਾ। ਉੱਥੇ ਸਰਕਾਰੀ ਤੇਲ ਕੰਪਨੀ ਅਰਾਮਕੋ ਨੇ ਇਕ ਬਿਆਨ ਵਿਚ ਕਿਹਾ,''ਇਨ੍ਹਾਂ ਹਮਲਿਆਂ ਕਾਰਨ ਰੋਜ਼ਾਨਾ 57 ਲੱਖ ਬੈਰਲ ਕੱਚੇ ਤੇਲ ਦਾ ਉਤਪਾਦਨ ਬੰਦ ਰਹੇਗਾ।'' 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।