'ਦੇਸ਼ 'ਚ ਰੁਜ਼ਗਾਰ ਦੀ ਨਹੀਂ, ਸਗੋਂ ਕਾਬਲ ਨੌਜਵਾਨਾਂ ਦੀ ਕਮੀ'

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਜਪਾ ਆਗੂ ਦਾ ਅਜੀਬੋ-ਗ਼ਰੀਬ ਬਿਆਨ

Job opportunities in plenty, lack of capability in north Indians: Labour minister Santosh Gangwar

ਨਵੀਂ ਦਿੱਲੀ : ਕੇਂਦਰ ਮੰਤਰੀ ਅਤੇ ਭਾਜਪਾ ਆਗੂ ਸੰਤੋਸ਼ ਗੰਗਵਾਰ ਨੇ ਨੌਜਵਾਨਾਂ ਦੀ ਯੋਗਤਾ 'ਤੇ ਹੀ ਸਵਾਲ ਖੜੇ ਕਰ ਦਿੱਤੇ ਹਨ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਦੇਸ਼ 'ਚ ਬਵਾਲ ਮੱਚ ਗਿਆ ਹੈ। ਉਨ੍ਹਾਂ ਨੇ ਬੇਰੁਜ਼ਗਾਰ ਨੌਜਵਾਨਾਂ ਬਾਰੇ ਇਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਬਰੇਲੀ 'ਚ ਇਕ ਪ੍ਰੋਗਰਾਮ ਵਿਚ ਸ਼ਿਰਕਤ ਕਰਦਿਆਂ ਕਿਹਾ ਕਿ ਅੱਜ ਦੇਸ਼ 'ਚ ਨੌਕਰੀ ਦੀ ਕੋਈ ਕਮੀ ਨਹੀਂ ਹੈ ਸਗੋਂ ਉੱਤਰ ਭਾਰਤ ਦੇ ਨੌਜਵਾਨਾਂ 'ਚ ਉਹ ਕਾਬਲੀਅਤ ਹੀ ਨਹੀਂ ਹੈ ਕਿ ਉਨ੍ਹਾਂ ਨੂੰ ਰੁਜ਼ਗਾਰ ਦਿੱਤਾ ਜਾ ਸਕੇ। ਇਸ ਲਈ ਮੇਰੀ ਜਾਣਕਾਰੀ ਮੁਤਾਬਕ ਦੇਸ਼ 'ਚ ਰੁਜ਼ਗਾਰ ਦੀ ਕੋਈ ਕਮੀ ਨਹੀਂ ਹੈ। ਰੁਜ਼ਗਾਰ ਬਹੁਤ ਹੈ। ਰੁਜ਼ਗਾਰ ਦਫ਼ਤਰ ਤੋਂ ਇਲਾਵਾ ਸਾਡਾ ਮੰਤਰਾਲਾ ਵੀ ਇਸ ਦੀ ਮੋਨੀਟਰਿੰਗ ਕਰ ਰਿਹਾ ਹੈ। ਜਿਹੜੀਆਂ ਕੰਪਨੀਆਂ ਰੁਜ਼ਗਾਰ ਦੇਣ ਆਉਂਦੀਆਂ ਹਨ, ਉਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਇਨ੍ਹਾਂ ਨੌਜਵਾਨਾਂ 'ਚ ਉਹ ਯੋਗਤਾ ਨਹੀਂ ਹੈ।

ਕੇਂਦਰ ਦੀ ਮੋਦੀ ਸਰਕਾਰ ਦੇ 100 ਦਿਨ ਪੂਰੇ ਹੋਣ 'ਤੇ ਬਰੇਲੀ ਵਿਚ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਸੰਤੋਸ਼ ਗੰਗਵਾਰ ਨੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ 'ਚ ਜਿਹੜੀ ਕੰਪਨੀਆਂ ਰਿਕਰੂਟਮੈਂਟ ਲਈ ਆਉਂਦੀਆਂ ਹਨ, ਉਹ ਸਵਾਲ ਕਰਦੀਆਂ ਹਨ ਕਿ ਜਿਹੜੇ ਅਹੁਦੇ ਲਈ ਅਸੀ ਭਰਤੀ ਕਰਨੀ ਹੈ, ਉਸ ਕੁਆਲਟੀ ਦਾ ਵਿਅਕਤੀ ਸਾਨੂੰ ਨਹੀਂ ਮਿਲ ਰਿਹਾ। ਕਮੀ ਹੈ ਤਾਂ ਯੋਗ ਲੋਕਾਂ ਦੀ।

ਭਾਜਪਾ ਆਗੂ ਨੇ ਕਿਹਾ ਕਿ ਦੇਸ਼ 'ਚ ਮੰਦੀ ਦੀ ਗੱਲ ਸਮਝ ਆ ਰਹੀ ਹੈ ਪਰ ਰੁਜ਼ਗਾਰ ਦੀ ਕਮੀ ਨਹੀਂ ਹੈ। ਇਸ ਦੌਰਾਨ ਉਨ੍ਹਾਂ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਸਮਾਜਵਾਦੀ ਪਾਰਟੀ ਆਗੂ ਆਜ਼ਮ ਖਾਨ 'ਤੇ ਨਿਸ਼ਾਨਾ ਸਾਧਦਿਆਂ ਕਿਹਾ, "ਅਖਿਲੇਸ਼ ਜੀ ਡਰ ਰਹੇ ਹਨ ਪਰ ਅਸੀ ਕਿਸੇ ਨੂੰ ਨਹੀਂ ਛੱਡਾਂਗੇ। ਮੈਂ ਤਾਂ ਰਾਮਪੁਰ ਦੀ ਜਨਤਾ ਲਈ ਵੀ ਕਹਾਂਗਾ ਕਿ ਉਨ੍ਹਾਂ ਨੇ ਇਕ ਅਜਿਹੇ ਵਿਅਕਤੀ ਨੂੰ ਚੁਣਿਆ ਹੈ ਜੋ ਉਨ੍ਹਾਂ ਨੂੰ ਸ਼ਰਮਸ਼ਾਰ ਕਰਨ ਵਾਲੀ ਗੱਲ ਹੈ।"