ਭਾਜਪਾ MLA ਨੇ ਦਿੱਤੀ ਧਮਕੀ - 'ਜੇ ਵੋਟ ਨਾ ਦਿੱਤੀ ਤਾਂ ਰੁਜ਼ਗਾਰ ਨਹੀਂ ਮਿਲੇਗਾ'
ਕਿਹਾ - ਜੇ ਕਿਸੇ ਕਾਂਗਰਸੀ ਉਮੀਦਵਾਰ ਨੂੰ ਵੋਟ ਦਿੱਤੀ ਤਾਂ ਕੈਮਰਾ ਵੇਖ ਕੇ ਪਤਾ ਲੱਗ ਜਾਵੇਗਾ ਕਿ ਕਿਹੜਾ ਵੋਟਰ ਕਾਂਗਰਸ ਸਮਰਥਕ ਹੈ
ਨਵੀਂ ਦਿੱਲੀ : ਲੋਕ ਸਭਾ ਚੋਣ ਪ੍ਰਚਾਰ 'ਚ ਆਗੂਆਂ ਦੀ ਬਿਆਨਬਾਜ਼ੀ 'ਤੇ ਚੋਣ ਕਮਿਸ਼ਨ ਵੱਲੋਂ ਚੁੱਕੇ ਸਖ਼ਤ ਕਦਮਾਂ ਦੇ ਬਾਵਜੂਦ ਕਈ ਨੇਤਾ ਜ਼ਹਿਰੀਲੇ ਅਤੇ ਜੁਮਲੇ ਭਰਨ ਵਾਲੇ ਬਿਆਨ ਦੇਣ ਤੋਂ ਪਿੱਛੇ ਨਹੀਂ ਹੱਟ ਰਹੇ। ਤਾਜ਼ਾ ਮਾਮਲਾ ਗੁਜਰਾਤ ਦੇ ਦਾਹੋਦ 'ਚ ਸਾਹਮਣੇ ਆਇਆ ਹੈ। ਇੱਥੇ ਵਿਧਾਇਕ ਰਮੇਸ਼ ਕਟਾਰਾ ਨੇ ਇਸ ਨੁੱਕੜ ਮੀਟਿੰਗ 'ਚ ਲੋਕਾਂ ਨੂੰ ਧਮਕੀ ਭਰਿਆ ਭਾਸ਼ਣ ਦਿੱਤਾ।
ਗੁਜਰਾਤ ਦੇ ਦਾਹੋਦ ਦੀ ਫ਼ਤਿਹਪੁਰਾ ਸੀਟ ਤੋਂ ਭਾਜਪਾ ਵਿਧਾਇਕ ਰਮੇਸ਼ ਕਟਾਰਾ ਨੇ ਲੋਕਾਂ ਨੂੰ ਕਿਹਾ, "ਈਵੀਐਮ ਮਸ਼ੀਨ 'ਚ ਜਸਵੰਤ ਭਾਭੋਰ (ਦਾਦੋਹ ਸੀਟ ਤੋਂ ਭਾਜਪਾ ਉਮੀਦਵਾਰ) ਦੀ ਤਸਵੀਰ ਲੱਗੀ ਹੋਵੇਗੀ। ਇਸ ਦੇ ਸਾਹਮਣੇ ਕਮਲ ਦਾ ਨਿਸ਼ਾਨ ਹੋਵੇਗਾ। ਉਸ 'ਤੇ ਵੋਟ ਪਾਉਣੀ ਹੈ। ਕੋਈ ਗਲਤੀ ਨਹੀਂ ਹੋਣੀ ਚਾਹੀਦੀ ਹੈ, ਕਿਉਂਕਿ ਇਸ ਵਾਰ ਮੋਦੀ ਸਾਹਿਬ ਨੇ ਵੋਟਿੰਗ ਕੇਂਦਰਾਂ 'ਚ ਕੈਮਰੇ ਫਿਟ ਕੀਤੇ ਹਨ। ਜੇ ਤੁਸੀ ਭਾਜਪਾ ਤੋਂ ਇਲਾਵਾ ਕਿਸੇ ਕਾਂਗਰਸੀ ਉਮੀਦਵਾਰ ਨੂੰ ਵੋਟ ਦਿੱਤੀ ਤਾਂ ਕੈਮਰਾ ਵੇਖ ਕੇ ਪਤਾ ਲੱਗ ਜਾਵੇਗਾ ਕਿ ਕਿਹੜਾ ਕਾਂਗਰਸ ਸਮਰਥਕ ਹੈ।"
ਰਮੇਸ਼ ਕਟਾਰਾ ਨੇ ਕਿਹਾ, "ਮੋਦੀ ਸਾਹਿਬ ਨੇ ਹੁਣ ਤਾਂ ਆਧਾਰ ਕਾਰਡ, ਰਾਸ਼ਨ ਕਾਰਡ 'ਚ ਆਪਣੀ ਤਸਵੀਰ ਲਗਵਾਈ ਹੋਈ ਹੈ, ਜਿਸ ਨਾਲ ਤੁਹਾਨੂੰ ਉਨ੍ਹਾਂ ਦੀ ਪਛਾਣ ਤਾਂ ਹੋਵੇਗੀ। ਜੇ ਤੁਹਾਡੇ ਬੂਥ 'ਚੋਂ ਘੱਟ ਵੋਟ ਨਿਕਲੇ ਤਾਂ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਕਿਸ ਨੇ ਵੋਟ ਨਹੀਂ ਦਿੱਤੀ ਹੈ। ਉਸ ਵਿਅਕਤੀ ਨੂੰ ਰੁਜ਼ਗਾਰ ਨਹੀਂ ਮਿਲੇਗਾ।"