ਖੇਤੀ ਵਿਰੋਧੀ ਕਾਲੇ ਕਾਨੂੰਨਾਂ ਤੇ ਕੇਜਰੀਵਾਲ ਦੀ ਚੁੱਪੀ ਆਪ ਤੇ BJP ਦੀ ਗੰਢਤੁਪ ਦਾ ਪ੍ਰਮਾਣ- ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਨੀਲ ਜਾਖੜ ਨੇ ਕਿਹਾ- ਆਪ ਦੀ ਸੁਬਾਈ ਇਕਾਈ ਦੇ ਆਗੂ ਸਿਰਫ ਮੱਗਰਮੱਛ ਦੇ ਹੰਝੂ ਵਹਾ ਰਹੇ ਹਨ

Sunil Jakhar

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਆਮ ਆਦਮੀ ਪਾਰਟੀ ਖੇਤੀ ਕਾਨੂੰਨਾਂ ਸਬੰਧੀ ਦੋਹਰੀ ਨੀਤੀ ਅਪਣਾ ਕੇ ਪੰਜਾਬ ਨਾਲ ਵਿਸ਼ਵਾਸ਼ਘਾਤ ਕਰ ਰਹੀ ਹੈ। ਅੱਜ ਇਥੇ ਜਾਰੀ ਬਿਆਨ ਵਿਚ ਜਾਖੜ ਨੇ ਕਿਹਾ ਕਿ ਆਪ ਦੀ ਸੁਬਾਈ ਇਕਾਈ ਦੇ ਆਗੂ ਸਿਰਫ ਮੱਗਰਮੱਛ ਦੇ ਹੰਝੂ ਵਹਾ ਰਹੇ ਹਨ ਜਦ ਕਿ ਆਪ ਦੇ ਕੌਮੀ ਆਗੂ ਅਰਵਿੰਦਰ ਕੇਜਰੀਵਾਲ ਨੇ ਇਸ ਮੁੱਦੇ ਤੇ ਪੂਰੀ ਚੁੱਪੀ ਧਾਰੀ ਹੋਈ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਆਖਿਆ ਕਿ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਆਪ ਵੱਲੋਂ ਕੋਈ ਸਪਸ਼ਟ ਸਟੈੱਡ ਨਾ ਲਿਆ ਜਾਣਾ ਸਿੱਧ ਕਰਦਾ ਹੈ ਕਿ ਇਸ ਮੁੱਦੇ 'ਤੇ ਆਮ ਆਦਮੀ ਪਾਰਟੀ ਅਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿਚਕਾਰ ਗੁਪਤ ਗੰਢਤੁਪ ਹੋਈ ਹੈ। ਜਾਖੜ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਖੇਤੀ ਕਾਨੂੰਨਾ ਸਬੰਧੀ ਧਾਰੀ ਚੁੱਪੀ ਕਾਰਨ ਇਸ ਪਾਰਟੀ ਦਾ ਦੋਹਰਾ ਕਿਰਦਾਰ ਨੰਗਾ ਹੋ ਗਿਆ ਹੈ।

ਜਾਖੜ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਕਦੇ ਵੀ ਇਹਨਾਂ ਕਾਨੂੰਨਾਂ ਦੀ ਹਮਾਇਤ ਨਹੀਂ ਕੀਤੀ ਹੈ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਤਾਂ ਲਗਾਤਾਰ ਇਸ ਮੁੱਦੇ ਤੇ ਆਪਣਾ ਸਖਤ ਵਿਰੋਧ ਦਰਜ ਕਰਵਾਇਆ ਹੈ ਅਤੇ ਪੰਜਾਬ ਵਿਧਾਨ ਸਭਾ ਨੇ ਵੀ ਇਸ ਸਬੰਧੀ ਮਤਾ ਪਾ ਕੇ ਪੰਜਾਬ ਦਾ ਵਿਰੋਧ ਦਰਜ ਕਰਵਾਇਆ ਹੈ।

ਜਾਖੜ ਨੇ ਆਖਿਆ ਕਿ ਆਪ ਦੇ ਸੁਬਾਈ ਆਗੂ ਹਰਪਾਲ ਸਿੰਘ ਚੀਮਾ ਗੁੰਮਰਾਹ ਕਰਨ ਦਾ ਪ੍ਰਚਾਰ ਕਰ ਰਹੇ ਹਨ। ਉਹਨਾਂ ਨੇ ਆਖਿਆ ਕਿ ਆਪ ਪਾਰਟੀ ਹਮੇਸ਼ਾਂ ਹੀ ਪੰਜਾਬ ਦੇ ਹਿੱਤਾ ਦੇ ਉਲਟ ਚਲਦੀ ਰਹੀ ਹੈ ਅਤੇ ਇਸ ਦੇ ਕਨਵੀਅਰ ਅਰਵਿੰਦ ਕੇਜਰੀਵਾਲ ਨੇ ਕਦੇ ਵੀ ਮੋਦੀ ਸਰਕਾਰ  ਵੱਲੋਂ ਲਿਆਂਦੇ ਜਾ ਰਹੇ ਖੇਤੀ ਸਬੰਧੀ ਕਾਲੇ ਕਾਨੂੰਨਾਂ ਦਾ ਵਿਰੋਧ ਨਹੀ ਕੀਤਾ ਹੈ।

ਉਹਨਾਂ ਕਿਹਾ ਕਿ ਉਹਨਾਂ ਦਾ ਇਹ ਰਵੱਈਆ ਸਿੱਧ ਕਰਦਾ ਹੈ ਕਿ ਆਮ ਆਦਮੀ ਪਾਰਟੀ ਮੋਦੀ ਸਰਕਾਰ ਨਾਲ ਰਲੀ ਹੋਈ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਲਗਾਤਾਰ ਇਹਨਾਂ ਕਾਨੁੰਨਾਂ ਦਾ ਵਿਰੋਧ ਕਰਦੀ ਰਹੀ ਹੈ ਅਤੇ ਕਰਦੀ ਰਹੇਗੀ।