ਸਿਹਤ ਮੰਤਰੀ ਸਿੱਧੂ ਦੀ ਕੇਜਰੀਵਾਲ ਨੂੰ ਸਲਾਹ, 'ਸਾਡੀ ਫ਼ਿਕਰ ਛੱਡ ਪਹਿਲਾਂ ਤੁਸੀਂ ਅਪਣਾ ਘਰ ਸੰਭਾਲੋ'!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਪੰਜਾਬ ਸਰਕਾਰ ਅਪਣੇ ਬਲਬੂਤੇ ਸਥਿਤੀ ਨਾਲ ਨਜਿੱਠਣ ਦੇ ਸਮਰੱਥ ਹੈ

Balbir Singh Sidhu

ਚੰਡੀਗੜ੍ਹ : ਦੇਸ਼ ਅੰਦਰ ਕਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਦੂਜੇ ਪਾਸੇ ਪੰਜਾਬ ਅੰਦਰ ਵਧਦੇ ਕੇਸਾਂ 'ਤੇ ਸਿਆਸਤ ਹੋਣੀ ਸ਼ੁਰੂ ਹੋ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਅੰਦਰ ਆਕਸੀਮੀਟਰ ਵੰਡਣ ਦਾ ਐਲਾਨ ਕਰ ਚੁੱਕੇ ਹਨ। ਇਸ ਦੇ ਜਵਾਬ 'ਚ ਮੁੱਖ ਮੰਤਰੀ ਸਮੇਤ ਬਾਕੀ ਆਗੂਆਂ ਵਲੋਂ ਕੇਜਰੀਵਾਲ ਨੂੰ ਪਹਿਲਾਂ ਅਪਣਾ ਘਰ ਸੰਭਾਲਣ ਦੀ ਨਸੀਹਤ ਦਿਤੀ ਜਾ ਰਹੀ ਹੈ। ਪੰਜਾਬ ਅੰਦਰ ਕਰੋਨਾ ਦੇ ਟੈਸਟਾਂ ਅਤੇ ਪੀੜਤਾਂ ਦੇ ਇਲਾਜ ਸਬੰਧੀ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ। ਮ੍ਰਿਤਕਾਂ ਦੇ ਅੰਗ ਕੱਢਣ ਤਕ ਦੀਆਂ ਗੱਲਾਂ ਫ਼ੈਲ ਰਹੀਆਂ ਹਨ। ਅਜਿਹੇ 'ਚ ਸਰਕਾਰ ਸਾਹਮਣੇ ਲੋਕਾਂ 'ਚ ਵਿਸ਼ਵਾਸ-ਬਹਾਲੀ ਦਾ ਮਸਲਾ ਖੜ੍ਹਾ ਹੋ ਗਿਆ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕੋਵਿਡ-19 ਨਾਲ ਨਜਿੱਠਣ ਲਈ ਸਿਹਤ ਅਮਲੇ ਦੀ ਅਗਵਾਈ ਕਰ ਰਹੇ ਹਨ। ਰੋਜ਼ਾਨਾ ਸਪੋਕਸਮੈਨ ਟੀਵੀ ਦੇ ਮੈਨੇਜਿੰਗ ਡਾਇਰੈਕਟਰ ਨਿਮਰਤ ਕੌਰ ਵਲੋਂ ਉਨ੍ਹਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਪੇਸ਼ ਹਨ, ਇੰਟਰਵਿਊ ਦੇ ਵਿਸ਼ੇਸ਼ ਅੰਸ਼ :


ਸਵਾਲ : ਸਰ ਡੇਢ ਮਹੀਨੇ ਪਹਿਲਾਂ ਪੰਜਾਬ ਦੇਸ਼ ਦਾ ਅੱਵਲ ਸੂਬਾ ਸੀ, ਪਰ ਅੱਜ ਹਾਲਾਤ ਏਨੇ ਵਿਗੜ ਗਏ ਹਨ ਕਿ ਦਿੱਲੀ ਵਰਗੇ ਸੂਬੇ ਦੇ ਮੁੱਖ ਮੰਤਰੀ ਨੂੰ ਪੰਜਾਬ 'ਚ ਮਦਦ ਲਈ ਆਉਣਾ ਪੈ ਰਿਹੈ, ਕੀ ਵਾਕਈ ਹੀ ਹਾਲਾਤ ਇੰਨੇ ਵਿਗੜ ਚੁੱਕੇ ਹਨ?
ਜਵਾਬ :
ਵੇਖੋ ਜੀ, ਗੱਲ ਇਸ ਤਰ੍ਹਾਂ ਹੈ ਕਿ ਦਿੱਲੀ ਦਾ ਮੁੱਖ ਮੰਤਰੀ ਪੰਜਾਬ ਅੰਦਰ ਲੋਕਾਂ ਦੀ ਮਦਦ ਕਰਨ ਲਈ ਨਹੀਂ ਆ ਰਿਹਾ, ਬਲਕਿ ਰਾਜਨੀਤੀ ਕਰਨ ਆ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਨੂੰ ਪਹਿਲਾਂ ਪੰਜਾਬੀ ਦੀ ਕਹਾਵਤ ਮੁਤਾਬਕ 'ਅਪਣੀ ਪੀੜ੍ਹੀ ਹੇਠ ਸੋਟਾ ਫੇਰਨਾ' ਚਾਹੀਦੈ ਕਿ ਦਿੱਲੀ ਵਿਚ ਇਸ ਵੇਲੇ ਕਿਹੋ ਜਿਹੇ ਹਾਲਾਤ ਹਨ। ਉਥੇ ਕਿੰਨੇ ਕੇਸ ਆ ਰਹੇ ਹਨ, ਕਿੰਨੀਆਂ ਮੌਤਾਂ ਹੋਈਆਂ ਹਨ ਜਾਂ ਕਿੰਨਿਆਂ ਨੂੰ ਇਲਾਜ ਦੀ ਜ਼ਰੂਰਤ ਹੈ। ਸਾਡਾ ਅੰਕੜਾ ਤਾਂ ਅਜੇ ਕੇਵਲ 1900 ਤਕ ਹੀ ਪਹੁੰਚਿਆ ਹੈ। ਅਸੀਂ ਫਿਰ ਵੀ ਬੜੇ ਫ਼ਿਕਰਮੰਦ ਹਾਂ ਅਤੇ ਸਾਡੇ ਡਾਕਟਰ ਅਤੇ ਹੋਰ ਸਟਾਫ਼ ਦਿਨ-ਰਾਤ ਮਿਹਨਤ ਕਰ ਰਹੇ ਹਨ। ਸਾਡੇ ਕੋਲ ਇਸ ਵੇਲੇ 60-65 ਹਜ਼ਾਰ ਪਾਜ਼ੇਟਿਵ ਕੇਸ ਆਏ ਹਨ। ਜਦਕਿ ਉਥੇ (ਦਿੱਲੀ) ਵਿਚ 2 ਲੱਖ ਹੋ ਚੁੱਕੇ ਹਨ। ਅਜਿਹੇ ਉਹ ਸਾਡੀ ਮਦਦ ਕਿਵੇਂ ਕਰ ਸਕਦੇ ਹਨ? ਅਸੀਂ ਤਾਂ ਉਨ੍ਹਾਂ ਨੂੰ ਇਹੀ ਕਹਿੰਦੇ ਹਾਂ ਕਿ ਤੁਸੀਂ  ਅਪਣੀ ਮੱਦਦ ਖੁਦ ਕਰੋ, ਅਸੀਂ ਆਪੇ ਸੰਭਾਲ ਲਵਾਂਗੇ। ਸਾਡੇ ਕੋਲ ਸਾਰਾ ਸਿਸਟਮ ਹੈਂਗੇ, ਭਾਵੇਂ ਸਾਨੂੰ ਕੇਂਦਰ ਸਰਕਾਰ ਤੋਂ ਮਦਦ ਦੀ ਕੋਈ ਉਮੀਦ ਨਹੀਂ, ਲੇਕਿਨ ਸਾਡਾ ਪੂਰਾ ਪ੍ਰਸ਼ਾਸਨ, ਮੁੱਖ ਮੰਤਰੀ ਸਾਹਿਬ, ਪੂਰੀ ਕੈਬਨਿਟ ਅਪਣੇ ਬਲਬੂਤੇ 'ਤੇ ਇਸ ਸਥਿਤੀ ਨਾਲ ਨਜਿੱਠਣ ਲਈ ਵਚਨਬੱਧ ਹਾਂ।

ਸਵਾਲ : ਸਰ ਅਸੀਂ ਮੰਨਦੇ ਹਾਂ ਕਿ ਇਹ ਰਾਜਨੀਤੀ ਹੋ ਸਕਦੀ ਹੈ, ਕਿਉਂਕਿ ਚੋਣਾਂ ਦੂਰ ਨਹੀਂ ਹਨ। ਪੰਜਾਬ 'ਚ ਉਨ੍ਹਾਂ ਦਾ ਚੰਗਾ ਅਧਾਰ ਹੈ ਜਿਸ ਕਾਰਨ ਉਨ੍ਹਾਂ ਦਾ ਇੱਥੇ ਅਪਣਾ ਪ੍ਰਚਾਰ ਕਰਨਾ ਮਕਸਦ ਹੋ ਸਕਦੈ, ਪਰ ਜੋ ਲੋਕਾਂ ਅੰਦਰ ਸਰਕਾਰ ਖਿਲਾਫ਼ ਬਦ-ਵਿਸ਼ਵਾਸੀ ਫ਼ੈਲੀ ਹੋਈ ਹੈ, ਉਸ ਦਾ ਕੀ ਕਾਰਨ ਹੈ। ਅੱਜ ਲੋਕ ਕਿਉਂ ਨਹੀਂ ਅਪਣੀ ਸਰਕਾਰ 'ਤੇ ਵਿਸ਼ਵਾਸ਼ ਕਰਦਿਆਂ ਇਲਾਜ ਲਈ ਅੱਗੇ ਆ ਰਹੇ?
ਜਵਾਬ  :
ਲੋਕਾਂ 'ਚ ਇਸ ਸਬੰਧੀ ਗ਼ਲਤ ਪ੍ਰਚਾਰ ਕੀਤਾ ਗਿਆ ਹੈ। ਗ਼ਲਤ ਵੀਡੀਓ, ਆਡੀਓ ਅਤੇ ਹੋਰ ਸਾਧਨਾਂ ਜ਼ਰੀਏ ਪ੍ਰਚਾਰ ਕੀਤਾ ਗਿਆ ਹੈ। ਇਸ ਸਬੰਧੀ ਪਿਛਲੇ ਦੋ-ਤਿੰਨ ਦਿਨਾਂ 'ਚ ਕਈ ਪਰਚੇ ਵੀ ਦਰਜ ਹੋਏ ਹਨ। ਕੁੱਝ ਬਾਹਰ ਬੈਠੇ ਮੀਡੀਆ ਵਾਲੇ ਵੀ ਹਨ, ਜਿਨ੍ਹਾਂ ਨੂੰ ਪੰਜਾਬ ਦੀ ਅਸਲ ਹਕੀਕਤ ਦਾ ਪਤਾ ਨਹੀਂ ਪਰ ਬਾਹਰ ਬੈਠੇ ਝੂਠਾ ਪ੍ਰਚਾਰ ਕਰ ਕੇ ਅਪਣੀ ਬੱਲੇ ਬੱਲੇ ਖੱਟਣ ਦੀ ਕੋਸ਼ਿਸ਼ ਕਰ ਰਹੇ ਹਨ। ਕੁੱਝ ਅਜਿਹੇ ਲੋਕ ਜਿਹੜੇ ਸ਼ਾਇਦ ਕਦੇ ਪੰਜਾਬ ਆਏ ਹੀ ਨਹੀਂ ਹੋਣਗੇ, ਉਨ੍ਹਾਂ ਸਾਹਮਣੇ ਇਹ ਅਜਿਹੀ ਤਸਵੀਰ ਪੇਸ਼ ਕਰ ਰਹੇ ਹਨ, ਜੋ ਕਿ ਸ਼ਾਇਦ ਬਿਲਕੁਲ ਉਲਟ ਹੈ। ਮੈਂ ਕਹਿਣਾ ਚਾਹੁੰਨਾ ਕਿ ਜੇਕਰ ਸਰਕਾਰ ਇਸ ਮੁੱਦੇ 'ਤੇ ਗੰਭੀਰ ਨਾ ਹੁੰਦੀ ਤਾਂ ਸਭ ਤੋਂ ਪਹਿਲਾਂ ਲੌਕਡਾਊਨ ਪੰਜਾਬ ਸਰਕਾਰ ਨਾ ਲਾਉਂਦੀ। ਪੰਜਾਬ ਇਕ ਅਜਿਹਾ ਸੂਬਾ ਹੈ ਜਿੱਥੇ ਦੇਸ਼ ਅੰਦਰ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਲੌਕਡਾਊਨ ਲਾਇਆ। ਉਸ ਵੇਲੇ ਭਾਵੇਂ ਸਾਡੀ ਟੈਸਟਾਂ ਦੀ ਸਮਰੱਥਾ 1000 ਤੋਂ 1200 ਪ੍ਰਤੀ ਦਿਨ ਸੀ। ਕੱਲ੍ਹ ਅਸੀਂ 28000 ਟੈਸਟ ਕੀਤੇ ਹਨ ਜੋ ਕਿ ਇਕ ਰਿਕਾਰਡ ਹੈ। ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਜਿੱਥੇ ਪੂਰੇ ਯੂ.ਪੀ., ਬਿਹਾਰ ਤੋਂ ਆ ਕੇ ਲੇਵਰ ਕੰਮ ਕਰਦੀ ਹੈ। ਇੱਥੇ ਉਦਯੋਗਾਂ 'ਚ ਵੀ ਬਾਹਰੋਂ ਲੇਵਰ ਆਉਂਦੀ ਹੈ। ਪੰਜਾਬ 'ਚ ਬਾਹਰੋਂ ਐਨ.ਆਰ.ਆਈ. ਵੀ ਆਏ। ਪਰ ਸਾਡੀ ਲੋਕਲ ਸਥਿਤੀ ਅਜੇ ਵੀ ਕਾਫ਼ੀ ਬਿਹਤਰ ਹੈ। ਸਾਡੇ ਪਿੰਡਾਂ 'ਚ ਵੀ ਅਜੇ ਤਕ ਸਥਿਤੀ ਕੰਟਰੋਲ ਹੇਠ ਹੈ।  ਅਸੀਂ ਇਕ ਕਰੋੜ ਤੋਂ ਵਧੇਰੇ ਲੋਕਾਂ ਦਾ ਸਰਵੇ ਕੀਤਾ ਹੈ। ਜਿਸ ਵਿਚ 4 ਲੱਖ 11 ਹਜ਼ਾਰ ਬੰਦੇ ਹੈਪੇਟਾਈਟਜ਼ ਤੋਂ ਪੀੜਤ ਨੇ, 2 ਲੱਖ ਤੋਂ ਉਪਰ ਲੋਕ ਡੈਪੀਟੀਜ਼ ਦੇ ਮਰੀਜ਼ ਹਨ, ਬਾਕੀ ਕੁੱਝ ਕਿਡਨੀ ਤੋਂ ਪੀੜਤ ਨੇ, ਇਸ ਤਰ੍ਹਾਂ ਅਸੀਂ ਕਾਫ਼ੀ ਲੰਮਾ-ਚੌੜਾ ਸਰਵੇ ਕੀਤਾ ਹੈ। ਅਸੀਂ ਤਾਂ ਪੰਜਾਬ 'ਚ ਇਕ ਨਵੀਂ ਮਿਸਾਲ ਕਾਇਮ ਕਰਨ ਜਾ ਰਹੇ ਹਾਂ ਕਿ ਜਿੰਨੀ 2 ਕਰੋੜ 80 ਲੱਖ ਦੀ ਆਬਾਦੀ ਹੈ, ਅਸੀਂ ਇਕੱਲੇ ਇਕੱਲੇ ਬੰਦੇ ਦਾ ਹੈਲਥ ਡਾਟਾ ਤਿਆਰ ਕਰ ਰਹੇ ਹਾਂ। ਇਸ ਤੋਂ ਸਾਨੂੰ ਇਹ ਪਤਾ ਲੱਗ ਜਾਵੇਗਾ ਕਿ ਕਿਹੜੇ ਪਿੰਡ 'ਚ ਕਿੰਨੇ ਬੰਦੇ ਡੈਪੀਟੀਜ਼ ਤੋਂ ਪੀੜਤ ਹਨ, ਕਿੰਨੇ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਹਨ ਅਤੇ ਕਿੰਨੇ ਕੈਂਸਰ ਨਾਲ ਪੀੜਤ ਹਨ।

ਸਵਾਲ: ਜਿਹੜਾ ਤੁਸੀਂ ਡਾਟਾ ਇਕੱਠਾ ਕਰਨ ਜਾ ਰਹੇ ਹੋ, ਕੀ ਉਸ ਨਾਲ ਡੈਥ ਰੇਟ 'ਤੇ ਫ਼ਰਕ ਪਵੇਗਾ?
ਜਵਾਬ :
ਬਿਲਕੁਲ, ਅਸੀਂ ਸਮੇਂ ਸਮੇਂ 'ਤੇ ਲੋਕਾਂ ਤਕ ਪਹੁੰਚ ਕਰਦੇ ਰਹਾਂਗੇ ਕਿ ਉਹ ਠੀਕ-ਠਾਕ ਹਨ। ਇਸ ਨਾਲ ਸਾਨੂੰ ਉਨ੍ਹਾਂ ਦਾ ਇਲਾਜ਼ ਕਰਨ 'ਚ ਸੌਖ ਹੋਵੇਗੀ। ਜੇਕਰ ਤੁਸੀਂ ਸਾਡੇ ਕੋਲ ਹਸਪਤਾਲ ਆਉਂਦੇ ਹੋ, ਜੇਕਰ ਸਾਨੂੰ ਤੁਹਾਡੇ ਬਾਰੇ ਪਤਾ ਹੀ ਨਹੀਂ ਹੋਵੇਗਾ ਤਾਂ ਇਲਾਜ ਕਰਨ 'ਚ ਵਕਤ ਲੱਗਣ ਦੇ ਨਾਲ ਨਾਲ ਦਿੱਕਤ ਵੀ ਹੋਵੇਗੀ। ਪਰ ਜੇਕਰ ਸਾਨੂੰ ਪਹਿਲਾ ਪਤਾ ਹੋਵੇਗਾ ਕਿ ਇੰਨੇ-ਕਿੰਨੇ ਮਰੀਜ਼, ਕਿਸ-ਕਿਸ ਬਿਮਾਰੀ ਨਾਲ ਪੀੜਤ ਹਨ ਤਾਂ ਅਸੀਂ ਪਹਿਲਾਂ ਹੀ ਇੰਤਜ਼ਾਮ ਕਰ ਕੇ ਰੱਖਾਂਗੇ। ਲੇਕਿਨ ਇਹ ਜੋ ਅਫ਼ਵਾਹਾਂ ਫ਼ੈਲਾਈਆਂ ਜਾ ਰਹੀਆਂ ਹਨ ਕਿ ਮਰੀਜ਼ਾਂ ਦੇ ਅੰਗ ਕੱਢੇ ਜਾ ਰਹੇ ਹਨ, ਬਿਲਕੁਲ ਗ਼ਲਤ ਹਨ। ਤੁਸੀਂ ਆਪ ਪੜ੍ਹੇ ਲਿਖੇ ਹੋ, ਕੀ ਅੰਗ ਕੱਢਣੇ ਇੰਨੇ ਸੌਖੇ ਹਨ। ਦੂਜੀ ਗੱਲ, ਜੇਕਰ ਡਾਕਟਰ ਨੂੰ ਸਾਢੇ 3 ਲੱਖ ਰੁਪਇਆ ਮਿਲਦਾ ਹੋਵੇ ਤਾਂ ਡਾਕਟਰ ਨੂੰ ਜਾਨ ਗੁਆਉਣ ਦੀ ਕੀ ਲੋੜ ਹੈ। ਅਖੇ, ''ਆਸ਼ਾ ਵਰਕਰ ਨੂੰ 50 ਹਜ਼ਾਰ ਰੁਪਇਆ ਦਿਤਾ ਜਾਂਦੈ'', ਉਹ ਵਿਚਾਰੀਆਂ ਆਸ਼ਾ ਵਰਕਰਾਂ 2500-2500 ਰੁਪਏ ਲਈ ਧਰਨਾ ਲਾਈ ਬੈਠੀਆਂ ਹਨ ਕਿ ਜਿਹੜਾ ਕੇਂਦਰ ਸਰਕਾਰ ਨੇ 1500 ਰੁਪਇਆ ਦਿਤਾ ਹੈ, ਉਹ ਰਿਵਿਊ ਕਰੋ। ਇਹ ਲੋਕ ਇਕ ਸਟੰਟ, ਜਿਸ ਨੂੰ ਸਿਆਸੀ ਸਟੰਟ ਵੀ ਕਿਹਾ ਜਾਂ ਸਕਦੈ, ਕਰ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਤੁਹਾਡੇ ਸਾਹਮਣੇ, ਜਿਹੜਾ ਬੰਦਾ ਫਿਰੋਜ਼ਪੁਰ ਤੋਂ ਫੜਿਆ ਗਿਐ, ਉਹ ਕਿਹੜੀ ਪਾਰਟੀ ਨਾਲ ਸਬੰਧਤ ਸੀ, ਉਹ 'ਆਪ' ਨਾਲ ਸਬੰਧਤ ਸੀ। ਅਮਰਿੰਦਰ ਦਾਰਸ਼ੀ ਨਾਂ ਦਾ ਇਹ ਵਿਅਕਤੀ ਮੋਗੇ ਤੋਂ ਝਾੜੂ ਵਾਲਿਆਂ ਦੀ ਟਿਕਟ ਦਾ ਦਾਅਵੇਦਾਰ ਸੀ। ਅਸੀਂ ਹੋਲੀ ਹੋਲੀ ਲਿੰਕ ਕੱਢੀ ਜਾ ਰਹੇ ਹਾਂ, ਜਿਹੜਾ ਵੀ ਬੰਦਾ ਇਸ ਤਰ੍ਹਾਂ ਦੇ ਪੋਸਟ ਪਾਉਂਦਾ ਹੈ, ਇਸ ਤਰ੍ਹਾਂ ਦਾ ਪ੍ਰਚਾਰ ਕਰਦੈ, ਇਹ ਸਾਡੇ ਵਿਰੁਧ ਸ਼ਰਾਰਤ ਹੈ। ਜਾਂ ਜੋ ਸਮਾਜ ਦੇ ਦੁਸ਼ਮਣ ਹਨ, ਅਜਿਹੇ ਲੋਕ ਕਰ ਰਹੇ ਹਨ।

ਸਵਾਲ : ਸਰ, ਜਿਹੜੇ ਲੋਕ ਕਹਿ ਰਹੇ ਨੇ ਕਿ ਅੰਗ ਚੋਰੀ ਹੋਏ ਨੇ, ਉਨ੍ਹਾਂ ਦੀ ਕਿਸੇ ਬਾਡੀ ਦੀ ਜਾਂਚ ਹੋਈ ਹੈ ਕਿ ਇਹੋ ਜਿਹੀ ਗੱਲ ਨਹੀਂ ਹੋਈ ਹੈ।
ਜਵਾਬ :
ਤੁਸੀਂ, ਖੁਦ ਜਾਣਦੇ ਹੋ ਕਿ ਜਿਹੜੀ ਬਾਡੀ ਕਰੋਨਾ ਪਾਜ਼ੇਟਿਵ ਹੁੰਦੀ ਹੈ, ਉਸ ਨੂੰ ਰੈਪ ਕਰਨਾ ਪੈਂਦੇ, ਰਾਏਕੋਟ 'ਚ ਇਕ ਬਾਡੀ ਆਈ ਸੀ, ਜੋ ਪਰਵਾਰ ਨੇ ਪੂਰੀ ਤਰ੍ਹਾਂ ਚੈਕ ਕੀਤੀ। ਪਰਵਾਰ ਨੇ ਮੌਕੇ 'ਤੇ ਖੁਦ ਕਿਹਾ ਕਿ ਬਾਡੀ ਬਿਲਕੁਲ ਠੀਕ-ਠਾਕ ਹੈ। ਲੇਕਿਨ ਕਿਸੇ ਨੂੰ ਜੇਕਰ ਪਾਈਲਾਈਨ ਲਾਉਨੇ ਆਂ, ਆਕਸੀਜ਼ਨ ਲਾਉਨੇ ਆਂ, ਉਸ ਨਾਲ ਮਾੜਾ-ਮੋਟਾ ਤਾਂ ਬਲੱਡ ਨੱਕ 'ਚੋਂ ਆ ਹੀ ਸਕਦੈ, ਜਦੋਂ ਪਾਈਪ ਕੱਢਦੇ ਹਾਂ ਬਾਹਰ, ਉਸ ਨਾਲ ਵੀ ਬਲੱਡ ਨੱਕ 'ਚੋਂ ਬਾਹਰ ਆ ਸਕਦੈ। ਦੂਜੀ ਗੱਲ, ਅੰਗ ਕੱਢਣੇ ਤਾਂ ਦੂਰ, ਲੋਕ ਤਾਂ ਨੇੜੇ ਜਾਣ ਨੂੰ ਤਿਆਰ ਨਹੀਂ, ਤੁਸੀਂ ਵੇਖਿਆ ਹੋਣੈ ਸ਼ੁਰੂ 'ਚ ਅਜਿਹੀਆਂ ਘਟਨਾਵਾਂ ਵੀ ਵਾਪਰੀਆਂ ਸਨ, ਜਦੋਂ ਲੋਕ ਡੈਡ ਬਾਡੀ ਲੈਣ ਤੋਂ ਇਨਕਾਰੀ ਹੋ ਗਏ ਸਨ। ਅਜਿਹੇ ਮਾਮਲੇ, ਲੁਧਿਆਣਾ  ਅਤੇ ਜਲੰਧਰ ਸਮੇਤ ਹੋਰ ਥਾਈ ਸਾਹਮਣੇ ਆਏ ਸਨ ਕਿ ਤੁਸੀਂ ਡੈਡ ਬਾਡੀ ਦਾ ਸੰਸਕਾਰ ਆਪ ਕਰੋ। ਵੈਸੇ ਵੀ ਰੈਪ ਕੀਤੀ ਹੋਈ ਬਾਡੀ ਦਾ ਸੰਸਕਾਰ ਸਾਡੇ ਪੈਰਾਮੈਡੀਕਲ ਦੇ ਮੁਲਾਜ਼ਮ ਹੀ ਕਰਦੇ ਹਨ, ਨਾ ਕਿ ਪਰਵਾਰ ਦੇ ਲੋਕ।
ਸਵਾਲ : ਸਰ, ਦੂਜਾ ਇਲਜ਼ਾਮ ਇਹ ਵੀ ਆ ਰਿਹੈ ਕਿ ਪ੍ਰਾਈਵੇਟ ਹਸਪਤਾਲ ਬਹੁਤ ਪੈਸੇ ਖਾ ਰਹੇ ਨੇ, ਉਹਦੇ 'ਤੇ ਕਿਸ ਤਰ੍ਹਾਂ ਨਿੱਘਾ ਰੱਖੀ ਜਾ ਰਹੀ ਹੈ?
ਜਵਾਬ :
ਵੇਖੋ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, 100 ਪ੍ਰਤੀਸ਼ਤ ਸਹਿਮਤ ਹੈਗਾ, ਮੈਂ ਤੁਹਾਡੇ ਰਾਹੀਂ ਉਨ੍ਹਾਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਨਾ, ਵੇਖੋ, ਇਹ ਸਮਾਂ ਪੈਸੇ ਕਮਾਉਣ ਦਾ ਨਹੀਂ ਹੈ, ਇਹ ਸਮਾਂ ਸਾਡੀ ਪਰਖ ਦੀ ਘੜੀ ਹੈ, ਇਹ ਸਮਾਂ ਸੇਵਾ ਕਰਨਾ ਦਾ ਹੈ, ਠੀਕ ਹੈ, ਹਸਪਤਾਲ ਦੇ ਖ਼ਰਚੇ ਹੁੰਦੇ ਨੇ ਜੋ ਪੂਰੇ ਕਰਨੇ ਹੁੰਦੇ ਨੇ, ਪਰ ਲੋਕਾਂ 'ਤੇ ਐਨਾ ਵੀ ਦਬਾਅ ਨਾ ਬਣਾਓ, ਲੋਕਾਂ ਦੀ ਜੇਬ ਐਨੀ ਵੀ ਖ਼ਾਲੀ ਨਾ ਕਰੋ, ਜਿਹਦੇ ਨਾਲ ਲੋਕ ਵਿਚਾਰੇ ਆਰਥਿਕ ਮੰਦਹਾਲੀ 'ਚ ਚਲੇ ਜਾਣ।
ਸਵਾਲ : ਸਰ, ਜਿਹੜਾ ਭੁੱਖਾ ਹੈ, ਉਦਯੋਗਪਤੀ ਹੈ, ਉਹਨੂੰ ਅਪੀਲ ਦਾ ਕੋਈ ਫ਼ਰਕ ਨਹੀਂ ਪੈਣਾ, ਕੀ ਸਰਕਾਰ ਕੁੱਝ ਕਦਮ ਵੀ ਚੁੱਕ ਰਹੀ ਹੈ, ਉਨ੍ਹਾਂ ਨੂੰ ਇਸ ਲਈ ਪ੍ਰੇਰਿਤ ਕਰਨ ਲਈ।
ਜਵਾਬ :
 ਬਿਲਕੁਲ, ਅਸੀਂ ਜਿਹੜਾ ਨਵਾਂ ਕਾਨੂੰਨ ਬਣਾ ਰਹੇ ਹਾਂ, ਉਸ ਵਿਚ ਇਹੀ ਚੀਜ਼ ਹੈ। ਉਸ 'ਚ ਅਸੀਂ ਇਨ੍ਹਾਂ ਨੂੰ ਪਾਬੰਦ ਕਰਾਂਗੇ, ਕਿ ਤੁਸੀਂ ਇਹ ਚੀਜ਼ਾਂ ਦਿਓਗੇ, ਜੋ ਸਰਕਾਰ ਨੇ ਰੇਟ ਤਹਿ ਕਰ ਦਿਤੇ ਨੇ। ਪਰ ਹੁੰਦਾ ਕੀ ਹੈ ਕਿ ਜਦੋਂ ਬੰਦਾ ਜ਼ਿਆਦਾ ਕਮਜ਼ੋਰ ਹੋ ਜਾਂਦੈ, ਉਸ ਨੂੰ ਨਾਲ ਲਗਦੀ ਕੋਈ ਹੋਰ ਬਿਮਾਰੀ ਵੀ ਹੋ ਜਾਂਦੀ ਹੈ, ਉਸ ਨੂੰ ਉਹਦਾ ਵੀ ਇਲਾਜ ਕਰਨਾ ਪੈਂਦੇ। ਫਿਰ ਉਹਦੇ ਚਾਰਜ ਪਾ ਕੇ ਉਹ ਪੈਸੇ ਜ਼ਿਆਦਾ ਬਣਾ ਲੈਂਦੇ ਹਨ। ਲੇਕਿਨ ਫਿਰ ਵੀ ਮੈਂ ਕਹਿਨਾ ਕਿ ਅੱਜ ਦੀ ਤਰੀਕ 'ਚ ਲਾਇਫ ਦੀ ਕੋਈ ਕੀਮਤ ਨਹੀਂ ਹੈ। ਜਿਹੜਾ ਬੰਦਾ ਸਾਡੇ ਸਰਕਾਰੀ ਸਿਸਟਮ 'ਚ ਆ ਗਿਆ ਤੇ ਫਿਰ ਪ੍ਰਾਈਵੇਟ 'ਚ ਜਾਂਦਾ ਹੈ, ਉਸ ਦੇ ਪੈਸੇ ਸਰਕਾਰ ਪੇਅ ਕਰਦੀ ਹੈ।

ਸਵਾਲ : ਸਰ, ਸਰਕਾਰੀ ਸਿਸਟਮ 'ਚੋਂ ਲੋਕ ਪ੍ਰਾਈਵੇਟ ਕਿਉਂ ਜਾਂਦੇ ਨੇ? ਖਾਸ ਕਰ ਕੇ, ਪਟਿਆਲਾ ਦੇ ਇਕ ਐਮਐਲਏ ਨੇ, ਉਨ੍ਹਾਂ ਨੇ ਲਾਈਵ ਹੋ ਕੇ ਕਿਹਾ ਕਿ ਮੈਂ ਇੱਥੇ ਆਇਆ ਹਾਂ ਅਤੇ 2 ਘੰਟੇ ਬਾਅਦ ਉਹ ਫਿਰ ਪ੍ਰਾਈਵੇਟ 'ਚ ਚਲੇ ਗਏ?
ਜਵਾਬ :
ਨੋ, ਨੋ, ਨੋ, ਜਿਹੜਾ ਉਹ ਐਮ.ਐਲ.ਏ. ਸੀ, ਉਹ ਪਿਛਲੇ 4 ਸਾਲ ਤੋਂ ਬਿਮਾਰ ਚੱਲ ਰਿਹਾ ਸੀ। ਜਿਵੇਂ ਮੈਨੂੰ ਕੋਈ ਮਾੜੀ ਜਿਹੀ ਵੀ ਸਮੱਸਿਆ ਹੁੰਦੀ ਹੈ ਤਾਂ ਮੈਂ ਮੋਹਾਲੀ 'ਚ ਡਾ. ਜਸਵਿੰਦਰ ਸਿੰਘ ਹਨ, ਮੈਂ ਉਨ੍ਹਾਂ ਨੂੰ ਦਵਾਈ ਲੈਂਦਾ ਹਾਂ। ਉਨ੍ਹਾਂ ਨੂੰ ਮੇਰੇ ਬਾਰੇ ਪਤੈ ਕਿ ਇਨ੍ਹਾਂ ਨੂੰ ਕਿਹੜੀ ਸਮੱਸਿਆ ਹੈ ਤੇ ਕਿਹੜੀ ਦਵਾਈ ਦੇਣੀ ਹੈ। ਜੇਕਰ ਮੈਂ ਕਿਤੋਂ ਬਾਹਰੋਂ ਵੀ ਕਰਵਾਉਂਦਾ ਹਾਂ ਤਾਂ ਮੈਨੂੰ ਅਡਵਾਇਸ ਉਹੀ ਕਰਦਾ ਹੈ। ਉਹ ਐਮ.ਐਲ.ਏ. ਵੀ ਕਈ ਬਿਮਾਰੀਆਂ ਨਾਲ ਪੀੜਤ ਸੀ, ਜਿਸ ਦਾ ਇਲਾਜ ਪਹਿਲਾਂ ਉਸੇ ਹਸਪਤਾਲ 'ਚ ਚੱਲਦਾ ਸੀ। ਉਹ ਜਦੋਂ ਕੋਵਿਡ ਤੋਂ ਬਿਲਕੁਲ ਠੀਕ ਹੋ ਗਿਆ ਅਤੇ ਅਪਣੇ ਪੁਰਾਣੇ ਹਪਸਤਾਲ 'ਚ ਜਾ ਕੇ ਦਾਖ਼ਲ ਹੋ ਗਿਆ। ਜਦੋਂ ਉਥੇ ਐਮ.ਐਲ.ਏ. ਪਿਆ ਹੋਵੇਗਾ ਤਾਂ ਲੋਕਾਂ ਨੂੰ ਥੋੜ੍ਹੀ ਦਿੱਕਤ ਹੋ ਸਕਦੀ ਹੈ, ਕਿਉਂਕਿ ਲੋਕਾਂ ਦੀ ਆਵਜਾਈ ਬਣੀ ਰਹਿ ਸਕਦੀ ਹੈ। ਪਰ ਮੈਂ ਤੁਹਾਨੂੰ ਕਹਿਣਾ ਚਾਹੁੰਨਾ, ਅਸੀਂ ਸਾਰੇ ਹਸਪਤਾਲਾਂ ਦੇ ਵਿਚ ਐਲ.ਸੀ.ਡੀਜ਼, ਟੀ.ਵੀ. ਕੈਮਰੇ, ਪਲੱਸ ਬਾਹਰ ਵੱਡੀਆਂ ਸਕਰੀਨਾਂ ਲਗਵਾ ਰਹੇ ਹਾਂ। ਕੱਲ੍ਹ ਅਸੀਂ ਡੀ.ਐਮ.ਸੀ. ਤੋਂ ਇਕ ਅਜਿਹਾ ਕੈਮਰਾ ਲਿਆਂਦਾ ਹੈ, ਜੋ ਮੂਵਏਬਲ ਹੈ ਤੇ ਕੱਲੇ ਕੱਲੇ ਬੈਡ ਕੋਲ ਜਾਵੇਗਾ। ਅੱਜ ਅਸੀਂ ਉਹਦੀ ਡੈਮੋ ਲੈ ਰਹੇ ਹਾਂ, ਪ੍ਰਮਾਤਮਾ ਕਰੇ, ਪਰਸੋ ਤਕ ਅਸੀਂ ਮੰਗਵਾ ਲਵਾਂਗੇ ਸਾਰੇ ਹਸਪਤਾਲਾਂ ਲਈ। ਉਹ ਮੂਵਏਬਲ ਕੈਮਰਾ ਇਕੱਲੇ ਇਕੱਲੇ ਬੈਡ 'ਤੇ ਜਾ ਕੇ ਇਕੱਲੇ ਇਕੱਲੇ ਮਰੀਜ਼ ਦੀ ਗੱਲ ਕਰਵਾਉਂਦੈ।
ਸਵਾਲ : ਫੈਮਲੀ ਨਾਲ?
ਜਵਾਬ :
ਹਾਂ, ਫੈਮਲੀ ਨਾਲ, ਉਸ ਨੂੰ ਬਾਹਰ ਸਕਰੀਨ 'ਤੇ ਲਗਾ ਦੇਵਾਂਗੇ ਤੇ ਇਸ ਤਰ੍ਹਾਂ ਮਰੀਜ਼ਾਂ ਦੀ ਪਰਵਾਰ ਨਾਲ ਵੀਡੀਓ ਕਾਲ ਹੋ ਜਾਵੇਗੀ। ਇਸ ਨਾਲ ਜਿਹੜਾ ਲੋਕਾਂ ਅੰਦਰ ਡਰ ਹੈ, ਉਹ ਦੂਰ ਹੋ ਜਾਵੇਗਾ।

ਸਵਾਲ : ਸਰ, ਇਹ ਮੰਨ ਲੈਂਦੇ ਹਾਂ, ਪੰਜਾਬ ਸਰਕਾਰ ਇਸ ਬਾਰੇ ਚੁਕੰਨਾ ਹੈ, ਬਾਕੀ ਸੂਬਿਆਂ ਨਾਲੋਂ ਅੰਕੜੇ ਘੱਟ ਹਨ, ਹਰ ਗੱਲ ਮੰਨ ਲੈਂਦੇ ਹਾ, ਪਰ ਫਿਰ ਵੀ ਜਿਹੜੇ ਲੋਕ ਵਿਸ਼ਵਾਸ ਨਹੀਂ ਕਰ ਰਹੇ, ਉਹ ਜੰਗ ਤਾਂ ਤੁਸੀਂ ਹਾਰ ਰਹੇ ਹੋ ਨਾ?
ਜਵਾਬ :
ਨਹੀਂ, ਬਿਲਕੁਲ ਨਹੀਂ ਹਾਰ ਰਹੇ, ਵੇਖੋਂ ਜਿਵੇਂ ਇਹ ਪੰਚਾਇਤਾਂ ਵਾਲਾ ਰੌਲਾ ਪਿਆ ਸੀ, ਉਹ ਬਿਲਕੁਲ ਗ਼ਲਤ ਸੀ। ਜਿਸ ਤਰ੍ਹਾਂ ਇਕ ਪਿੰਡ 'ਚ 4-5 ਸੌ ਵਿਅਕਤੀ ਰਹਿੰਦੇ ਹਨ। ਉਨ੍ਹਾਂ ਵਿਚੋਂ 10-15 ਬੰਦੇ ਇਕੱਠੇ ਹੋਏ ਅਤੇ ਕਾਗ਼ਜ਼ 'ਤੇ ਲਿਖ ਲਿਆ। ਕੋਈ ਸਰਕਾਰੀ ਰਜਿਸਟਰ 'ਤੇ ਮਤਾ ਨਹੀਂ ਪਿਆ ਹੋਇਆ, ਸਰਪੰਚ ਵੀ ਪਿੰਡ ਦੀ ਬਸਿੰਦਾ ਹੁੰਦੈ, ਉਹਦੇ 'ਤੇ ਪਰੈਸ਼ਰ ਬਣਾ ਕੇ ਉਹਦੇ ਤੋਂ ਦਸਤਖ਼ਤ ਕਰਵਾ ਲੈਂਦੇ ਹਨ, ਤੇ ਕਹਿੰ ਦਿੰਦੇ ਨੇ ਇਹ ਪੰਚਾਇਤ ਦਾ ਮਤਾ ਹੈ। ਪੰਜ ਬੰਦੇ ਇਕੱਠੇ ਹੋ ਕੇ ਪੰਚਾਇਤ ਬਣਾ ਲੈਂਦੇ ਨੇ, ਪੰਚਾਇਤੀ ਮਤਾ ਤਾਂ ਉਹ ਹੁੰਦੈ ਜਿੱਥੇ ਬਕਾਇਦਾ ਸੈਕਟਰੀ ਪੰਚਾਇਤ ਦਾ ਮਤਾ ਪਾਵੇ, ਉਹਨੂੰ ਪੰਚਾਇਤ ਦਾ ਮਤਾ ਮੰਨਿਆ ਜਾਂਦੈ। ਤਕਰੀਬਨ ਸਾਰੀਆਂ ਪੰਚਾਇਤਾਂ ਨੇ ਇਹੋ ਸਟੇਟਮੈਂਟਾਂ ਦਿਤੀਆਂ ਨੇ ਕਿ ਅਸੀਂ ਕੋਈ ਐਦਾਂ ਦਾ ਮਤਾ ਨਹੀਂ ਪਾਇਆ, ਅਸੀਂ ਬਲਕਿ ਵੈੱਲਕਮ ਕਰਦੇ ਹਾਂ ਕਿ ਆਓ ਤੇ ਆ ਕੇ ਟੈਸਟ ਕਰੋ। ਅਸੀਂ ਤਾਂ ਲੋਕਾਂ ਨੂੰ ਇਹ ਕਹਿਣਾ ਚਾਹੁੰਨੇ ਹਾਂ ਕਿ ਅੱਜ ਸਰਕਾਰ ਤੁਹਾਡੇ ਦੁਆਰ 'ਤੇ ਖੜ੍ਹੀ ਹੈ ਕਿ ਜਿਹੜਾ ਬੰਦਾ ਛੋਟਾ-ਮੋਟਾ ਵੀ ਮਰੀਜ਼ ਹੈ, ਅਸੀਂ ਉਹਨੂੰ ਸ਼ੁਰੂਆਤੀ ਸਟੇਜ 'ਚ ਸੰਭਾਲ ਲਈਏ ਤੇ ਨਾਲੋ-ਨਾਲ ਇਲਾਜ ਕਰ ਦਈਏ। ਜਿਹੜੀ ਡੈਥ-ਰੇਟ ਦੀ ਗੱਲ ਹੈ, ਉਹ ਤੁਹਾਨੂੰ ਪੰਜਾਬ ਦੇ ਲਾਈਫ ਸਟਾਇਲ ਦਾ ਪਤਾ ਹੀ ਹੈ, ਲੋਕ ਬੜਾ ਰਿਚ ਫੂਡ ਖਾਂਦੇ ਨੇ, ਐਕਸਾਈਜ਼ ਕੋਈ ਹੈ ਨਹੀਂ, ਵਰਕ ਹੈ ਨਹੀਂ, ਹਰ ਬੰਦੇ ਨੂ ੰਬਲੱਡ ਪ੍ਰੈਸ਼ਰ ਹੈ, ਹਰ ਬੰਦੇ ਨੂੰ ਸ਼ੂਗਰ ਹੋਈ ਪਈ ਹੈ, ਹਰ ਬੰਦਾ ਐਕਸਾਈਜ਼ ਕਰਦਾ ਨਹੀਂ, ਕਿਸੇ ਨੂੰ ਕਿਡਨੀ ਦੀ ਪ੍ਰਾਬਲਮ ਹੈ, ਜਾਂ ਦੂਜੀ ਗੱਲ ਕਿ ਜ਼ਿਆਦਾਤਰ ਬੰਦੇ ਜ਼ਿਆਦਾ ਗੰਭੀਰ ਹੋਣ ਬਾਅਦ ਹਸਪਤਾਲ ਆਉਂਦੇ ਨੇ, ਪਹਿਲਾਂ ਅਪਣੀ ਗੱਲ ਨੂੰ ਛਪਾਈ ਜਾਂਦੇ ਨੇ ਕਿ ਮੈਂ ਠੀਕ ਹਾਂ, ਇਹ ਜਿਹੜੇ ਦਿਨ ਹੁੰਦੇ ਨੇ, ਇਹਦੇ ਵਿਚ ਡੇਂਗੂ, ਮਲੇਰੀਆ ਆਮ ਹੋ ਜਾਂਦੇ ਨੇ।

ਸਵਾਲ : ਇਹੋ ਨਾ ਕਿ ਉਨ੍ਹਾਂ ਨੂੰ ਡਰ ਹੁੰਦੈ ਕਿ ਅਸੀਂ ਉਥੇ ਚਲੇ ਗਏ ਤਾਂ...?
ਜਵਾਬ :
ਉਹੋ ਨਾ ਅਸੀਂ ਤਾਂ ਹੁਣ ਹੋਮ ਐਸੋਲੇਸ਼ਨ ਕਰ ਦਿਤੈ, ਕੱਲ੍ਹ ਮੈਂ ਜਲੰਧਰ ਗਿਆ ਸੀ, ਉਥੇ ਕੁੱਲ 2768 ਬੰਦੇ ਐਕਟਿਵ ਸੀ। ਜਿਹਦੇ ਵਿਚੋਂ 1440 ਬੰਦੇ ਅਸੀਂ ਹੋਮ ਐਸੋਲੇਸ਼ਨ ਕੀਤੇ ਹੋਏ ਸੀ। ਕੀ ਹੁੰਦੈ ਕਿ ਇਹ ਬਿਮਾਰੀ ਨਵੀਂ ਸੀ, ਕਿਸੇ ਨੂੰ ਵੀ ਸੰਸਾਰ 'ਚ ਇਹਦੇ ਬਾਰੇ ਪਤਾ ਨਹੀਂ ਸੀ। ਅਮਰੀਕਾ 'ਚ 2 ਲੱਖ ਬੰਦਾ ਕਿਵੇਂ ਮਰ ਗਿਆ, ਜਾਂ ਅਮਰੀਕਾ 'ਚ ਲੱਖਾਂ ਲੋਕ ਕਿਵੇਂ ਪਾਜ਼ੇਟਿਵ ਹੋ ਗਏ? ਵੱਡੇ ਵੱਡੇ, ਜਿਵੇਂ ਯੂ.ਕੇ. ਫੇਲ੍ਹ ਹੋ ਗਿਆ। ਜਿਹੜੇ ਬੜੇ ਅਡਵਾਂਸ ਕੰਟਰੀ ਸੀ, ਜਿਨ੍ਹਾਂ ਕੋਲ ਅਡਵਾਂਸ ਸਹੂਲਤਾਂ ਸਨ, ਉਹ ਵੀ ਫੇਲ੍ਹ ਹੋ ਗਏ, ਜਰਮਨ ਵਰਗੇ ਫੇਲ੍ਹ ਹੋ ਗਏ। ਉਹ ਕੀ ਕਰਦੇ ਸੀ, ਸ਼ੁਰੂ ਸ਼ੁਰੂ 'ਚ ਜਿਹੜਾ ਬੰਦਾ ਆ ਗਿਆ ਉਹਨੂੰ ਦਾਖ਼ਲ ਕਰ ਲੈਂਦੇ ਸੀ। ਪਰ ਹੁਣ ਜਿਵੇਂ ਅਸੀਂ ਜਿਹੜੀ ਸਾਡੀ ਟੀਮ ਹੈ, ਉਹ ਫ਼ੈਸਲਾ ਕਰਦੀ ਹੈ ਕਿ ਜਿਨ੍ਹਾਂ ਨੂੰ ਮਾਮੂਲੀ ਸਮੱਸਿਆ ਹੈ, ਉਨ੍ਹਾਂ ਨੂੰ ਘਰਾਂ 'ਚ ਹੀ ਐਸੋਲੈਸ਼ਨ ਕੀਤਾ ਜਾਵੇ। ਜੇਕਰ ਕੋਈ ਦਿੱਕਤ ਆਉਂਦੀ ਹੈ ਤਾਂ ਉਸ ਨੂੰ ਬਕਾਇਦਾ ਨੰਬਰ ਦਿਤਾ ਜਾਂਦੈ ਕਿ ਤੁਸੀਂ ਸਾਨੂੰ ਇਸ ਨੰਬਰ 'ਤੇ ਫ਼ੋਨ ਕਰੋ ਅਸੀਂ ਤੁਹਾਨੂੰ ਪਿਕ ਕਰ ਕੇ ਹਸਪਤਾਲ ਲੈ ਜਾਵਾਂਗੇ, ਪਲੱਸ ਅਸੀਂ ਉਹ ਕਿੱਟ ਵੀ ਦਿੰਦੇ ਹਾਂ ਨਾਲ ਹੁਣ...।
ਸਵਾਲ : ਮੰਨਿਆ ਠੀਕ ਹੈ, ਜਿਹੜੀ ਤੁਸੀਂ ਬਿਮਾਰੀ ਠੀਕ ਕਰਨੀ ਹੈ, ਪਰ ਜਿਹੜਾ ਉਹਦੇ ਨਾਲ ਡੰਡਾ ਚੱਲ ਰਿਹੈ, ਉਹ ਇਕ ਵੱਡਾ ਕਾਰਨ ਨਹੀਂ ਹੈ? ਜਿਵੇਂ ਕੱਲ੍ਹ ਸਿਮਰਜੀਤ ਸਿੰਘ ਬੈਂਸ 'ਤੇ ਡੱਡਾ ਵੱਜਿਆ, ਮਤਲਬ...?
ਜਵਾਬ :
ਵੇਖੋ, ਮੈਂ...ਡੰਡਾ ਨਹੀਂ ਵੱਜਿਆ ਉਹਦੇ, ਸਿਮਰਜੀਤ ਸਿੰਘ ਬੈਂਸ ਜਾਣਬੁਝ ਕੇ ਸਰਕਾਰੀ ਸਿਸਟਮ ਨੂੰ ਕੈਚ ਕਰਨ ਦੀ ਕੋਸ਼ਿਸ਼ ਕਰ ਰਿਹੈ ਕਿ ਮੈਂ ਸਾਰਾ ਕੁੱਝ ਅਪਣੇ ਹੱਥ 'ਚ ਲੈ ਲਵਾਂ। ਵੇਖੋਂ, ਜਦੋਂ ਤੁਹਾਨੂੰ ਇਹ ਪਤੈ ਕਿ ਵਿਸ਼ਵ ਸਿਹਤ ਸੰਸਥਾ ਨੇ ਪੂਰੇ ਸੰਸਾਰ 'ਚ ਐਮਰਜੰਸੀ ਐਲਾਨੀ ਹੋਈ ਹੈ ਕਿ ਤੁਹਾਨੂੰ ਮਾਸਕ ਪਾਉਣਾ ਚਾਹੀਦੈ। ਪਰ ਤੁਸੀਂ ਲੋਕਾਂ ਨੂੰ ਕਹਿੰਦੇ ਹੋ ਕਿ ਮਾਸਕ ਨਾ ਪਾਓ। ਕੀ ਸਿਮਰਜੀਤ ਸਿੰਘ ਬੈਂਸ ਕੋਲ ਇੰਨਾ ਪ੍ਰਬੰਧ ਹੈਗੇ ਕਿ ਉਹ ਇੰਨੇ ਲੋਕਾਂ ਦਾ ਇਲਾਜ ਕਰਵਾ ਦੇਵੇਗਾ। ਕਿੱਥੇ ਕਰਵਾਏਗਾ ਇਲਾਜ? ਇੰਨੀਆਂ ਸਹੂਲਤਾਂ ਕਿਵੇਂ ਪੈਦਾ ਕਰੇਗਾ। ਮੈਂ ਕਹਿਨਾ ਕਿ ਜੇਕਰ ਇਕ ਸ਼ਹਿਰ 'ਚ 300 ਬੰਦਿਆਂ ਨੂੰ ਕਰੋਨਾ ਹੋ ਗਿਆ ਅਤੇ ਅੱਗੇ ਇਹ 300 ਪਰਵਾਰਾਂ 'ਚ ਫੈਲ ਗਿਆ ਤਾਂ ਗੱਲ ਕਿੱਥੋਂ ਤਕ ਪਹੁੰਚੇਗੀ। ਅਸੀਂ ਲੋਕਾਂ ਨੂੰ ਗਾਈਡ ਕਰਨ ਦੀ ਬਜਾਏ ਉਨ੍ਹਾਂ ਨੂੰ ਗੁਮਰਾਹ ਕਰ ਰਹੇ ਹਾਂ। ਇਹ ਰਾਜਨੀਤੀ ਤਾਂ ਹੋ ਸਕਦੀ ਹੈ, ਪਰ ਲੋਕਾਂ ਦੀ ਸੇਵਾ ਨਹੀਂ ਹੋ ਸਕਦੀ।

ਸਵਾਲ : ਸੋ ਛੋਟੀ ਜਿਹੀ ਗੱਲ ਹੈ, ਮਾਸਕ ਪਾਉਣ ਕਾਰਨ ਲੋਕਾਂ ਦੇ ਚਲਾਨ ਵੀ ਬਹੁਤ ਹੋ ਰਹੇ ਨੇ, ਆਖਰੀ ਸਵਾਲ, ਤੁਸੀਂ ਲੋਕਾਂ ਨੂੰ ਕਿਸ ਤਰ੍ਹਾਂ ਮਾਸਕ ਪਾਉਣ ਲਈ ਉਤਸ਼ਾਹਤ ਕਰ ਸਕਦੇ ਹੋ?
ਜਵਾਬ :
ਵੇਖੋ, ਇਹ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਸਰਕਾਰ ਕੋਲ ਇੰਨੀ ਵੱਡੀ ਮਸ਼ੀਨਰੀ ਨਹੀਂ ਹੁੰਦੀ। ਮੇਰੇ ਕੋਲ ਕੇਵਲ 50 ਹਜ਼ਾਰ ਦਾ ਸਟਾਫ਼ ਹੈ ਪੂਰੇ ਪੰਜਾਬ ਵਿਚ, ਜਦਕਿ 2 ਕਰੋੜ 80 ਲੱਖ ਦੀ ਆਬਾਦੀ ਹੈ। ਬਾਕੀ 7 ਤੋਂ 8 ਲੱਖ ਬੰਦਾ ਸਰਕਾਰੀ ਮੁਲਾਜ਼ਮ ਹੋਣੈ ਸਾਰਾ ਹੀ, ਤੁਸੀਂ ਸਾਰੇ ਬੰਦੇ ਲਾ ਲਵੋਗੇ, 7-8 ਲੱਖ ਬੰਦੇ ਨੂੰ ਪ੍ਰਚਾਰ ਕਰਨ ਲਈ ਕਿੰਨਾ ਸਮਾਂ ਚਾਹੀਦੈ, ਹੋਰ ਵੀ ਕਈ ਕੰਮ ਨੇ, ਲੋਕਾਂ ਦੀ ਇਲਾਜ ਵੀ ਕਰਨੈ, ਅਪਰੇਸ਼ਨ ਵੀ ਕਰਨੇ ਨੇ। ਪੰਜਾਬ ਅਜਿਹਾ ਪਹਿਲਾ ਸੂਬਾ ਹੈ, ਜਿਸ ਨੇ ਅਪਣੀ ਜਨਰਲ ਓ.ਪੀ.ਡੀ. ਵੀ ਬੰਦ ਨਹੀਂ ਕੀਤੀ, ਉਹ ਵੀ ਨਾਲ ਨਾਲ ਚੱਲ ਰਹੀ ਹੈ। ਸਾਡੇ ਹਸਪਤਾਲ 'ਚ ਜਿਹੜੀਆਂ ਬੱਚੀਆਂ ਵਿਚਾਰੀਆਂ ਪਾਜ਼ੇਟਿਵ ਸਨ ਤੇ ਪ੍ਰੈਗਨੈਟ ਸਨ, ਡਲਿਵਰੀਆਂ ਵੀ ਕੀਤੀਆਂ ਨੇ, ਉਹ ਵੀ ਤੰਦਰੁਸਤ ਹੋਈਆਂ ਨੇ, ਤੇ ਤੁਸੀਂ ਦੱਸੋ, ਸਰਕਾਰ ਤਾਂ ਹਰ ਚੀਜ਼ ਪੈਦਾ ਕਰ ਰਹੀ ਹੈ। ਅਸੀਂ ਟੈਸਟਾਂ ਦੀ ਸਮਰੱਥਾ ਵਧਾ ਦਿਤੀ ਹੈ, ਸੈਪਲਿੰਗ ਵਧਾ ਦਿਤੀ ਹੈ, ਟੀਮਾ ਵਧਾ ਦਿਤੀਆਂ ਹਨ, 950 ਡਾਕਟਰ ਭਰਤੀ ਕਰ ਰਹੇ ਹਾਂ, 428 ਸਪੈਸਲਿਸਟ ਭਰਤੀ ਕਰ ਰਹੇ ਹਾਂ, 500 ਮੈਡੀਕਲ ਅਫ਼ਸਰ ਭਰਤੀ ਕਰ ਰਹੇ ਹਾਂ, ਬਾਕੀ ਢਾਈ ਹਜ਼ਾਰ ਹੋਰ ਪੈਰਾਮੈਡੀਕਲ ਸਟਾਫ਼ ਦਾ ਬੰਦਾ ਭਰਤੀ ਕਰ ਰਹੇ ਹਾਂ, ਅਸੀਂ ਹਰ ਸਹੂਲਤ ਦਾ ਪ੍ਰਬੰਧ ਕਰ ਰਹੇ ਹਾਂ। ਲੇਕਿਨ ਸਾਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਹੈ। ਹੁਣ ਆਕਸੀਮੀਟਰ ਵੰਡ ਕੇ, ਕਹਿੰਦੇ ਨੇ ''ਉਂਗਲੀ 'ਚੋਂ ਖੂਨ ਕੱਢ ਕੇ ਸ਼ਹੀਦ ਬਣਨ ਵਾਲੀ ਗੱਲ'', ਆਕਸੀਮੀਟਰ ਨਾਲ ਜਾਂਚ ਕਰਨ ਲਈ ਮਾਹਿਰ ਬੰਦੇ ਦੀ ਜ਼ਰੂਰਤ ਹੁੰਦੀ ਹੈ, ਇਕੱਲੇ ਆਕਸੀਮੀਟਰ ਨਾਲ ਜਾਂਚ ਕਰਨ ਨਾਲ ਤਾਂ ਕੋਵਿਡ ਨਹੀਂ ਹਟ ਜਾਂਦਾ। ਇਹ ਕੋਈ ਇਲਾਜ ਥੋੜਾ ਏ, ਇਹ ਕੋਈ ਮੈਡੀਸਨ ਥੋੜ੍ਹਾ ਏ। ਸਾਡੇ ਕੱਲ੍ਹ ਇੱਥੇ ਇਕ ਲੜਕੀ ਸੀ, ਉਹਦੀ ਆਕਸੀਜਨ 96 ਸੀ। ਉਹ ਬਿਨਾਂ ਸਹਾਇਤਾ ਦੇ ਆ ਰਹੀ ਸੀ, ਪਰ ਉਹ ਕਹਿੰਦੀ ਸੀ ਮੈਨੂੰ ਸਾਹ ਲੈਣ 'ਚ ਦਿੱਕਤ ਮਹਿਸੂਸ ਹੋ ਰਹੀ ਹੈ। ਉਸ ਨੂੰ ਫਿਰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਅਸੀਂ ਲੋਕਾਂ ਨੂੰ ਗੁੰਮਰਾਹ ਨਾ ਕਰੀਏ, ਅਸੀਂ ਨੈਗੇਟਿਵ ਸਿਆਸਤ ਨਾ ਕਰੀਏ, ਬਲਕਿ ਪੋਜੇਟਿਵ ਸਿਆਸਤ ਕਰੀਏ। ਦੂਜੀ ਗੱਲ, ਆਕਸੀਮੀਟਰ ਵੰਡਣ ਨਾਲ ਕੋਈ ਮਸਲਾ ਹੱਲ ਨਹੀਂ ਹੋਣਾ। ਸਾਡਾ ਸਟਾਫ਼ ਘਰ ਘਰ ਜਾਂਦਾ ਹੈ, ਆਕਸੀਜਨ ਚੈਕ ਕਰਦਾ ਹੈ, ਉਹ ਵੀ ਵਾਰ ਵਾਰ ਸੈਨੇਟਾਈਜ਼ਰ ਕਰਨ ਬਾਅਦ। ਪਰਵਾਰ 'ਚ 8 ਬੰਦੇ ਨੇ, ਜੇਕਰ ਅੱਠਾਂ ਨੂੰ ਬਗੈਰ ਸੈਨੇਟਾਈਜ਼ਰ ਕੀਤੇ ਆਕਸੀਮੀਟਰ ਲਗਾ ਦਿਤਾ ਉਹ ਤਾਂ ਅੱਠੇ ਪਾਜ਼ੇਟਿਵ ਹੋ ਜਾਣਗੇ।

ਸਵਾਲ : ਸਰ ਅੱਜ ਤੁਸਾਂ ਕਿਸੇ ਨੂੰ ਪੰਜਾਹ ਲੱਖ ਦਾ ਇਨਾਮ, ਇਨਾਮ ਨਹੀਂ ਸੇਵਾ ਵਜੋਂ ਦਿਤੇ ਨੇ?
ਜਵਾਬ :
ਅੱਜ ਸਾਡੀ ਇਕ ਐਨਐਮ ਵਰਕਰ ਸੀ, ਪਰਮਜੀਤ ਕੌਰ, ਜ਼ਿਲ੍ਹੇ ਬਰਨਾਲੇ ਨਾਲ ਸਬੰਧਤ। ਬਰਨਾਲਾ ਦਾ ਇਕ ਹੋਰ ਵੀ ਮੁੰਡਾ ਸੀ, ਰਾਮ ਸਿੰਘ ਬਗੈਰਾ, ਉਹ ਵੀ ਸਾਡਾ ਹੈਲਥ ਵਰਕਰ ਸੀ, ਸ਼ਹੀਦ ਹੋਇਆ ਹੈ। ਡਾ. ਅਮਿਤ ਕੁਮਾਰ ਐਸਐਮਓ ਅੰਮ੍ਰਿਤਸਰ ਸ਼ਹੀਦ ਹੋਏ ਸਨ। ਅਸੀਂ 50 ਲੱਖ ਦਾ ਇੰਸ਼ੋਰੈਸ ਦਾ ਜਿਹੜਾ ਕਲੇਮ ਸੀ, 50 ਲੱਖ ਦਾ, ਉਹ ਸਾਰਿਆਂ ਦੇ ਖਾਤਿਆਂ 'ਚ ਆਲ-ਰੈਡੀ ਟਰਾਂਸਫ਼ਰਮਰ ਕਰ ਦਿਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਦਿਤੀ ਜਾਵੇਗੀ।
ਸਵਾਲ : ਸਰ, ਆਸਾ ਵਰਕਰਾਂ ਲਈ ਵੀ ਕੀਤਾ ਜਾ ਰਿਹੈ ਕੁੱਝ?
ਜਵਾਬ :
ਆਸ਼ਾ ਵਰਕਰ ਵੀ 50 ਲੱਖ 'ਚ ਕਵਰ ਹੈਗੇ ਨੇ। ਜਿਹੜਾ ਵੀ ਕੋਵਿਡ 'ਚ ਕੰਮ ਕਰ ਰਿਹੈ, ਭਾਵੇਂ ਉਹ ਆਸ਼ਾ ਵਰਕਰ ਹੈ ਜਾਂ ਕੋਈ ਹੋਰ, ਸਾਰਿਆਂ ਲਈ ਇਹ ਬਰਾਬਰ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।
ਸਵਾਲ : ਕਰੋਨਾ ਦੀ ਤਨਖਾਹ ਦਾ ਕੁੱਝ...?
ਜਵਾਬ :
ਵੇਖੋ, ਇਹ ਇਨਸੈਟਵ ਹੁੰਦੀ ਹੈ, ਇਕ ਵਾਰ ਅਸੀਂ  3 ਮਹੀਨੇ ਦਾ ਦੇ ਚੁੱਕੇ ਹਾਂ, ਹੁਣ ਦੁਬਾਰਾ ਭਲਕੇ ਹੋਣ ਵਾਲੀ ਕੈਬਨਿਟ ਮੀਟਿੰਗ 'ਚ ਇਸ ਬਾਰੇ ਮੈਂ ਫਿਰ ਗੱਲ ਕਰਾਂਗਾ, ਉਨ੍ਹਾਂ ਬਾਰੇ ਵੀ ਅਸੀਂ ਕੁੱਝ ਸੋਚਾਂਗੇ। ਵੇਖੋਂ ਜਦੋਂ ਲੜਾਈ ਲਗਦੀ ਹੈ, ਉਦੋਂ ਤਨਖ਼ਾਹਾਂ ਨਹੀਂ ਵੇਖੀਆਂ ਜਾਂਦੀਆਂ, ਸੇਵਾ ਵੇਖੀ ਜਾਂਦੀ ਹੈ। ਸਾਡੀ ਪਹਿਲ ਅਜੇ ਕਰੋਨਾ ਮਹਾਮਾਰੀ ਨਾਲ ਲੜਨ ਦੀ ਹੈ। ਇਸ ਲਈ ਸਾਡਾ ਜ਼ਿਆਦਾ ਧਿਆਨ ਉਸ ਵੱਲ ਹੋਣਾ ਚਾਹੀਦੈ।