ਤਾਮਿਲਨਾਡੂ ਵਕਫ਼ ਬੋਰਡ ਨੇ ਪੂਰੇ ਪਿੰਡ ਦੀ ਜ਼ਮੀਨ ਅਤੇ ਮੰਦਰ ’ਤੇ ਕੀਤਾ ਮਲਕੀਅਤ ਦਾ ਦਾਅਵਾ, ਮਚਿਆ ਹੜਕੰਪ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਸਤਾਵੇਜ਼ ਅਨੁਸਾਰ ਪੂਰੇ ਪਿੰਡ ਦੀ ਜ਼ਮੀਨ ਵਕਫ਼ ਬੋਰਡ ਦੀ ਹੈ ਅਤੇ ਇਸ ਦੀ ਵਿਕਰੀ ਲਈ ਵਕਫ਼ ਬੋਰਡ ਤੋਂ ਐਨਓਸੀ ਲੈਣਾ ਜ਼ਰੂਰੀ ਹੈ।

Tamil Nadu Waqf Board Claims Ownership Of Entire Hindu Village


ਚੇਨਈ: ਤਾਮਿਲਨਾਡੂ 'ਚ ਵਕਫ ਬੋਰਡ ਦੇ ਨਾਂ 'ਤੇ ਪੂਰੇ ਪਿੰਡ ਦੀ ਜ਼ਮੀਨ ਦੀ ਮਲਕੀਅਤ ਹੋਣ ਦੀ ਘਟਨਾ ਤੋਂ ਬਾਅਦ ਸੂਬੇ 'ਚ ਹੜਕੰਪ ਮਚ ਗਿਆ ਹੈ ਅਤੇ ਇਸ ਦਾਅਵੇ ਤੋਂ ਬਾਅਦ ਹਰ ਕੋਈ ਹੈਰਾਨ ਨਜ਼ਰ ਆ ਰਿਹਾ ਹੈ। ਦਰਅਸਲ ਤਾਮਿਲਨਾਡੂ ਦਾ ਤਿਰੂਚੰਤਰਾਈ ਪਿੰਡ ਹਿੰਦੂ ਬਹੁਗਿਣਤੀ ਵਾਲਾ ਇਲਾਕਾ ਹੈ ਅਤੇ ਇਸ ਪਿੰਡ ਵਿਚ ਚੰਦਰਸ਼ੇਖਰ ਸਵਾਮੀ ਦਾ 1500 ਸਾਲ ਪੁਰਾਣਾ ਮੰਦਰ ਹੈ ਅਤੇ ਇਹ ਮੰਦਰ 369 ਏਕੜ ਜ਼ਮੀਨ ਵਿਚ ਬਣਿਆ ਹੈ। ਅਜਿਹੇ 'ਚ ਸਵਾਲ ਇਹ ਉੱਠ ਰਿਹਾ ਹੈ ਕਿ ਮੰਦਰ ਦੀ ਇਸ ਜ਼ਮੀਨ ਦਾ ਵਕਫ ਬੋਰਡ ਨਾਲ ਸਬੰਧ ਕਿਵੇਂ ਹੋ ਸਕਦਾ ਹੈ।  

ਦਰਅਸਲ ਇਲਾਕੇ ਦੇ ਇਕ ਨਾਗਰਿਕ ਰਾਜਗੋਪਾਲ ਨੇ ਰਾਜੇਸ਼ਵਰੀ ਦੇਵੀ ਨੂੰ ਆਪਣੀ ਜ਼ਮੀਨ ਵੇਚਣ ਦਾ ਸੌਦਾ ਕੀਤਾ ਸੀ। ਜਦੋਂ ਉਹ ਇਸ ਕੰਮ ਲਈ ਰਜਿਸਟਰਾਰ ਦੇ ਦਫ਼ਤਰ ਪਹੁੰਚਿਆਂ ਅਤੇ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਅਰਜ਼ੀ ਦਿੱਤੀ ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਉਹਨਾਂ ਦੀ ਜ਼ਮੀਨ ਉਹਨਾਂ ਦੇ ਨਾਂ ਨਹੀਂ ਸਗੋਂ ਵਕਫ਼ ਬੋਰਡ ਦੇ ਨਾਂ 'ਤੇ ਦਿਖਾਈ ਗਈ ਹੈ। ਤਾਮਿਲਨਾਡੂ ਦੇ ਪ੍ਰਾਪਰਟੀ ਰਜਿਸਟਰਾਰ ਦੇ ਦਫ਼ਤਰ ਅਨੁਸਾਰ ਵਕਫ਼ ਬੋਰਡ ਵੱਲੋਂ ਮੁਹੱਈਆ ਕਰਵਾਏ 250 ਪੰਨਿਆਂ ਦੇ ਦਸਤਾਵੇਜ਼ ਅਨੁਸਾਰ ਪੂਰੇ ਪਿੰਡ ਦੀ ਜ਼ਮੀਨ ਵਕਫ਼ ਬੋਰਡ ਦੀ ਹੈ ਅਤੇ ਇਸ ਦੀ ਵਿਕਰੀ ਲਈ ਵਕਫ਼ ਬੋਰਡ ਤੋਂ ਐਨਓਸੀ ਲੈਣਾ ਜ਼ਰੂਰੀ ਹੈ।

ਇਸ ਬਾਰੇ ਜਦੋਂ ਰਾਜਗੋਪਾਲ ਨੂੰ ਪ੍ਰਾਪਰਟੀ ਰਜਿਸਟਰਾਰ ਦਫ਼ਤਰ ਵੱਲੋਂ ਸੂਚਿਤ ਕੀਤਾ ਗਿਆ ਤਾਂ ਉਸ ਨੇ ਆਪਣੇ ਪਿੰਡ ਦੇ ਲੋਕਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪਿੰਡ ਦੇ ਲੋਕ ਹੈਰਾਨ ਹਨ ਕਿ ਜਦੋਂ ਉਹਨਾਂ ਕੋਲ ਆਪਣੀ ਰਿਹਾਇਸ਼ੀ ਅਤੇ ਵਾਹੀਯੋਗ ਜ਼ਮੀਨ ਦੇ ਸਾਰੇ ਦਸਤਾਵੇਜ਼ ਮੌਜੂਦ ਹਨ ਤਾਂ ਵਕਫ਼ ਬੋਰਡ ਇਸ 'ਤੇ ਦਾਅਵਾ ਕਿਵੇਂ ਕਰ ਸਕਦਾ ਹੈ। ਇਹ ਮਾਮਲਾ ਜ਼ਿਲ੍ਹਾ ਕੁਲੈਕਟਰ ਦੇ ਧਿਆਨ ਵਿਚ ਲਿਆਂਦਾ ਗਿਆ ਅਤੇ ਉਹਨਾਂ ਨੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ।

ਵਕਫ਼ ਬੋਰਡ ਦੇ ਦਾਅਵੇ ਮੁਤਾਬਕ ਤਿਰੂਚੰਤਰਾਈ ਤੋਂ ਇਲਾਵਾ ਕਾਦੀਯਾਕੁਰੀਚੀ ਪਿੰਡ ਦੀ ਜ਼ਮੀਨ ਵੀ ਵਕਫ਼ ਬੋਰਡ ਦੀ ਹੈ। ਇਹਨਾਂ ਦੋਵਾਂ ਪਿੰਡਾਂ ਦੀ ਜ਼ਮੀਨ ਤੋਂ ਇਲਾਵਾ ਵਕਫ਼ ਬੋਰਡ ਨੇ ਚੇਨਈ ਅਤੇ ਆਸ-ਪਾਸ ਦੇ ਕਈ ਇਲਾਕਿਆਂ ਵਿਚ ਆਪਣੀ ਜ਼ਮੀਨ ਦਾ ਦਾਅਵਾ ਕੀਤਾ ਹੈ।