ਕਲਾਸਰੂਮ 'ਚ ਪੜ੍ਹਾ ਰਹੇ ਪ੍ਰਿੰਸੀਪਲ ਦੀ ਵਿਦਿਆਰਥੀਆਂ ਸਾਹਮਣੇ ਗਲਾ ਵੱਢ ਕੇ ਕੀਤੀ ਹੱਤਿਆ
ਇੱਥੇ ਛੇ ਲੋਕਾਂ ਦੇ ਗੈਂਗ ਨੇ ਇਕ ਸਕੂਲ ਦੇ ਪ੍ਰਿੰਸੀਪਲ ਦੀ 20 ਵਿਦਿਆਰਥੀਆਂ ਦੇ ਸਾਹਮਣੇ ਧਾਰਦਾਰ ਹਥਿਆਰ ਨਾਲ ਹੱਤਿਆ ਕਰ ਦਿਤੀ। ਘਟਨਾ ਦੇ ਸਮੇਂ ਪ੍ਰਿੰਸੀਪਲ ਜਮਾਤ ...
ਬੇਂਗਲੁਰੂ (ਭਾਸ਼ਾ) : ਇੱਥੇ ਛੇ ਲੋਕਾਂ ਦੇ ਗੈਂਗ ਨੇ ਇਕ ਸਕੂਲ ਦੇ ਪ੍ਰਿੰਸੀਪਲ ਦੀ 20 ਵਿਦਿਆਰਥੀਆਂ ਦੇ ਸਾਹਮਣੇ ਧਾਰਦਾਰ ਹਥਿਆਰ ਨਾਲ ਹੱਤਿਆ ਕਰ ਦਿਤੀ। ਘਟਨਾ ਦੇ ਸਮੇਂ ਪ੍ਰਿੰਸੀਪਲ ਜਮਾਤ ਵਿਚ ਪੜ੍ਹਾ ਰਹੇ ਸਨ। ਪੁਲਿਸ ਨੇ ਦੱਸਿਆ ਕਿ ਅਗਰਹਾਰਾ ਦਸਰਹੱਲੀ ਉਪਨਗਰ ਵਿਚ ਹਵਾਨੁਰ ਪਬਲਿਕ ਸਕੂਲ ਦੇ ਪ੍ਰਿੰਸੀਪਲ ਰੰਗਨਾਥ (60) 10ਵੀ ਦੇ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਸਨ। ਉਦੋਂ ਗੈਂਗ ਜਮਾਤ ਵਿਚ ਘੁਸੇ ਅਤੇ ਉਨ੍ਹਾਂ ਦੀ ਧਾਰਦਾਰ ਹਥਿਆਰ ਨਾਲ ਹੱਤਿਆ ਕਰ ਦਿਤੀ। ਹਮਲਾਵਰਾਂ ਨੇ ਪ੍ਰਿੰਸੀਪਲ ਦਾ ਗਲਾ ਵੱਢਣ ਦੇ ਨਾਲ ਸਰੀਰ ਦੇ ਹੋਰ ਹਿੱਸਿਆਂ ਨੂੰ ਵੀ ਲਹੂ ਲੁਹਾਨ ਕਰ ਦਿਤਾ ਹੈ।
ਪੁਲਿਸ ਨੇ ਦੱਸਿਆ ਕਿ ਬਾਅਦ ਵਿਚ ਉਹ ਇਕ ਕਾਰ ਵਿਚ ਫਰਾਰ ਹੋ ਗਏ। ਇਕ ਖੁਫ਼ੀਆ ਸੂਚਨਾ ਦੇ ਆਧਾਰ ਉੱਤੇ ਗੈਂਗ ਦੇ ਇਕ ਮੈਂਬਰ ਨੂੰ ਬਾਅਦ ਵਿਚ ਮਹਾਲਕਸ਼ਮੀ ਇਲਾਕੇ ਤੋਂ ਫੜ ਲਿਆ ਗਿਆ। ਉਸ ਨੇ ਪੁਲਿਸ ਉੱਤੇ ਹਮਲਾ ਕੀਤਾ, ਜਿਸ ਤੋਂ ਬਾਅਦ ਪੁਲਿਸ ਦੀ ਗੋਲੀ ਨਾਲ ਉਸ ਦੇ ਪੈਰ ਵਿਚ ਚੋਟ ਆਈ। ਬਾਅਦ ਵਿਚ ਉਸ ਨੂੰ ਹਸਪਤਾਲ ਲੈ ਜਾਇਆ ਗਿਆ ਅਤੇ ਇਲਾਜ ਕੀਤਾ ਗਿਆ। ਪੁਲਿਸ ਨੂੰ ਸ਼ੱਕ ਹੈ ਕਿ ਇਸ ਹੱਤਿਆ ਦੇ ਪਿੱਛੇ ਸਕੂਲ ਦੀ ਇਮਾਰਤ ਨਾਲ ਜੁੜੀ ਭੂਮੀ ਵਿਵਾਦ ਵਜ੍ਹਾ ਹੋ ਸਕਦਾ ਹੈ।
ਹੱਤਿਆ ਦੀ ਇਸ ਘਟਨਾ ਨਾਲ ਵਿਦਿਆਰਥੀ ਸਹਮੇ ਹੋਏ ਹਨ, ਨਾਲ ਹੀ ਪ੍ਰਿੰਸੀਪਲ ਦੇ ਪਰਵਾਰ ਵਿਚ ਵੀ ਸੋਗ ਦਾ ਮਾਹੌਲ ਛਾਇਆ ਹੋਇਆ ਹੈ। ਪੁਲਿਸ ਪੁੱਛਗਿਛ ਵਿਚ ਪਰਵਾਰ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਵਿਚ ਹੀ ਨਹੀਂ ਆ ਰਿਹਾ ਹੈ ਕਿ ਕਿਸ ਨੇ ਇਹ ਹੱਤਿਆ ਕੀਤੀ ਹੈ। ਪੁਲਿਸ ਨੇ ਲਾਸ਼ ਦਾ ਪੋਸਟ ਮਾਰਟਮ ਕਰਾਉਣ ਤੋਂ ਬਾਅਦ ਪਰਵਾਰ ਵਾਲਿਆਂ ਨੂੰ ਸੌਂਪ ਦਿਤਾ ਹੈ।
ਇਸ ਤੋਂ ਇਲਾਵਾ ਪਰਵਾਰ ਵਾਲਿਆਂ ਦੇ ਵੀ ਬਿਆਨ ਦਰਜ ਕਰ ਲਏ ਗਏ ਹਨ। ਸਕੂਲੀ ਬੱਚਿਆਂ ਤੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਤੋਂ ਬਾਅਦ ਪੁਲਿਸ ਦਾ ਮੰਨਣਾ ਹੈ ਕਿ ਇਹ ਆਪਸੀ ਰੰਜਸ਼ ਦਾ ਮਾਮਲਾ ਲੱਗ ਰਿਹਾ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਕਿਸੇ ਸਿੱਟੇ ਉੱਤੇ ਪਹੁੰਚਿਆ ਜਾ ਸਕਦਾ ਹੈ।