ਪਹਿਲਾਂ ਜੈੱਟ ਏਅਰਵੇਜ਼ 'ਚੋਂ ਗਈ ਨੌਕਰੀ, ਫਿਰ ਪੀਐਮਸੀ 'ਚ ਫਸੇ 90 ਲੱਖ ਤੇ ਹੁਣ ਮੌਤ
ਸੰਜੇ ਕੋਰਟ ਦੇ ਬਾਹਰ ਪ੍ਰਦਰਸ਼ਨ ਵਿਚ ਸ਼ਾਮਲ ਸੀ ਪਰ ਦੁਪਹਿਰ ਨੂੰ ਜਦੋਂ ਉਹ ਘਰ ਵਾਪਸ ਆਇਆ ਤਾਂ ਉਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ
ਮੁੰਬਈ- ਪੰਜਾਬ ਅਤੇ ਮਹਾਰਾਸ਼ਟਰ ਕੋ-ਆਪ੍ਰੇਟਿਵ ਬੈਂਕ ਘੁਟਾਲੇ ਦੇ ਪੀੜਤ ਖਾਤਾਧਾਰਕਾਂ ਵਿਚੋਂ ਇਕ ਸੰਜੇ ਗੁਲਾਟੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਸੰਜੇ ਦੇ ਪਰਵਾਰ ਦੇ 90 ਲੱਖ ਰੁਪਏ ਪੀਐਮਸੀ ਬੈਂਕ ਵਿਚ ਪਏ ਸਨ। ਸੰਜੈ ਦੀ ਪਹਿਲਾਂ ਜੈੱਟ ਏਅਰਵੇਜ਼ 'ਚੋਂ ਨੌਕਰੀ ਚਲੀ ਗਈ ਸੀ ਅਤੇ ਹੁਣ ਸਾਰੀ ਜਮ੍ਹਾਂ ਪੂੰਜੀ ਬੈਂਕ ਵਿਚ ਫਸ ਗਈ ਹੈ ਜਿਸ ਦਾ ਸਦਮਾ ਉਹ ਬਰਦਾਸ਼ਤ ਨਹੀਂ ਕਰ ਸਕੇ।
ਸੰਜੇ ਕੋਰਟ ਦੇ ਬਾਹਰ ਪ੍ਰਦਰਸ਼ਨ ਵਿਚ ਸ਼ਾਮਲ ਸੀ ਪਰ ਦੁਪਹਿਰ ਨੂੰ ਜਦੋਂ ਉਹ ਘਰ ਵਾਪਸ ਆਇਆ ਤਾਂ ਉਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਦੂਜੇ ਪਾਸੇ, ਭਾਰਤੀ ਰਿਜ਼ਰਵ ਬੈਂਕ ਨੇ ਘੋਟਾਲੇ ਵਿਚ ਘਿਰੇ ਪੰਜਾਬ ਅਤੇ ਮਹਾਰਾਸ਼ਟਰ ਕੋ-ਆਪ੍ਰਟਿਵ ਬੈਂਕ ਦੇ ਬਚਤ ਖਾਤਾ ਧਾਰਕਾਂ ਲਈ ਛੇ ਮਹੀਨਿਆਂ ਵਿਚ ਪੈਸੇ ਕਢਵਾਉਣ ਦੀ ਸੀਮਾ 25,000 ਰੁਪਏ ਤੋਂ ਵਧਾ ਕੇ 40,000 ਰੁਪਏ ਕਰ ਦਿੱਤੀ ਹੈ। ਇਹ ਤੀਜੀ ਵਾਰ ਹੈ ਜਦੋਂ ਰਿਜ਼ਰਵ ਬੈਂਕ ਨੇ ਪੀਐਮਸੀ ਗਾਹਕਾਂ ਲਈ ਪ੍ਰਤੀ ਖਾਤੇ ਦੀ ਪੈਸੇ ਕਢਵਾਉਣ ਦੀ ਸੀਮਾ ਵਧਾ ਦਿੱਤੀ ਹੈ।
ਕੇਂਦਰੀ ਬੈਂਕ ਨੇ 23 ਸਤੰਬਰ ਨੂੰ ਪੀਐਮਸੀ ਬੈਂਕ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਸਨ। ਇਸ ਦੇ ਨਾਲ ਹੀ, ਛੇ ਮਹੀਨਿਆਂ ਵਿਚ ਪ੍ਰਤੀ ਗਾਹਕ ਸਿਰਫ਼ 1000 ਰੁਪਏ ਦੀ ਪੈਸੇ ਕਢਵਾਉਣ ਦੀ ਸੀਮਾ ਨਿਰਧਾਰਤ ਕੀਤੀ ਗਈ ਸੀ। ਕੇਂਦਰੀ ਬੈਂਕ ਦੇ ਫੈਸਲੇ ਦੀ ਸਖ਼ਤ ਅਲੋਚਨਾ ਕੀਤੀ ਗਈ। ਕੇਂਦਰੀ ਬੈਂਕ ਨੇ ਇਕ ਬਿਆਨ ਵਿਚ ਕਿਹਾ ਕਿ ਬੈਂਕ ਦੀ ਨਕਦ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਇਸ ਸੀਮਾ ਨੂੰ ਵਧਾ ਕੇ 40,000 ਰੁਪਏ ਕੀਤਾ ਜਾ ਰਿਹਾ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਇਸ ਕਦਮ ਤੋਂ ਬਾਅਦ ਪੀਐਮਸੀ ਬੈਂਕ ਦੇ ਲਗਭਗ 77 ਪ੍ਰਤੀਸ਼ਤ ਜਮ੍ਹਾਂਕਰਤਾ ਆਪਣੇ ਖਾਤੇ ਵਿਚੋਂ ਸਾਰੀ ਜਮ੍ਹਾਂ ਰਕਮ ਵਾਪਸ ਲੈ ਸਕਣਗੇ।