ਪਾਰਕ ’ਚ ਘੁੰਮਣ ਗਏ ਸੈਲਾਨੀਆਂ ਦੇ ਪਿੱਛੇ ਭੱਜਿਆ ਬੱਬਰ ਸ਼ੇਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਖ਼ਤਰੇ ’ਚ ਪਏ ਸੈਲਾਨੀਆਂ ਨੇ ਗੱਡੀ ਭਜਾ ਕੇ ਮਸਾਂ ਬਚਾਈ ਜਾਨ

Tourists visiting the park

ਕਰਨਾਟਕਾ: ਕਰਨਾਟਕਾ ਦੇ ਅਟਲ ਬਿਹਾਰੀ ਵਾਜਪਾਈ ਜਿਓਲੋਜੀਕਲ ਪਾਰਕ ਵਿਚ ਕੁੱਝ ਸੈਲਾਨੀਆਂ ਦੀ ਜਾਨ ਉਸ ਸਮੇਂ ਖ਼ਤਰੇ ਵਿਚ ਪੈ ਗਈ ਜਦੋਂ ਪਾਰਕ ਦੀ ਇਕ ਰਾਈਡ ਦੌਰਾਨ ਇਕ ਬੱਬਰ ਸ਼ੇਰ ਉਨ੍ਹਾਂ ਦੇ ਪਿੱਛੇ ਪੈ ਗਿਆ। ਬੱਬਰ ਸ਼ੇਰ ਦੀ ਇਸ ਹਰਕਤ ਨਾਲ ਸੈਲਾਨੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਉਨ੍ਹਾਂ ਨੇ ਅਪਣੀ ਗੱਡੀ ਭਜਾ ਲਈ ਪਰ ਸ਼ੇਰ ਫਿਰ ਵੀ ਕਾਫ਼ੀ ਦੇਰ ਤੱਕ ਉਨ੍ਹਾਂ ਦੀ ਗੱਡੀ ਦਾ ਪਿੱਛਾ ਕਰਦਾ ਰਿਹਾ।

ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਸ਼ੇਰ ਕੋਲੋਂ ਕਾਫ਼ੀ ਦੂਰ ਨਿਕਲਣ ਤੋਂ ਬਾਅਦ ਜਦੋਂ ਸੈਲਾਨੀ ਅਪਣੀ ਗੱਡੀ ਰੋਕ ਲੈਂਦੇ ਨੇ ਤਾਂ ਬੱਬਰ ਸ਼ੇਰ ਅਜੇ ਵੀ ਉਨ੍ਹਾਂ ਦੀ ਗੱਡੀ ਦੇ ਪਿੱਛੇ ਭੱਜਿਆ ਆ ਰਿਹਾ ਹੁੰਦੇ ਹਨ। ਇਸ ਘਟਨਾ ਨੂੰ ਇਕ ਸੈਲਾਨੀ ਨੇ ਅਪਣੇ ਕੈਮਰੇ ਵਿਚ ਕੈਦ ਕਰ ਲਿਆ, ਹੁਣ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਕਿਸੇ ਚਿੜੀਆਘਰ ਜਾਂ ਪਾਰਕ ਵਿਚ ਵਾਪਰੀ ਇਹ ਕੋਈ ਪਹਿਲੀ ਘਟਨਾ ਨਹੀਂ..ਇਸ ਤੋਂ ਪਹਿਲਾਂ ਵੀ ਅਨੇਕਾਂ ਵਾਰ ਸ਼ੇਰ ਵੱਲੋਂ ਹਮਲਾ ਕਰਨ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ।

ਕੁੱਝ ਮਹੀਨੇ ਪਹਿਲਾਂ ਪੰਜਾਬ ਦੇ ਛੱਤਬੀੜ ਚਿੜੀਆਘਰ ਵਿਚ ਵੀ ਅਜਿਹੀ ਘਟਨਾ ਵਾਪਰੀ ਸੀ, ਜਦੋਂ ਇਕ ਵਿਅਕਤੀ ਸ਼ੇਰ ਦੇ ਬਾੜੇ ਵਿਚ ਦਾਖ਼ਲ ਹੋ ਗਿਆ ਸੀ ਅਤੇ ਸ਼ੇਰ ਨੇ ਉਸ ਨੂੰ ਹਮਲਾ ਕਰਕੇ ਜਾਨੋਂ ਮਾਰ ਦਿੱਤਾ ਸੀ। ਇਸ ਤੋਂ ਕਈ ਸਾਲ ਪਹਿਲਾਂ ਦਿੱਲੀ ਦੇ ਚਿੜੀਆਘਰ ਵਿਚ ਵੀ ਸ਼ੇਰ ਦੇ ਬਾੜੇ ਵਿਚ ਇਕ ਮੁੰਡਾ ਡਿੱਗ ਪਿਆ ਸੀ, ਜਿਸ ਨੂੰ ਸ਼ੇਰ ਨੇ ਹਮਲਾ ਕਰਕੇ ਜਾਨੋਂ ਮਾਰ ਦਿੱਤਾ ਸੀ।  ਉਸ ਘਟਨਾ ਦਾ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਇਆ ਸੀ।

ਇਸ ਦੇ ਨਾਲ ਹੀ ਕੁੱਝ ਦਿਨ ਪਹਿਲਾਂ ਨਿਊਯਾਰਕ ਦੇ ਇਕ ਚਿੜੀਆਘਰ ਦੀ ਵੀਡੀਓ ਸਾਹਮਣੇ ਆਈ ਸੀ, ਜਿਸ ਵਿਚ ਇਕ ਅਮਰੀਕੀ ਔਰਤ ਸ਼ੇਰ ਦੇ ਬਾੜੇ ਵਿਚ ਦਾਖ਼ਲ ਹੋ ਗਈ ਸੀ ਅਤੇ ਉਸ ਦੇ ਸਾਹਮਣੇ ਖੜ੍ਹ ਕੇ ਉਸ ਨੂੰ ਉਕਸਾਉਣ ਲੱਗ ਗਈ ਸੀ। ਦੱਸ ਦਈਏ ਕਿ ਜੰਗਲੀ ਜਾਨਵਰਾਂ ਵੱਲੋਂ ਇਸ ਤਰ੍ਹਾਂ ਮਨੁੱਖ ’ਤੇ ਹਮਲੇ ਕਰਨ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹੈ, ਜਿਸ ਤੋਂ ਸਾਫ਼ ਜ਼ਾਹਰ ਹੁੰਦੈ ਕਿ ਜਾਨਵਰ ਮਨੁੱਖ ਦੀਆਂ ਹਰਕਤਾਂ ਤੋਂ ਤੰਗ ਆ ਚੁੱਕੇ ਨੇ.. ਉਹ ਕਿਤੇ ਵੀ ਅਪਣੀ ਮਰਜ਼ੀ ਨਾਲ ਨਹੀਂ ਰਹਿ ਸਕਦੇ, ਹਰ ਸਮੇਂ ਉਨ੍ਹਾਂ ਨੂੰ ਮਨੁੱਖ ਦੀ ਛੇੜਛਾੜ ਦਾ ਸਾਹਮਣਾ ਕਰਨਾ ਪੈ ਰਿਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।