ਡਾ. ਅਬਦੁਲ ਕਲਾਮ ਦਾ ਜਨਮ ਦਿਨ ਅੱਜ, PM ਮੋਦੀ ਸਮੇਤ ਪੂਰੇ ਦੇਸ਼ ਨੇ 'ਮਿਜ਼ਾਈਲ ਮੈਨ' ਨੂੰ ਕੀਤਾ ਯਾਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਉਹਨਾਂ ਦੀ ਜੀਵਨ ਯਾਤਰਾ ਲੱਖਾਂ ਲੋਕਾਂ ਨੂੰ ਤਾਕਤ ਦਿੰਦੀ ਹੈ

Dr. APJ Abdul Kalam

ਨਵੀਂ ਦਿੱਲੀ: ਦੇਸ਼ ਦੇ 11ਵੇਂ ਰਾਸ਼ਟਰਪਤੀ ਅਤੇ ਮਹਾਨ ਵਿਗਿਆਨੀ ਡਾਕਟਰ ਏਪੀਜੇ ਅਬਦੁਲ ਕਲਾਮ ਦੇ ਜਨਮ ਦਿਨ ਮੌਕੇ ਅੱਜ ਪੂਰਾ ਦੇਸ਼ ਉਹਨਾਂ ਨੂੰ ਯਾਦ ਕਰ ਰਿਹਾ ਹੈ। ਉਹਨਾਂ ਨੂੰ ਭਾਰਤ ਦਾ 'ਮਿਜ਼ਾਈਲ ਮੈਨ' ਵੀ ਕਿਹਾ ਜਾਂਦਾ ਹੈ। ਡਾਕਟਰ ਏਪੀਜੇ ਅਬਦੁਲ ਕਲਾਮ ਦਾ ਜਨਮ 15 ਅਕਤੂਰ 1931 ਨੂੰ ਹੋਇਆ ਸੀ।

ਉਹਨਾਂ ਦੇ ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਇਲਾਵਾ ਦੇਸ਼ ਦੀਆਂ ਗਈ ਦਿੱਗਜ਼ ਹਸਤੀਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। 

 

 

ਤੁਹਾਡੇ ਯੋਗਦਾਨ ਨੂੰ ਦੇਸ਼ ਕਦੀ ਨਹੀਂ ਭੁਲਾ ਸਕੇਗਾ-ਪੀਐਮ ਮੋਦੀ

ਡਾਕਟਰ ਕਲਾਮ ਦੇ ਜਨਮ ਦਿਨ 'ਤੇ ਟਵੀਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ, 'ਡਾਕਟਰ ਕਲਾਮ ਨੂੰ ਉਹਨਾਂ ਦੇ ਜਨਮ ਦਿਨ 'ਤੇ ਸ਼ਰਧਾਂਜਲੀ। ਭਾਰਤ ਰਾਸ਼ਟਰੀ ਵਿਕਾਸ ਦੇ ਪ੍ਰਤੀ ਉਹਨਾਂ ਦੇ ਅਮਿਟ ਯੋਗਦਾਨ ਨੂੰ ਕਦੀ ਨਹੀਂ ਭੁੱਲ ਸਕਦਾ, ਚਾਹੇ ਉਹ ਇਕ ਵਿਗਿਆਨਕ ਜਾਂ ਫਿਰ ਭਾਰਤ ਦੇ ਰਾਸ਼ਟਰਪਤੀ ਦੇ ਤੌਰ 'ਤੇ ਰਿਹਾ ਹੋਵੇ। ਉਹਨਾਂ ਦੀ ਜੀਵਨ ਯਾਤਰਾ ਲੱਖਾਂ ਲੋਕਾਂ ਨੂੰ ਤਾਕਤ ਦਿੰਦੀ ਹੈ'।

 

 

ਵਿਗਿਆਨ ਅਤੇ ਸਿੱਖਿਆ ਵਿਚ ਉਹਨਾਂ ਦਾ ਯੋਗਦਾਨ ਸਾਰਿਆਂ ਲਈ ਪ੍ਰੇਰਣਾਦਾਈ- ਅਮਿਤ ਸ਼ਾਹ 

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਮਿਤ ਸ਼ਾਹ ਨੇ ਟਵੀਟ ਕਰਦਿਆਂ ਕਿਹਾ, 'ਡਾਕਟਰ ਏਪੀਜੇ ਅਬਦੁਲ ਕਲਾਮ ਨੂੰ ਉਹਨਾਂ ਦੇ ਜਨਮ ਦਿਨ ਮੌਕੇ ਨਮਨ। ਇਕ ਦੂਰਦਰਸ਼ੀ ਨੇਤਾ, ਭਾਰਤ ਦੇ ਸਪੇਸ ਅਤੇ ਮਿਸਾਇਲ ਪ੍ਰੋਗਰਾਮ ਨੂੰ ਬਣਾਉਣ ਵਾਲੇ, ਜੋ ਹਮੇਸ਼ਾਂ ਹੀ ਇਕ ਮਜ਼ਬੂਤ ਅਤੇ ਆਤਮ ਨਿਰਭਰ ਭਾਰਤ ਬਣਾਉਣਾ ਚਾਹੁੰਦੇ ਸੀ। ਵਿਗਿਆਨ ਅਤੇ ਸਿੱਖਿਆ ਵਿਚ ਉਹਨਾਂ ਦਾ ਯੋਗਦਾਨ ਸਾਰਿਆਂ ਲਈ ਪ੍ਰੇਰਣਾਦਾਇਕ ਹੈ'। 

 

 

ਆਉਣ ਵਾਲੀਆਂ ਪੀੜੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ ਡਾ. ਕਲਾਮ- ਰਾਜਨਾਥ ਸਿੰਘ

ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲਿਖਿਆ, ''ਡਾਕਟਰ ਏਪੀਜੇ ਅਬਦੁਲ ਕਲਾਮ ਨੂੰ ਉਹਨਾਂ ਦੇ ਜਨਮ ਦਿਨ ਮੌਕੇ ਨਮਨ। ਨਵੇਂ ਅਤੇ ਮਜ਼ਬੂਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਵਚਨਬੱਧ ਕਲਾਮ ਸਾਹਿਬ ਨੇ ਅਪਣਾ ਪੂਰਾ ਜੀਵਨ ਭਾਰਤ ਦੇ ਭਵਿੱਖ ਦੇ ਨਿਰਮਾਣ ਲਈ ਸਮਰਪਿਤ ਕਰ ਦਿੱਤਾ। ਉਹ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ।