ਮਦਰ ਡੇਅਰੀ ਨੇ ਵੀ ਵਧਾਇਆ ਦੁੱਧ ਦਾ ਭਾਅ, ਫੁੱਲ ਕਰੀਮ ਅਤੇ ਗਾਂ ਦੇ ਦੁੱਧ ਵਿਚ ਕੀਤਾ 2 ਰੁਪਏ ਦਾ ਇਜ਼ਾਫ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਜ ਰਾਤ 12 ਵਜੇ ਤੋਂ ਲਾਗੂ ਹੋਵੇਗੀ ਵਧੀ ਹੋਈ ਕੀਮਤ

Mother Dairy hiked prices of full cream milk and cow milk by ₹2 per litre

ਨਵੀਂ ਦਿੱਲੀ : ਅਮੂਲ ਤੋਂ ਬਾਅਦ ਮਦਰ ਡੇਅਰੀ ਨੇ ਦਿੱਲੀ-ਐਨਸੀਆਰ ਵਿੱਚ ਫੁੱਲ ਕਰੀਮ ਦੁੱਧ ਅਤੇ ਗਾਂ ਦੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਮਦਰ ਡੇਅਰੀ ਨੇ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਮਦਰ ਡੇਅਰੀ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਕਿਹਾ ਕਿ ਅਸੀਂ ਸਿਰਫ ਫੁੱਲ ਕਰੀਮ ਅਤੇ ਗਾਂ ਦੇ ਦੁੱਧ ਦੇ ਵੇਰੀਐਂਟਸ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਾਧਾ ਕਰ ਰਹੇ ਹਾਂ।

ਕੀਮਤਾਂ ਵਿੱਚ ਵਾਧਾ 16 ਅਕਤੂਬਰ 2022 ਯਾਨੀ ਅੱਜ ਰਾਤ 12 ਵਜੇ ਤੋਂ ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਭਾਰਤ ਦੀ ਮਸ਼ਹੂਰ ਡੇਅਰੀ ਕੰਪਨੀ ਅਮੂਲ ਨੇ ਫੁੱਲ ਕਰੀਮ ਅਤੇ ਮੱਝ ਦੇ ਦੁੱਧ ਦੀ ਕੀਮਤ ਵਿੱਚ ਇਜ਼ਾਫ਼ਾ ਕੀਤਾ ਸੀ। ਜਾਣਕਾਰੀ ਮੁਤਾਬਕ ਹੁਣ ਅਮੂਲ ਦਾ ਫੁੱਲ ਕਰੀਮ ਦੁੱਧ 62 ਦੀ ਬਜਾਏ 64 ਰੁਪਏ ਪ੍ਰਤੀ ਲੀਟਰ ਮਿਲੇਗਾ।

ਅਮੂਲ ਦੇ ਫੁੱਲ ਕਰੀਮ ਦੁੱਧ ਦੀਆਂ ਵਧੀਆਂ ਕੀਮਤਾਂ ਬਾਰੇ, ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ ਦੇ ਐਮਡੀ ਆਰ ਐਸ ਸੋਢੀ ਨੇ ਕਿਹਾ ਹੈ ਕਿ ਅਮੂਲ ਨੇ ਗੁਜਰਾਤ ਨੂੰ ਛੱਡ ਕੇ ਸਾਰੇ ਰਾਜਾਂ ਵਿੱਚ ਫੁੱਲ ਕਰੀਮ ਦੁੱਧ ਅਤੇ ਮੱਝ ਦੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।