ਮੁਜ਼ਫੱਰਪੁਰ ਕਾਂਡ 'ਚ ਫ਼ਰਾਰ ਮੰਜੂ ਵਰਮਾ ਨਿਤੀਸ਼ ਦੀ ਪਾਰਟੀ ਤੋਂ ਮੁਅੱਤਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਿਹਾਰ ਦੀ ਸਾਬਕਾ ਸਮਾਜ ਭਲਾਈ ਮੰਤਰੀ ਮੰਜੂ ਵਰਮਾ ਨੂੰ ਜਨਤਾ ਦਲ ਯੂਨਾਈਟੇਡ ( ਜੇਡੀਯੂ ) ਤੋਂ ਮੁਅੱਤਲ ਕਰ ਦਿਤਾ ਗਿਆ ਹੈ।

Manju Verma

ਮੁਜ਼ਫੱਰਪੁਰ, ( ਪੀਟੀਆਈ ) : ਬਿਹਾਰ ਦੀ ਸਾਬਕਾ ਸਮਾਜ ਭਲਾਈ ਮੰਤਰੀ ਮੰਜੂ ਵਰਮਾ ਨੂੰ ਜਨਤਾ ਦਲ ਯੂਨਾਈਟੇਡ ( ਜੇਡੀਯੂ) ਤੋਂ ਮੁਅੱਤਲ ਕਰ ਦਿਤਾ ਗਿਆ ਹੈ। ਉਹ ਮੁਜ਼ਫੱਰਪੁਰ ਬਾਲਿਕਾ ਆਸਰਾ ਘਰ ਕਾਂਡ ਵਿਚ ਦੋਸ਼ੀ ਹੈ ਅਤੇ ਬਹੁਤ ਦਿਨਾਂ ਤੋਂ ਫਰਾਰ ਚਲ ਰਹੀ ਹੈ। ਪਿਛਲੇ ਦਿਨੀ ਉਨ੍ਹਾਂ ਦੀ ਗ੍ਰਿਫਤਾਰੀ ਨਾ ਹੋਣ ਤੇ ਸੁਪਰੀਮ ਕੋਰਟ ਨੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਸੀ ਅਤੇ ਨਾਲ ਹੀ ਡੀਜੀਪੀ ਨੂੰ ਤਲਬ ਕੀਤਾ ਸੀ।

ਮੰਜੂ ਵਰਮਾ ਦੀ ਗ੍ਰਿਫਤਾਰੀ ਲਈ ਬਿਹਾਰ ਪੁਲਿਸ ਦੀ ਟੀਮ ਬਿਹਾਰ ਅਤੇ ਝਾਰਖੰਡ ਦੇ ਕਈ ਠਿਕਾਣਿਆਂ ਤੇ ਲਗਾਤਾਰ ਜਾਂਚ ਕਰ ਰਹੀ ਹੈ ਪਰ ਹੁਣ ਤੱਕ ਉਸ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ ਦੱਸ ਦਈਏ ਕਿ ਬੀਤੇ ਦਿਨੀ ਇਸ ਮਾਮਲੇ ਵਿਚ ਜਾਂਚ ਲਈ ਸੀਬੀਆਈ ਨੂੰ ਛਾਪੇਮਾਰੀ ਦੌਰਾਨ ਮੰਜੂ ਵਰਮਾ ਦੇ ਚੇਰਿਆ ਬਰਿਆਰਪੁਰ ਸਥਿਤ ਘਰ ਤੋਂ ਹਥਿਆਰ ਮਿਲੇ ਸਨ। ਜਨਤਾ ਦਲ ਯੂਨਾਈਟੇਡ ਦੇ ਮੁਖੀ ਨਿਤੀਸ਼ ਕੁਮਾਰ ਹਨ।

ਮੁਜ਼ਫੱਰਪੁਰ ਬਾਲਿਕਾ ਆਸਰਾ ਘਰ ਕੁਕਰਮਕਾਂਡ ਦੌਰਾਨ 34 ਬੱਚੀਆਂ ਦੇ ਨਾਲ ਕੁਕਰਮ ਦੀ ਪੁਸ਼ਟੀ ਹੋਈ ਸੀ। ਇਸ ਮਾਮਲੇ ਵਿਚ ਮੁਖ ਦੋਸ਼ੀ ਅਤੇ ਆਸਰਾ ਘਰ ਦੇ ਸੰਚਾਲਕ ਬ੍ਰਿਜੇਸ਼ ਕੁਮਾਰ ਦੇ ਨਾਲ ਮੰਜੂ ਵਰਮਾ ਦੇ ਪਤੀ ਚੰਦਰਸ਼ੇਖਰ ਵਰਮਾ ਦੇ ਗੂੜੇ ਸੰਬਧਾਂ ਦਾ ਪਤਾ ਲਗਿਆ ਸੀ। ਬ੍ਰਿਜੇਸ਼ ਕੁਮਾਰ ਦੇ ਫੋਨ ਦੇ ਵੇਰਵਿਆਂ ਵਿਚ ਮੰਤਰੀ ਪਤੀ ਦੇ ਸੰਪਰਕ ਵਿਚ ਹੋਣ ਦੀ ਗੱਲ ਸਾਬਤ ਹੋਈ ਸੀ।

ਉਸ ਵੇਲੇ ਮੰਜੂ ਵਰਮਾ ਨੂੰ ਅਸਤੀਫਾ ਦੇਣਾ ਪਿਆ ਸੀ। ਮੰਜੂ ਦਾ ਪਤੀ ਚੰਦਰਸ਼ੇਖਰ ਵਰਮਾ ਪਹਿਲਾਂ ਹੀ ਕੋਰਟ ਵਿਚ ਸਪੁਰਦਗੀ ਕਰ ਚੁੱਕਾ ਹੈ। ਹੁਣ ਮੰਨਿਆ ਜਾ ਰਿਹਾ ਹੈ ਕਿ ਮੰਜੂ ਵਰਮਾ ਵੀ ਸਪੁਰਦਗੀ ਕਰ ਦੇਵੇਗੀ ਕਿਉਂਕਿ ਪਾਰਟੀ ਅਤੇ ਪ੍ਰਸ਼ਾਸਨ ਦੋਹਾਂ ਪਾਸੇ ਤੋਂ ਦਬਾਅ ਵੱਧ ਗਿਆ ਹੈ।